ਦਿਵਿਆਂਗ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ
ਪੱਤਰ ਪ੍ਰੇਰਕ
ਤਰਨ ਤਾਰਨ, 9 ਦਸੰਬਰ
ਕੌਮਾਂਤਰੀ ਦਿਵਿਆਂਗ ਦਿਵਸ ਮੌਕੇ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ’ਚ ਦਿਵਿਆਂਗਾਂ ਲਈ ਕੰਮ ਕਰਨ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਗਿਆ| ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਗਗਨਦੀਪ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਏ ਸਮਾਗਮ ਵਿੱਚ ਦਿਵਿਆਂਗਾਂ ਪ੍ਰਤੀ ਸਮਾਜਿਕ ਚੇਤਨਾ ਪੈਦਾ ਕਰਨ ਲਈ ਫੈਂਸੀ ਡਰੈੱਸ ਅਤੇ ਡਰਾਇੰਗ ਮੁਕਾਬਲਾ ਵੀ ਕਰਵਾਇਆ ਗਿਆ ਅਤੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ| ਸਮਾਗਮ ਨੂੰ ਮੇਜ਼ਬਾਨ ਸਕੂਲ ਦੇ ਪ੍ਰਿੰਸੀਪਲ ਰਵਿੰਦਰ ਕੌਰ ਆਹਲੂਵਾਲੀਆ, ਸ਼ਹੀਦ ਭਗਤ ਸਿੰਘ ਹੈਂਡੀਕੈਪ ਐਕਸ਼ਨ ਕਮੇਟੀ ਦੇ ਪ੍ਰਧਾਨ ਨਵਦੀਪ ਸਿੰਘ ਰਤੀਆ, ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਦੇ ਪ੍ਰਤੀਨਿਧੀ ਨਵਜੋਤ ਕੌਰ, ਗੁਰੂ ਨਾਨਕ ਦੇਵ ਅਕੈਡਮੀ ਦੀ ਅਧਿਆਪਕਾ ਰਜਵੰਤ ਕੌਰ ਤੇ ਵਿਜੇ ਸੱਭਰਵਾਲ ਨੇ ਦਿਵਿਆਂਗਾਂ ਨਾਲ ਆਮ ਨਾਗਰਿਕਾਂ ਦੀ ਤਰ੍ਹਾਂ ਵਿਹਾਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ| ਇਸ ਮੌਕੇ ਪੈਰਾ-ਪਾਵਰ ਲਿਫਟਰ ਗੁਰਸੇਵਕ ਸਿੰਘ ਨੂੰ ਵਿਸ਼ੇਸ਼ ਸਨਮਾਨ ਦਿੱਤਾ| ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਕੁਲਵੰਤ ਸਿੰਘ ਪੰਨੂੰ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ| ਇਸ ਮੌਕੇ ਕੁਲਦੀਪ ਸਿੰਘ ਤੇ ਅਨੁਜ ਚੌਧਰੀ ਨੇ ਸੰਬੋਧਨ ਕੀਤਾ| ਸਮਾਜਿਕ ਸੁਰੱਖਿਆ ਅਧਿਕਾਰੀ ਨੇ ਵਿਭਾਗ ਦੀਆਂ ਦਿਵਿਆਂਗਾਂ ਦੀ ਭਲਾਈ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ|