ਟੀਬੀ ਮਰੀਜ਼ਾਂ ਨੂੰ ਖੁਰਾਕ ਮੁਹੱਈਆ ਕਰਵਾਏਗਾ ਜ਼ਿਲ੍ਹਾ ਪ੍ਰਸ਼ਾਸਨ
ਟ੍ਰਿਬਿਉੂਨ ਨਿਉੂਜ ਸਰਵਿਸ
ਅੰਮ੍ਰਿਤਸਰ, 1 ਜਨਵਰੀ
ਰਾਸ਼ਟਰੀ ਤਪਦਿਕ ਮਿਟਾਓ ਪ੍ਰੋਗਰਾਮ ਤਹਿਤ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਟੀਬੀ ਮੁਕਤ ਭਾਰਤ ਅਭਿਆਨ ਤਹਿਤ 100 ਦਿਨਾਂ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮਹਿਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 1700 ਟੀਬੀ ਮਰੀਜ਼ਾਂ ਨੂੰ ਖੁਰਾਕ ਮੁਹਈਆ ਕਰਾਉਣ ਲਈ ਗੋਦ ਲਿਆ ਗਿਆ ਹੈ, ਜਿਸ ਵਿੱਚੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਟੀਬੀ ਦੇ 100 ਮਰੀਜ਼ਾਂ ਨੂੰ ਅਡਾਪਟ ਕੀਤਾ ਹੈ ਅਤੇ ਉਨਾਂ ਦਾ ਸਾਰਾ ਖਰਚਾ ਇਹ ਅਧਿਕਾਰੀ ਆਪਣੀ ਜੇਬ ਵਿਚੋਂ ਖਰਚ ਕਰਨਗੇ। ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਵਲੋਂ 10 ਮਰੀਜ਼ਾਂ ਨੂੰ ਅਡਾਪਟ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਪ੍ਰਸ਼ਾਸਨ ਦੇ ਹੋਰ ਅਧਿਕਾਰੀਆਂ ਵਲੋਂ ਵੀ ਟੀਬੀ ਦੇ ਮਰੀਜ਼ਾਂ ਨੂੰ ਅਡਾਪਟ ਕੀਤਾ ਜਾ ਰਿਹਾ ਹੈ ਤਾਂ ਜੋ ਜ਼ਿਲ੍ਹੇ ਨੂੰ ਟੀ ਬੀ ਮੁਕਤ ਬਣਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕ ਆਪਣਾ ਜਨਮ ਦਿਨ, ਵਿਆਹ ਵਰ੍ਹੇਗੰਢ ਆਦਿ ਮੌਕਿਆਂ ਤੇ ਟੀ ਬੀ ਦੇ ਮਰੀਜਾਂ ਨੂੰ ਅਡਾਪਟ ਕਰਨ ਅਤੇ ਲੋੜਵੰਦ ਮਰੀਜ਼ਾਂ ਦੀ ਖੁਰਾਕ ਅਤੇ ਦਵਾਈ ਦਾ ਪ੍ਰਬੰਧ ਕਰਨ ਤਾਂ ਜੋ ਉਨ੍ਹਾਂ ਦਾ ਇਹ ਦਿਨ ਯਾਦਗਾਰ ਬਣ ਸਕਣ।