ਗੰਦੇ ਪਾਣੀ ਤੋਂ ਪ੍ਰੇਸ਼ਾਨ ਨਥਾਣਾ ਵਾਸੀਆਂ ’ਚ ਰੋਸ
ਸ਼ਗਨ ਕਟਾਰੀਆ
ਬਠਿੰਡਾ, 29 ਅਗਸਤ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਪਿੰਡ ਕਮੇਟੀ ਨਥਾਣਾ ਵੱਲੋਂ ਪਿੰਡ ’ਚ ਦੂਸ਼ਿਤ ਪਾਣੀ ਦੀ ਸਮੱਸਿਆ ਦੇ ਹੱਲ ਲਈ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਵਫ਼ਦ ਦੀ ਅਗਵਾਈ ਕਰ ਰਹੇ ਬਲਾਕ ਦੇ ਜਨਰਲ ਸਕੱਤਰ ਬਲਜੀਤ ਸਿੰਘ, ਜ਼ਿਲ੍ਹਾ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ, ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਜਗਸੀਰ ਸਿੰਘ ਝੁੰਬਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ’ਤੇ ਗਿਲ਼ਾ ਜਿਤਾਇਆ ਕਿ ਉਨ੍ਹਾਂ ਵੱਲੋਂ ਮੀਟਿੰਗ ਦਾ ਕਥਿਤ ਬਹਾਨਾ ਬਣਾ ਕੇ ਮੰਗ-ਪੱਤਰ ਲੈਣਾ ਮੁਨਾਸਬ ਨਹੀਂ ਸਮਝਿਆ ਗਿਆ ਅਤੇ ਅਖ਼ੀਰ ਉਹ ਏਡੀਸੀ ਨੂੰ ਮੰਗ ਪੱਤਰ ਸੌਂਪਿਆ। ਼ਆਗੂਆਂ ਨੇ ਮੰਗ ਪੱਤਰ ਦੇਣ ਤੋਂ ਪਹਿਲਾਂ ਨਾਲ ਆਏ ਵਰਕਰਾਂ ਦੇ ਸਮੂਹ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਪਿੰਡ ਨਥਾਣਾ ਵਿੱਚ ਗੰਦੇ ਪਾਣੀ ਦੀ ਸਮੱਸਿਆ ਬਹੁਤ ਗੰਭੀਰ ਹੈ ਅਤੇ ਬਿਮਾਰੀਆਂ ਫ਼ੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਗੁਰੂ ਘਰ, ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਕੰਨਿਆ ਸਕੂਲ, ਵੇਰਕਾ ਡੇਅਰੀ, ਗਊਸ਼ਾਲਾ, ਸ਼ਮਸ਼ਾਨਘਾਟ ਅਤੇ ਖੇਡ ਗਰਾਊਂਡ ਸਮੇਤ ਸਾਰੇ ਰਸਤਿਆਂ ਵਿੱਚ ਪਾਣੀ ਭਰਿਆ ਹੋਇਆ ਹੈ, ਜਿਸ ਦਾ ਨਿਕਾਸੀ ਲਈ ਪ੍ਰਸ਼ਾਸਨ ਤਰਫ਼ੋਂ ਕੋਈ ਹੀਲਾ ਨਹੀਂ ਕੀਤਾ ਜਾ ਰਿਹਾ।
ਬਲਾਕ ਦੇ ਮੀਤ ਪ੍ਰਧਾਨ ਲਖਵੀਰ ਸਿੰਘ ਅਤੇ ਪਿੰਡ ਨਥਾਣਾ ਦੀ ਕਮੇਟੀ ਦੇ ਪ੍ਰਧਾਨ ਰਾਮ ਰਤਨ ਸਿੰਘ ਨੇ ਕਿਹਾ ਕਿ ਸਮੱਸਿਆ ਦੀ ਤਾਣੀ ਜੇਕਰ ਜਲਦੀ ਨਾ ਸੁਲਝਾਈ ਗਈ ਤਾਂ ਸੰਘਰਸ਼ ਨੂੰ ਪ੍ਰਚੰਡ ਰੂਪ ਦਿੱਤਾ ਜਾਵੇਗਾ। ਇਸ ਮੌਕੇ ਗੁਰਮੇਲ ਸਿੰਘ, ਬੂਟਾ ਸਿੰਘ, ਗੋਰਾ ਸਿੰਘ, ਪਰਮਜੀਤ ਕੌਰ ਅਤੇ ਗੁਰਮੇਲ ਕੌਰ ਨੇ ਵੀ ਸੰਬੋਧਨ ਕੀਤਾ।