ਦਿੱਲੀ ਪੁਲੀਸ ਵੱਲੋਂ ਅਲ ਕਾਇਦਾ ਅਤਿਵਾਦੀ ਮਾਡਿਊਲ ਦਾ ਪਰਦਾਫਾਸ਼
ਨਵੀਂ ਦਿੱਲੀ, 22 ਅਗਸਤ
ਦਿੱਲੀ ਪੁਲੀਸ ਨੇ ਝਾਰਖੰਡ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਤੋਂ 11 ਜਣਿਆਂ ਨੂੰ ਹਿਰਾਸਤ ਵਿੱਚ ਲੈ ਕੇ ਅਲ ਕਾਇਦਾ ਦੇ ਇੱਕ ਅਤਿਵਾਦੀ ਮਾਡਿਊਲ ਦਾ ਪਰਦਾਫਾਸ਼ ਕਰਨ ਦਾ ਅੱਜ ਇੱਥੇ ਦਾਅਵਾ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਖੁਫ਼ੀਆ ਜਾਣਕਾਰੀ ਮਿਲਣ ਮਗਰੋਂ ਵੱਖ ਵੱਖ ਸੂਬਿਆਂ ਦੇ ਪੁਲੀਸ ਬਲਾਂ ਨਾਲ ਮਿਲ ਕੇ ਸਾਂਝੀ ਮੁਹਿੰਮ ਵਿੱਢੀ ਗਈ ਸੀ।
ਇੱਕ ਪੁਲੀਸ ਅਧਿਕਾਰੀ ਅਨੁਸਾਰ ਰਾਜਸਥਾਨ ਦੇ ਭਿਵਾੜੀ ਤੋਂ ਛੇ ਜਣਿਆਂ ਨੂੰ ਹਥਿਆਰਾਂ ਦੀ ਸਿਖਲਾਈ ਲੈਂਦੇ ਸਮੇਂ ਗ੍ਰਿਫ਼ਤਾਰ ਕੀਤਾ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਣਾ ਹਸਨ ਅੰਸਾਰੀ, ਇਨਾਮੁਲ ਅੰਸਾਰੀ, ਅਲਤਾਫ਼ ਅੰਸਾਰੀ, ਅਰਸ਼ਦ ਖ਼ਾਨ, ਉਮਰ ਫਾਰੂਕ ਅਤੇ ਸ਼ਾਹਬਾਜ਼ ਅੰਸਾਰੀ ਵਜੋਂ ਹੋਈ ਹੈ। ਸਾਰੇ ਝਾਰਖੰਡ ਦੇ ਵਸਨੀਕ ਹਨ ਅਤੇ ਪਿਛਲੇ ਕੁਝ ਸਮੇਂ ਤੋਂ ਰਾਜਸਥਾਨ ਵਿੱਚ ਰਹਿ ਰਹੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛ ਪੜਤਾਲ ਦੇ ਆਧਾਰ ’ਤੇ ਝਾਰਖੰਡ ਦੇ ਰਾਂਚੀ ਤੋਂ ਪੰਜ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਦੀ ਪਛਾਣ ਡਾ. ਇਸ਼ਤਿਆਕ ਅਹਿਮਦ, ਮੋਤੀਉਰ, ਰਿਜ਼ਵਾਨ, ਮੁਫ਼ਤੀ ਰਹਿਮਤਉੱਲ੍ਹਾ ਅਤੇ ਫੈਜ਼ਾਨ ਵਜੋਂ ਹੋਈ ਹੈ।
ਦਿੱਲੀ ਪੁਲੀਸ ਨੇ ਇੱਕ ਬਿਆਨ ਵਿੱਚ ਕਿਹਾ, ‘‘ਮਾਡਿਊਲ ਦੀ ਅਗਵਾਈ ਰਾਂਚੀ (ਝਾਰਖੰਡ) ਦਾ ਡਾ. ਇਸ਼ਤਿਆਕ ਕਰ ਰਿਹਾ ਸੀ ਅਤੇ ਉਸ ਦਾ ਇਰਾਦਾ ਦੇਸ਼ ਅੰਦਰ ‘ਖਿਲਾਫ਼ਤ’ ਦਾ ਐਲਾਨ ਕਰਨਾ ਅਤੇ ਗੰਭੀਰ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣਾ ਸੀ।’’ ਬਿਆਨ ਅਨੁਸਾਰ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੋਂ ਪੁੱਛ ਪੜਤਾਲ ਲਈ ਤਿੰਨ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਸਰਕਾਰੀ ਸੂੁਤਰਾਂ ਨੇ ਦੱਸਿਆ ਕਿ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਤਿੰਨਾਂ ਸੂਬਿਆਂ ਵਿੱਚ 15 ਥਾਈਂ ਛਾਪੇ ਮਾਰੇ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛ ਪੜਤਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਹਥਿਆਰ, ਗੋਲਾ-ਬਾਰੂਦ ਅਤੇ ਦਸਤਾਵੇਜ਼ ਬਰਾਮਦ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ। -ਪੀਟੀਆਈ