ਜਾਅਲਸਾਜ਼ੀ ਮਾਮਲੇ ’ਚ ਜ਼ਿਲ੍ਹਾ ਯੂਥ ਕਾਂਗਰਸ ਦਾ ਪ੍ਰਧਾਨ ਨਾਮਜ਼ਦ
ਨਿੱਜੀ ਪੱਤਰ ਪ੍ਰੇਰਕ
ਮੋਗਾ, 27 ਮਾਰਚ
ਇਥੇ ਥਾਣਾ ਧਰਮਕੋਟ ਪੁਲੀਸ ਨੇ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਸੋਹਣ ਸਿੰਘ ਉਰਫ਼ ਖੇਲਾ ਪਿੰਡ ਜਲਾਲਾਬਾਦ ਪੂਰਬੀ ਨੂੰ ਜਾਅਲਸਾਜ਼ੀ ਕੇਸ ’ਚ ਨਾਮਜ਼ਦ ਕੀਤਾ ਹੈ ਜਦਕਿ ਇਸ ਮਾਮਲੇ ਵਿੱਚ ਜਲੰਧਰ ਆਈਟੀਆਈ ਦੇ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਅਧਿਕਾਰੀ ਏਐੱਸਆਈ ਜਰਨੈਲ ਸਿੰਘ ਮੁਤਾਬਕ ਉਨ੍ਹਾਂ ਨੂੰ ਮੁਖ਼ਬਰ ਤੋਂ ਇਤਲਾਹ ਮਿਲੀ ਸੀ ਕਿ ਕਰਨਜੋਤ ਸਿੰਘ ਉਰਫ਼ ਕਰਨ ਪਿੰਡ ਬੱਡੂਵਾਲ ਸਫ਼ੈਦ ਰੰਗ ਦੀ ਸਕਾਰਪੀਓ ਗੱਡੀ ਨੂੰ ਜਾਅਲੀ ਨੰਬਰ ਪਲੇਟਾਂ ਲੱਗੀਆਂ ਹਨ ਅਤੇ ਗੱਡੀ ਦੀ ਰਜਿਸਟਰੇਸ਼ਨ ਵੀ ਡੁਪਲੀਕੇਟ ਹੈ। ਉਨ੍ਹਾਂ ਇਤਲਾਹ ਮਿਲਣ ਉਤੇ ਧਰਮਕੋਟ ਵਿਚ ਗੱਡੀ ਰੋਕ ਕੇ ਚੈੱਕ ਕੀਤੀ ਤਾਂ ਉਸ ਨੂੰ ਜਾਅਲੀ ਨੰਬਰ ਪਲੇਟ ਪੀਬੀ11 ਸੀਜ਼ੈੱਡ 4445 ਲੱਗੀ ਹੋਈ ਸੀ। ਪੁਲੀਸ ਨੇ ਮੁਲਜ਼ਮ ਕਰਨਜੋਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਗੱਡੀ ਕਬਜ਼ੇ ਵਿਚ ਲੈ ਲਈ। ਮੁਲਜ਼ਮ ਖ਼ਿਲਾਫ਼ ਆਈਪੀਸੀ ਦੀ ਧਾਰਾ 420, 465, 467, 468, 471 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਮੁਤਾਬਕ ਗ੍ਰਿਫ਼ਤਾਰ ਮੁਲਜ਼ਮ ਵਿਦਿਆਰਥੀ ਦੀ ਉਮਰ ਕਰੀਬ 21 ਸਾਲ ਹੈ ਅਤੇ ਉਹ ਆਈਟੀਆਈ ਜਲੰਧਰ ਵਿੱਚ ਕਾਰਪੈਂਟਰ ਦਾ ਡਿਪਲੋਮਾ ਕਰ ਰਿਹਾ ਹੈ। ਜਾਂਚ ਅਧਿਕਾਰੀ ਨੇ ਅੱਗੇ ਦੱਸਿਆ ਕਿ ਮੁਲਜ਼ਮ ਵਿਦਿਆਰਥੀ ਤੋਂ ਪੁੱਛ-ਪੜਤਾਲ ਲਈ ਅਦਾਲਤ ਤੋਂ ਇੱਕ ਰੋਜ਼ਾ ਪੁਲੀਸ ਰਿਮਾਂਡ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਦੀ ਪੜਤਾਲ ਮਗਰੋਂ ਸੋਹਣ ਸਿੰਘ ਉਰਫ਼ ਖੇਲਾ ਪਿੰਡ ਜਲਾਲਾਬਾਦ ਜੋ ਜ਼ਿਲ੍ਹਾ ਯੂਥ ਕਾਂਗਰਸ ਦਾ ਪ੍ਰਧਾਨ ਹੈ ਅਤੇ ਮੁਲਜ਼ਮ ਕਰਨਜੋਤ ਦੀ ਮਾਸੀ ਦੇ ਪੁੱਤਰ ਮਨਵੀਰ ਸਿੰਘ ਪਿੰਡ ਸੋਹੀਆਂ ਜ਼ਿਲ੍ਹਾ ਲੁਧਿਆਣਾ ਨੂੰ ਨਾਜ਼ਮਦ ਕੀਤਾ ਗਿਆ ਹੈ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ ਹੈ।