For the best experience, open
https://m.punjabitribuneonline.com
on your mobile browser.
Advertisement

ਆਰਆਰਐੱਸ ਤੇ ਭਾਜਪਾ ਦੀ ਫਿਰਕੂ ਸਾਜ਼ਿਸ਼ ਫੇਲ੍ਹ ਕਰਨਗੇ ਦੇਸ਼ ਦੇ ਕਿਰਤੀ: ਪਾਸਲਾ

07:40 AM Sep 14, 2024 IST
ਆਰਆਰਐੱਸ ਤੇ ਭਾਜਪਾ ਦੀ ਫਿਰਕੂ ਸਾਜ਼ਿਸ਼ ਫੇਲ੍ਹ ਕਰਨਗੇ ਦੇਸ਼ ਦੇ ਕਿਰਤੀ  ਪਾਸਲਾ
ਬਠਿੰਡਾ ਵਿੱਚ ਧਰਨੇ ਦੌਰਾਨ ਸੰਬੋਧਨ ਕਰਦੇ ਹੋਏ ਮੰਗਤ ਰਾਮ ਪਾਸਲਾ। -ਫੋਟੋ: ਪਵਨ ਸ਼ਰਮਾ
Advertisement

ਮਨੋਜ ਸ਼ਰਮਾ
ਬਠਿੰਡਾ, 13 ਸਤੰਬਰ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਅਤੇ ਸੀਪੀਆਈ (ਐਮਐਲ) ਲਿਬਰੇਸ਼ਨ ਵਲੋਂ ਮੋਦੀ-ਮਾਨ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਖਿਲਾਫ਼ ਇੱਥੋਂ ਦੇ ਅੰਬੇਡਕਰ ਪਾਰਕ ਵਿੱਚ ਵਿਸ਼ਾਲ ਰੋਸ ਪ੍ਰਦਰਸ਼ਨ ਕਤਾ ਗਿਆ ਜਿਸ ਵਿਚ ਭਾਰੀ ਗਿਣਤੀ ਔਰਤਾਂ ਸਮੇਤ ਹਜ਼ਾਰਾਂ ਕਿਰਤੀ-ਕਿਸਾਨ ਸ਼ਾਮਲ ਹੋਏ। ਇਸ ਮੌਕੇ ਬੱਸ ਅੱਡੇ ਤੱਕ ਰੋਸ ਮੁਜ਼ਾਹਰਾ ਵੀ ਕੀਤਾ ਗਿਆ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਪ੍ਰਤੀਨਿਧੀ ਇਕਬਾਲ ਸਿੰਘ ਢਿਲੋਂ ‘ਬਬਲੀ’ ਰਾਹੀਂ ਕੇਂਦਰੀ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ। ਉਚੇਚੇ ਤੌਰ ’ਤੇ ਪੁੱਜੇ ਆਰਐੱਮਪੀਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਆਰਐੱਸਐੱਸ ਦੀ ਧਰਮ ਅਧਾਰਿਤ ਕੱਟੜ ਹਿੰਦੂਤਵੀ ਰਾਜ ਕਾਇਮ ਕਰਨ ਦੀ ਵੰਡਪਾਊ ਸਾਜ਼ਿਸ਼ ਨੂੰ ਤਿੱਖੇ ਵਿਚਾਰਧਾਰਕ ਤੇ ਸਿਆਸੀ ਜਨ ਸੰਗਰਾਮ ਰਾਹੀਂ ਫੇਲ੍ਹ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜੇ ਸੰਘ ਪਰਿਵਾਰ ਦੇ ਕੋਝੇ ਮਨਸੂਬੇ ਸਿਰੇ ਚੜ੍ਹ ਗਏ ਤਾਂ ਭਾਰਤ ਦਾ ਸੰਵਿਧਾਨ ਅਤੇ ਜਮਹੂਰੀ, ਧਰਮ ਨਿਰਪੱਖ ਤੇ ਫੈਡਰਲ ਢਾਂਚੇ ਲਈ ਗਭੀਰ ਖਤਰੇ ਖੜ੍ਹੇ ਹੋ ਜਾਣਗੇ। ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਮਹੀਪਾਲ ਨੇ ਲੋਕਾਈ ਦੀਆਂ ਬੇਰੁਜ਼ਗਾਰੀ-ਮਹਿੰਗਾਈ, ਸਿੱਖਿਆ-ਸਿਹਤ ਸਹੂਲਤਾਂ, ਘਰਾਂ ਤੇ ਸਮਾਜਿਕ ਸੁਰੱਖਿਆ ਦੀ ਅਣਹੋਂਦ ਆਦਿ ਮੁਸੀਬਤਾਂ ‘ਚ ਅੰਤਾਂ ਦਾ ਵਾਧਾ ਕਰਕੇ ਅਡਾਨੀ-ਅੰਬਾਨੀ ਵਰਗੇ ਪੂੰਜੀਪਤੀਆਂ ਦੇ ਖਜ਼ਾਨੇ ਨੱਕੋ-ਨੱਕ ਭਰਨ ਵਾਲੀਆਂ ਨਵ ਉਦਾਰਵਾਦੀ ਨੀਤੀਆਂ ਦਾ ਫਸਤਾ ਵੱਢਣ ਦਾ ਸੰਗਰਾਮ ਪ੍ਰਚੰਡ ਕਰਨ ਦੀ ਅਪੀਲ ਕੀਤੀ। ਸੀਪੀਆਈ (ਐਮਐਲ) ਲਿਬ੍ਰੇਸ਼ਨ ਦੇ ਸੂਬਾਈ ਆਗੂ ਗੁਰਤੇਜ ਸਿੰਘ ਮਹਿਰਾਜ ਨੇ ਵੀ ਵਿਚਾਰ ਰੱਖੇ। ਇਸ ਮੌਕੇ ਪ੍ਰਕਾਸ਼ ਸਿੰਘ ਨੰਦਗੜ੍ਹ ਰਜਿੰਦਰ ਸਿੰਘ ਸਿਵੀਆਂ, ਸੰਪੂਰਨ ਸਿੰਘ, ਹਰਜੀਤ ਸਿੰਘ ਬਰਾੜ, ਮਲਕੀਤ ਸਿੰਘ ਮਹਿਮਾ ਸਰਜਾ ਅਤੇ ਗੁਰਮੀਤ ਸਿੰਘ ਜੈ ਸਿੰਘ ਵਾਲਾ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement