ਦੀਵਾਲੀ: ਚਾਨਣ ਵੰਡਣ ਵਾਲਿਆਂ ਦੇ ਘਰ ‘ਹਨੇਰਾ’
ਮਹਿੰਦਰ ਸਿੰਘ ਰੱਤੀਆਂ
ਮੋਗਾ, 27 ਅਕਤੂਬਰ
ਮਿੱਟੀ ਦੇ ਦੀਵੇ ਤੇ ਹੋਰ ਭਾਂਡੇ ਬਣਾਉਣ ਦਾ ਕੰਮ ਅੱਜ ਬਿਜਲਈ ਅਤੇ ਮਸ਼ੀਨੀ ਉਤਪਾਦਾਂ ਕਾਰਨ ਖ਼ਤਮ ਹੋਣ ਕੰਢੇ ਹੈ। ਇਸ ਵੇਲੇ ਦੀਵਾਲੀ ਲਈ ਦੀਵੇ ਬਣਾਉਣ ਦਾ ਕੰਮ ਜ਼ੋਰਾਂ ਉੱਤੇ ਹੈ ਪਰ ਲੋਕਾਂ ਦੇ ਘਰਾਂ ’ਚ ਰੋਸ਼ਨੀ ਕਰਨ ਵਾਲੇ ਇਨ੍ਹਾਂ ਕਾਰੀਗਰਾਂ ਦੇ ਆਪਣੇ ਘਰਾਂ ’ਚ ਹਨੇਰਾ ਹੈ। ਇਥੇ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਕਾਰੀਗਰਾਂ ਸੱਤਪਾਲ ਤੇ ਹੋਰਨਾਂ ਨੇ ਦੱਸਿਆ ਕਿ ਚੀਨੀ ਦੀਵਿਆਂ ਤੇ ਬਿਜਲਈ ਲੜੀਆਂ ਨੇ ਕਾਰੋਬਾਰ ਦਾ ਲੱਕ ਤੋੜ ਦਿੱਤਾ ਹੈ। ਉਨ੍ਹਾਂ ਨੂੰ ਹੁਣ ਇਸ ਧੰਦੇ ਤੋਂ ਰੋਜ਼ੀ-ਰੋਟੀ ਕਮਾਉਣ ਦੀ ਉਮੀਦ ਨਹੀਂ ਰਹੀ ਪਰ ਜੱਦੀ ਪੁਸ਼ਤੀ ਕਿੱਤਾ ਜਾਰੀ ਰੱਖਣ ਲਈ ਉਹ ਮਿੱਟੀ ਨਾਲ ਮਿੱਟੀ ਹੋ ਰਹੇ ਹਨ। ਪਹਿਲਾਂ ਪਿੰਡਾਂ ਦੇ ਮੇਲਿਆਂ, ਬਾਜ਼ਾਰਾਂ ਆਦਿ ਵਿੱਚ ਮਿੱਟੀ ਦੇ ਭਾਂਡੇ ਵੇਚੇ ਜਾਂਦੇ ਸਨ ਪਰ ਹੁਣ ਉਨ੍ਹਾਂ ਦੀ ਥਾਂ ਚੀਨੀ ਸਾਮਾਨ ਨੇ ਲੈ ਲਈ। ਅਜਿਹੇ ’ਚ ਹੌਲੀ-ਹੌਲੀ ਮਿੱਟੀ ਦਾ ਕੰਮ ਕਰਨ ਵਾਲੇ ਲੋਕਾਂ ਦਾ ਕਾਰੋਬਾਰ ਬੰਦ ਹੋਣ ਲੱਗਾ ਹੈ। ਉਨ੍ਹਾਂ ਕਿਹਾ ਕਿ ਕਾਲੀ ਮਿੱਟੀ ਦੀ ਉਪਲਬਧਤਾ ਘੱਟ ਤੇ ਮਹਿੰਗੀ ਹੋਣ ਕਾਰਨ ਮਿੱਟੀ ਦੇ ਦੀਵੇ ਬਣਾਉਣੇ ਮਹਿੰਗੇ ਹੋ ਗਏ ਹਨ। ਉਹ ਹੁਣ ਲਕਸ਼ਮੀ-ਗਣੇਸ਼, ਦੀਵੇ, ਹਟੜੀਆਂ ਆਦਿ ਬਣਾਉਣ ਲੱਗੇ ਹਨ। ਉਨ੍ਹਾਂ ਨੂੰ ਮਿਹਨਤ ਦਾ ਮੁੱਲ ਵੀ ਨਹੀਂ ਮਿਲਦਾ। ਉਹ ਦਿਨ ’ਚ ਛੋਟੇ 3 ਹਜ਼ਾਰ ਤੇ ਵੱਡੇ ਆਕਾਰੀ 5 ਸੌ ਦੀਵੇ ਤਿਆਰ ਕਰ ਰਹੇ ਹਨ। ਇਸ ਵਾਰ ਦੀਵਾਲੀ ’ਤੇ ਦੀਵਿਆਂ ਦੀ ਮੰਗ ਵਧਣ ਦੀ ਉਮੀਦ ਹੈ।
ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਸਾਨੂੰ ਰਲ ਮਿਲ ਕੇ ਇਨ੍ਹਾਂ ਮਿੱਟੀ ਦੇ ਦੀਵੇ, ਭਾਂਡੇ ਆਦਿ ਬਣਾਉਣ ਅਤੇ ਵੇਚਣ ਵਾਲਿਆਂ ਦਾ ਸਾਥ ਦੇਣ ਲਈ ਮਿੱਟੀ ਦੇ ਭਾਂਡੇ ਤੇ ਦੀਵੇ ਖਰੀਦਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬਦਲਦੇ ਸਮੇਂ ਅਤੇ ਮੁਕਾਬਲੇ ਦੇ ਦੌਰ ’ਚ ਚੀਨ ਦੇ ਬਣੇ ਦੀਵਿਆਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਦੀਵਾਲੀ ’ਤੇ ਮਿੱਟੀ ਦੇ ਦੀਵੇ ਜਗਾਉਣ ਦਾ ਮਹੱਤਵ ਘੱਟ ਨਹੀਂ ਹੋਇਆ।