ਜ਼ਿਲ੍ਹਾ ਪ੍ਰਸ਼ਾਸਨ ਨੇ ਨਸ਼ਾ ਤਸਕਰ ਮਾਂ-ਪੁੱਤ ਦਾ ਘਰ ਢਾਹਿਆ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 25 ਅਪਰੈਲ
ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਜੰਗ ਦੌਰਾਨ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਕਥਿਤ ਨਸ਼ਾ ਤਸਕਰੀ ਨਾਲ ਜੁੜੇ ਮਾਂ-ਪੁੱਤ ਦੇ ਘਰ ਨੂੰ ਜੇਸੀਬੀ ਮਸ਼ੀਨ ਦੀ ਮਦਦ ਨਾਲ ਢਾਹ ਦਿੱਤਾ ਹੈ। ਇਸ ਘਰ ਵਿੱਚ ਸੋਨੂ ਸਿੰਘ ਉਰਫ ਸੋਨੂ ਮੋਟਾ ਅਤੇ ਉਸ ਦੀ ਮਾਤਾ ਜੋਗਿੰਦਰ ਕੌਰ ਰਹਿੰਦੇ ਸਨ। ਇਹ ਘਰ ਮੁਸਤਫਾਬਾਦ ਇਲਾਕੇ ਦੀ ਇੰਦਰਾ ਕਲੋਨੀ ਦਾ ਹਿੱਸਾ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਨਗਰ ਨਿਗਮ ਦੀ ਮਦਦ ਨਾਲ ਜੇਸੀਬੀ ਮਸ਼ੀਨਾਂ ਅਤੇ ਆਦਮੀਆਂ ਨੂੰ ਲਗਾ ਕੇ ਘਰ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ।
ਇਸ ਮੌਕੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੋਨੂੰ ਸਿੰਘ ਖਿਲਾਫ ਚਾਰ ਪੁਲੀਸ ਕੇਸ ਦਰਜ ਹਨ, ਜਦ ਕਿ ਜੋਗਿੰਦਰ ਕੌਰ ਖਿਲਾਫ ਦੋ ਪੁਲੀਸ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਨਸ਼ਾ ਤਸਕਰੀ ਦਾ ਕੰਮ ਲੰਬੇ ਸਮੇਂ ਤੋਂ ਕਰ ਰਹੇ ਹਨ। ਕਮਿਸ਼ਨਰ ਨੇ ਚੇਤਾਵਨੀ ਦਿੱਤੀ ਕਿ ਜੋ ਵੀ ਵਿਅਕਤੀ ਨਸ਼ੇ ਦੇ ਧੰਦੇ ਵਿੱਚ ਸ਼ਾਮਲ ਹੈ, ਉਸ ਨੂੰ ਸਜ਼ਾ ਭੁਗਤਣੀ ਪਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਵਾਲਿਆਂ ਨੂੰ ਚੈਨ ਦੀ ਨੀਂਦ ਨਹੀਂ ਸੌਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਅਜੇ ਸ਼ੁਰੂਆਤ ਹੈ, ਭਵਿੱਖ ਵਿੱਚ ਪੁਲੀਸ ਹੋਰ ਵੀ ਸਖਤ ਐਕਸ਼ਨ ਨਸ਼ਾ ਤਸਕਰਾਂ ਖਿਲਾਫ ਲਵੇਗੀ ਤਾਂ ਜੋ ਕੋਈ ਵੀ ਵਿਅਕਤੀ ਗੁਰੂ ਨਗਰੀ ਵਿੱਚ ਨਸ਼ੇ ਦੀ ਤਸਕਰੀ ਦਾ ਨਾ ਲੈਣ ਦਾ ਹੀਆ ਨਾ ਕਰੇ। ਇਸ ਮੌਕੇ ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੈ ਸਿੰਘ, ਏਡੀਸੀਪੀ ਵਿਸ਼ਾਲਜੀਤ ਸਿੰਘ ਅਤੇ ਹੋਰ ਪੁਲੀਸ ਅਧਿਕਾਰੀ ਹਾਜ਼ਰ ਸਨ।