ਲੋੜਵੰਦਾਂ ਨੂੰ ਰਜਾਈਆਂ, ਕੰਬਲ ਅਤੇ ਗੱਦੇ ਵੰਡੇ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 24 ਦਸੰਬਰ
ਸ਼ਹੀਦੀ ਹਫਤੇ ਮੌਕੇ ਰਤੀਆ ਹੈਲਪਿੰਗ ਹੈਂਡਜ਼ ਵੈਲਫੇਅਰ ਟਰੱਸਟ ਵੱਲੋਂ ਰਤੀਆ ਦੇ ਐਸਡੀਐਮ ਜਗਦੀਸ਼ ਚੰਦਰ ਅਤੇ ਸੀਟੀਐੱਮ ਪ੍ਰਵੇਸ਼ ਕੁਮਾਰ ਦੀ ਅਗਵਾਈ ਹੇਠ ਲੋੜਵੰਦਾਂ ਨੂੰ ਰਜਾਈਆਂ, ਕੰਬਲ ਅਤੇ ਗੱਦੇ ਵੰਡਣ ਲਈ ਵਾਹਨ ਰਵਾਨਾ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਹਫ਼ਤੇ ਦੇ ਮੱਦੇਨਜ਼ਰ ਲੋੜਵੰਦ ਲੋਕਾਂ ਗਰਮ ਕੱਪੜੇ ਵੰਡੇ ਗਏ। ਇਸ ਮੌਕੇ ਐੱਸਡੀਐੱਮ ਜਗਦੀਸ਼ ਚੰਦਰ ਅਤੇ ਸੀਟੀਐੱਮ ਪ੍ਰਵੇਸ਼ ਕੁਮਾਰ ਨੇ ਕਿਹਾ ਕਿ ਰਤੀਆ ਹੈਲਪਿੰਗ ਹੈਂਡ ਵੈਲਫੇਅਰ ਟਰੱਸਟ ਦੇ ਮੈਂਬਰ ਹਮੇਸ਼ਾ ਹੀ ਸਮਾਜ ਸੇਵਾ ਲਈ ਪੂਰੇ ਉਤਸ਼ਾਹ ਨਾਲ ਕੰਮ ਕਰਦੇ ਹਨ ਅਤੇ ਟਰੱਸਟ ਵੱਲੋਂ ਸ਼ਹੀਦੀ ਸਪਤਾਹ ਮੌਕੇ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਰਜਾਈਆਂ ਵੰਡਣ ਦੀ ਮੁਹਿੰਮ ਚਲਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਹਿੱਤ ਕਾਰਜਾਂ ਲਈ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਮਿਲਦਾ ਹੈ ਅਤੇ ਅੱਗੇ ਵੀ ਜਾਰੀ ਰਹੇਗਾ। ਟਰੱਸਟ ਦੇ ਮੁਖੀ ਰਣਜੀਤ ਸਿੰਘ ਭਾਨੀਖੇੜਾ ਨੇ ਦੱਸਿਆ ਕਿ ਰਜਾਈਆਂ, ਕੰਬਲਾਂ ਅਤੇ ਗੱਦਿਆਂ ਨਾਲ ਭਰੀ ਇਹ ਗੱਡੀ ਘਰ-ਘਰ ਜਾ ਕੇ ਲੋੜਵੰਦ ਲੋਕਾਂ ਨੂੰ ਇਹ ਵਸਤਾਂ ਵੰਡੇਗੀ। ਸੰਸਥਾ ਦੇ ਸੀਨੀਅਰ ਮੈਂਬਰ ਸੰਜੇ ਮੋਦੀ ਅਤੇ ਨਰੇਸ਼ ਭੂਰਾ ਬਾਂਸਲ ਨੇ ਦੱਸਿਆ ਕਿ ਸ਼ਹਿਰ ਵਿੱਚ ਲੋੜਵੰਦਾਂ ਨੂੰ ਰਜਾਈਆਂ ਅਤੇ ਕੰਬਲ ਵੰਡਣ ਤੋਂ ਬਾਅਦ ਸਰਦੀਆਂ ਦੇ ਮੌਸਮ ਵਿੱਚ ਪਿੰਡਾਂ ਦੇ ਲੋਕਾਂ ਤੱਕ ਇਨ੍ਹਾਂ ਚੀਜ਼ਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਟਰੱਸਟ ਮੈਂਬਰ ਬੌਬੀ ਗੋਸਵਾਮੀ, ਰਾਕੇਸ਼ ਲਲਿਤ, ਬੌਬੀ ਮੌਂਗਾ, ਰਮਨ ਬਲਾਣਾ, ਕਰਮਜੀਤ ਸੋਨੀ, ਹੈਪੀ ਸੇਠੀ, ਆਸ਼ੂ ਸਿੰਗਲਾ, ਸਤਪਾਲ ਸਿੰਗਲਾ, ਇੱਕਵੀਰ ਸੋਨੀ ਹਾਜ਼ਰ ਸਨ।