ਰਾਮ ਚਰਨ ਦੀ ਫ਼ਿਲਮ ਵਿੱਚ ਸ਼ਾਮਲ ਹੋਇਆ ਦਿਵਯੇਂਦੂ
ਹੈਦਰਾਬਾਦ: ਰਾਮ ਚਰਨ ਦੀ ਆਉਣ ਵਾਲੀ ਫਿਲਮ ‘ਆਰਸੀ 16’ ਦੇ ਨਿਰਮਾਤਾਵਾਂ ਨੇ ਫ਼ਿਲਮ ‘ਮਿਰਜ਼ਾਪੁਰ’ ਰਾਹੀਂ ਮਸ਼ਹੂਰੀ ਖੱਟਣ ਵਾਲੇ ਅਦਾਕਾਰ ਦਿਵਯੇਂਦੂ ਦਾ ਫਿਲਮ ਦੇ ਕਲਾਕਾਰਾਂ ਦੀ ਟੀਮ ਵਿੱਚ ਸਵਾਗਤ ਕੀਤਾ ਹੈ। ਦਿਵਯੇਂਦੂ ਦੀ ਇਹ ਪਹਿਲੀ ਦੱਖਣ ਭਾਰਤੀ ਫਿਲਮ ਹੈ। ਫਿਲਮ ਦੇ ਨਿਰਮਾਤਾਵਾਂ ਵਰਿਧੀ ਸਿਨੇਮਾਜ਼ ਨੇ ਦਿਵਯੇਂਦੂ ਦਾ ਪੋਸਟਰ ਸਾਂਝਾ ਕਰਦਿਆਂ ‘ਆਰਸੀ 16’ ਵਿੱਚ ਉਸ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ। ਪੋਸਟਰ ਵਿੱਚ ‘ਮਿਰਜ਼ਾਪੁਰ’ ਦੇ ਅਦਾਕਾਰ ਨੇ ਐਨੀਮਲ-ਪ੍ਰਿੰਟ ਵਾਲੀ ਕਮੀਜ਼ ਤੇ ਕਾਲੀ ਜੀਨਜ਼ ਪਾਈ ਹੋਈ ਹੈ। ਇੰਸਟਾਗ੍ਰਾਮ ’ਤੇ ਵਰਿਧੀ ਸਿਨੇਮਾਜ਼ ਨੇ ਲਿਖਿਆ, ‘ਸਾਡਾ ਮਨਪਸੰਦ ਮੁੰਨਾ ਭਈਆ’ ਇੱਕ ਸ਼ਾਨਦਾਰ ਭੂਮਿਕਾ ਨਾਲ ਵੱਡੇ ਪਰਦੇ ਨੂੰ ਰੋਸ਼ਨ ਕਰੇਗਾ। ਫ਼ਿਲਮ ‘ਆਰਸੀ 16’ ਦੇ ਨਿਰਦੇਸ਼ਕ ਬੁਚੀ ਬਾਬੂ ਸਨਾ ਹਨ। ਫ਼ਿਲਮ ਵਿੱਚ ਜਾਹਨਵੀ ਕਪੂਰ, ਕੰਨੜ ਸੁਪਰਸਟਾਰ ਸ਼ਿਵਾ ਰਾਜ ਕੁਮਾਰ ਅਤੇ ਜਗਪਤੀ ਬਾਬੂ ਮੁੱਖ ਭੂਮਿਕਾਵਾਂ ’ਚ ਹਨ। ਫਿਲਮ ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਹੋਣ ਵਾਲੀ ਹੈ। ਦਿਵਯੇਂਦੂ ਨਾਲ ਜਾਹਨਵੀ ਕਪੂਰ ਦੀ ਇਹ ਪਹਿਲੀ ਫ਼ਿਲਮ ਹੈ। ਫ਼ਿਲਮ ਦਾ ਸੰਗੀਤ ਆਸਕਰ ਐਵਾਰਡ ਜੇਤੂ ਏਆਰ ਰਹਿਮਾਨ ਨੇ ਦਿੱਤਾ ਹੈ। -ਏਐੱਨਆਈ