ਪੱਤਰ ਪ੍ਰੇਰਕਅਜਨਾਲਾ, 4 ਜਨਵਰੀਪੁਲੀਸ ਥਾਣਾ ਅਜਨਾਲਾ ਵਿੱਚ ਦਰਜ ਹੋਏ ਇੱਕ ਕੇਸ ’ਚ ਲੋੜੀਂਦੇ ਮੁਲਜ਼ਮ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਪੁਲੀਸ ਦੇ ਹਵਾਲੇ ਕਰਨ ਉਪਰੰਤ ਪੁਲੀਸ ਵੱਲੋਂ ਛੱਡੇ ਜਾਣ ਦੇ ਰੋਸ ਵਜੋਂ ਕਿਸਾਨਾਂ ਨੇ ਅੱਜ ਯੂਨੀਅਨ ਦੇ ਸਰਕਲ ਅਜਨਾਲਾ ਦੇ ਪ੍ਰਧਾਨ ਵਿਜੇ ਸ਼ਾਹ ਧਾਰੀਵਾਲ ਦੀ ਅਗਵਾਈ ਹੇਠ ਇਕੱਠੇ ਹੋ ਕੇ ਪੁਲੀਸ ਥਾਣਾ ਅਜਨਾਲਾ ਦੇ ਮੇਨ ਗੇਟ ਮੂਹਰੇ ਰੋਸ ਪ੍ਰਦਰਸ਼ਨ ਕਰਦਿਆਂ ਪੁਲੀਸ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਵਿਜੇ ਸ਼ਾਹ ਧਾਰੀਵਾਲ ਨੇ ਕਿਹਾ ਕਿ ਥਾਣਾ ਅਜਨਾਲਾ ਵਿੱਚ ਦਰਜ ਹੋਏ ਇੱਕ ਕੇਸ ਦੌਰਾਨ ਲੋੜੀਂਦੇ ਮੁਲਜ਼ਮ ਨੂੰ ਕਿਸਾਨ ਆਗੂਆਂ ਵੱਲੋਂ 2 ਜਨਵਰੀ ਨੂੰ ਥਾਣਾ ਅਜਨਾਲਾ ਦੀ ਪੁਲੀਸ ਦੇ ਹਵਾਲੇ ਕਰਵਾਇਆ ਗਿਆ ਸੀ ਜਿਸ ਦਾ ਪੁਲੀਸ ਨੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ ਪਰ ਬੀਤੇ ਕੱਲ੍ਹ ਉਸ ਮੁਲਜ਼ਮ ਨੂੰ ਪੁਲੀਸ ਨੇ ਛੱਡ ਦਿੱਤਾ ਜਿਸ ਖਿਲਾਫ ਕਿਸਾਨ ਆਗੂਆਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਮੰਗ ਕੀਤੀਕਿ ਛੱਡੇ ਗਏ ਮੁਲਜ਼ਮ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਰੋਸ ਧਰਨੇ ਵਿੱਚ ਯੂਥ ਵਿੰਗ ਦੇ ਪ੍ਰਧਾਨ ਮੰਨੂ ਕਲੇਰ, ਸੁਖਰਾਜ ਸਿੰਘ ਲਾਲੀ ਭੋਏ ਵਾਲੀ ਤੇ ਅਰਜਿੰਦਰ ਸਿੰਘ ਆਦਿ ਕਿਸਾਨ ਹਾਜ਼ਰ ਸਨ।ਇਸ ਦੌਰਾਨ ਡੀਐੱਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਕਿਸਾਨ ਆਗੂਆਂ ਦੇ ਵਫ਼ਦ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਇਸ ਸਬੰਧੀ ਆਉਂਦੇ ਦਿਨਾਂ ਦੌਰਾਨ ਪੂਰੀ ਪੜਤਾਲ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ। ਭਰੋਸਾ ਮਿਲਣ ਉਪਰੰਤ ਕਿਸਾਨਾਂ ਨੇ ਆਪਣਾ ਰੋਸ ਮੁਜ਼ਾਹਰਾ ਸਮਾਪਤ ਕਰ ਦਿੱਤਾ।