ਰਾਸ਼ਟਰਪਤੀ ਮੁਰਮੂ ਵੱਲੋਂ ਕੌਮੀ ਵਿਗਿਆਨ ਪੁਰਸਕਾਰਾਂ ਦੀ ਵੰਡ
ਨਵੀਂ ਦਿੱਲੀ, 22 ਅਗਸਤ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਪ੍ਰਸਿੱਧ ਜੀਵ ਰਸਾਇਣ ਵਿਗਿਆਨੀ ਤੇ ਬੰਗਲੂਰੂ ਸਥਿਤ ਭਾਰਤੀ ਵਿਗਿਆਨ ਸੰਸਥਾ ਦੇ ਸਾਬਕਾ ਨਿਰਦੇਸ਼ਕ ਗੋਵਿੰਦਰਾਜਨ ਪਦਮਨਾਭਾਨ ਨੂੰ ਪਹਿਲੇ ‘ਵਿਗਿਆਨ ਰਤਨ ਪੁਰਸਕਾਰ’ ਨਾਲ ਸਨਮਾਨਿਤ ਕੀਤਾ। ਕੇਂਦਰ ਸਰਕਾਰ ਨੇ ਵਿਗਿਆਨ ਦੇ ਖੇਤਰ ’ਚ ਦਿੱਤੇ ਜਾਣ ਵਾਲੇ ਇਸ ਸਰਵਉੱਚ ਪੁਰਸਕਾਰ ਦੀ ਸ਼ੁਰੂਆਤ ਇਸ ਸਾਲ ਕੀਤੀ ਹੈ। ਪੀਜੀਆਈ ਐੱਮਈਆਰ, ਚੰਡੀਗੜ੍ਹ ਦੇ ਜਿਤੇਂਦਰ ਕੁਮਾਰ ਸਾਹੂ ਨੂੰ ਵਿਗਿਆਨ ਯੁਵਾ ਪੁਰਸਕਾਰ ਦਿੱਤਾ ਗਿਆ ਹੈ।
ਰਾਸ਼ਟਰਪਤੀ ਭਵਨ ਦੇ ‘ਗਣਤੰਤਰ ਮੰਡਪਮ’ ’ਚ ਕਰਵਾਏ ਗਏ ਪੁਰਸਕਾਰ ਸਮਾਗਮ ’ਚ ਰਾਸ਼ਟਰਪਤੀ ਨੇ 13 ਵਿਗਿਆਨ ਸ੍ਰੀ ਪੁਰਸਕਾਰ, 18 ਵਿਗਿਆਨ ਯੁਵਾ-ਸ਼ਾਂਤੀ ਸਵਰੂਪ ਭਟਨਾਗਰ ਪੁਰਸਕਾਰ ਤੇ ਇੱਕ ਵਿਗਿਆਨ ਟੀਮ ਪੁਰਸਕਾਰ ਵੀ ਦਿੱਤਾ। ਚੰਦਰਯਾਨ-3 ਮਿਸ਼ਨ ਲਈ ਕੰਮ ਕਰਨ ਵਾਲੇ ਵਿਗਿਆਨੀਆਂ ਤੇ ਇੰਜਨੀਅਰਾਂ ਦੀ ਟੀਮ ਨੂੰ ‘ਵਿਗਿਆਨ ਟੀਮ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਪੁਰਸਕਾਰ ਮਿਸ਼ਨ ਦੇ ਪ੍ਰਾਜੈਕਟ ਡਾਇਰੈਕਟਰ ਪੀ ਵੀਰਮੁਥੂਵੇਲ ਨੇ ਪ੍ਰਾਪਤ ਕੀਤਾ।
ਸਾਰੇ ਪੁਰਸਕਾਰ ਜੇਤੂਆਂ ਨੂੰ ਉਨ੍ਹਾਂ ਦੇ ਸਬੰਧਤ ਖੇਤਰ ’ਚ ਕੀਤੀਆਂ ਪ੍ਰਾਪਤੀਆਂ ਲਈ ਇੱਕ ਤਗ਼ਮਾ ਤੇ ਪ੍ਰਸ਼ੰਸਾ ਪੱਤਰ ਦਿੱਤਾ ਗਿਆ। ‘ਵਿਗਿਆਨ ਸ੍ਰੀ’ ਪੁਰਸਕਾਰ ਨਾਲ ਸਨਮਾਨੇ ਗਏ ਵਿਗਿਆਨੀਆਂ ’ਚ ਬੰਗਲੂਰੂ ਸਥਿਤ ਭਾਰਤੀ ਖਗੋਲ ਭੌਤਿਕੀ (ਐਸਟਰੋਫਿਜ਼ੀਕਸ) ਸੰਸਥਾ ਦੀ ਡਾਇਰੈਕਟਰ ਅੰਨਪੂਰਨੀ ਸੁਬਰਾਮਨੀਅਮ, ਤਿਰੂਵਨੰਤਪੁਰਮ ਸਥਿਤ ਕੌਮੀ ਅੰਤਰ-ਅਨੁਸ਼ਾਸਨੀ (ਇੰਟਰਡਿਸੀਪਲਨਰੀ) ਵਿਗਿਆਨ ਤੇ ਤਕਨੀਕ ਸੰਸਥਾ ਦੇ ਡਾਇਰੈਕਟਰ ਆਨੰਦਰਾਮਕ੍ਰਿਸ਼ਨਨ ਸੀ, ਭਾਬਾ ਪ੍ਰਮਾਣੂ ਖੋਜ ਸੰਸਥਾ ’ਚ ਰਸਾਇਣ ਵਿਗਿਆਨ ਸਮੂਹ ਦੇ ਡਾਇਰੈਕਟਰ ਆਵੇਸ਼ ਕੁਮਾਰ ਤਿਆਗੀ, ਲਖਨਊ ਸਥਿਤ ਸੀਐੱਸਆਈਆਰ-ਕੌਮੀ ਵਨਸਪਤੀ ਖੋਜ ਸੰਸਥਾ ਦੇ ਪ੍ਰੋ. ਸੱਯਦ ਵਜੀਹ ਅਹਿਮਦ ਨਕਵੀ ਸ਼ਾਮਲ ਹਨ। ਇਸੇ ਤਰ੍ਹਾਂ ਪੁਣੇ ਸਥਿਤ ਭਾਰਤੀ ਵਿਗਿਆਨ ਸਿੱਖਿਆ ਤੇ ਖੋਜ ਸੰਸਥਾ ਦੇ ਪ੍ਰੋ. ਜੈਅੰਤ ਭਾਲਚੰਦਰ ਉਡਗਾਂਵਕਰ, ਆਈਆਈਟੀ ਦਿੱਲੀ ਦੇ ਐਮੇਰਿਟਜ਼ ਪ੍ਰੋ. ਭੀਮ ਸਿੰਘ ਨੂੰ ਵੀ ਵਿਗਿਆਨ ਸ੍ਰੀ ਪੁਰਸਕਾਰ ਦਿੱਤਾ ਗਿਆ ਹੈ। -ਪੀਟੀਆਈ