ਵਿਵਾਦਾਂ ਅਤੇ ਮਤਭੇਦਾਂ ਦਾ ਨਿਬੇੜਾ ਵਾਰਤਾ ਅਤੇ ਕੂਟਨੀਤੀ ਨਾਲ ਹੋਣਾ ਚਾਹੀਦੈ: ਜੈਸ਼ੰਕਰ
* ਚੁਣੌਤੀਆਂ ਨਾਲ ਸਿੱਝਣ ਲਈ ਵਿਚਾਰ ਕਰਨ ’ਤੇ ਦਿੱਤਾ ਜ਼ੋਰ
ਕਜ਼ਾਨ, 24 ਅਕਤੂਬਰ
ਟਕਰਾਅ ਅਤੇ ਤਣਾਅ ਨਾਲ ਅਸਰਦਾਰ ਢੰਗ ਨਾਲ ਸਿੱਝਣ ਨੂੰ ਅੱਜ ਦੇ ਸਮੇਂ ਦੀ ਖਾਸ ਲੋੜ ਦੱਸਦਿਆਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀਰਵਾਰ ਨੂੰ ਕਿਹਾ ਕਿ ਵਿਵਾਦਾਂ ਅਤੇ ਮਤਭੇਦਾਂ ਦਾ ਨਿਬੇੜਾ ਵਾਰਤਾ ਅਤੇ ਕੂਟਨੀਤੀ ਨਾਲ ਕੱਢਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਇਕ ਵਾਰ ਸਹਿਮਤੀ ਬਣ ਜਾਵੇ ਤਾਂ ਇਮਾਨਦਾਰੀ ਨਾਲ ਉਸ ਦਾ ਪਾਲਣ ਹੋਣਾ ਚਾਹੀਦਾ ਹੈ। ਜੈਸ਼ੰਕਰ ਨੇ ਰੂਸ ਦੇ ਕਜ਼ਾਨ ’ਚ ਬਰਿੱਕਸ ਦੇ ਆਊਟਰੀਚ ਸੈਸ਼ਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ਾਮਲ ਹੁੰਦਿਆਂ ਇਹ ਗੱਲ ਆਖੀ।
ਉਨ੍ਹਾਂ ਕਿਹਾ, ‘‘ਅਸੀਂ ਮੁਸ਼ਕਲ ਹਾਲਾਤ ’ਚ ਮਿਲ ਰਹੇ ਹਾਂ। ਦੁਨੀਆ ਨੂੰ ਲੰਬੇ ਸਮੇਂ ਦੀਆਂ ਚੁਣੌਤੀਆਂ ਬਾਰੇ ਨਵੇਂ ਸਿਰੇ ਤੋਂ ਵਿਚਾਰ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਸਾਡਾ ਇਥੇ ਇਕੱਤਰ ਹੋਣਾ ਇਸ ਗੱਲ ਦਾ ਸੁਨੇਹਾ ਹੈ ਕਿ ਅਸੀਂ ਅਜਿਹਾ ਕਰਨ ਲਈ ਤਿਆਰ ਹਾਂ।’’ ਜੈਸ਼ੰਕਰ ਨੇ ਆਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹਿਲਾਂ ਦੇ ਇਕ ਬਿਆਨ ਦਾ ਜ਼ਿਕਰ ਕਰਦਿਆਂ ਕਿਹਾ, ‘‘ਇਹ ਜੰਗ ਦਾ ਯੁੱਗ ਨਹੀਂ ਹੈ।’’ ਉਨ੍ਹਾਂ ਬਰਿੱਕਸ ਸੈਸ਼ਨ ’ਚ ਕਿਹਾ ਕਿ ਕੌਮਾਂਤਰੀ ਕਾਨੂੰਨ ਦਾ ਬਿਨਾਂ ਕਿਸੇ ਅਪਵਾਦ ਦੇ ਪਾਲਣ ਅਤੇ ਅਤਿਵਾਦ ਪ੍ਰਤੀ ਬਰਦਾਸ਼ਤ ਨਾ ਕਰਨ ਵਾਲਾ ਰੁਖ਼ ਅਪਣਾਇਆ ਜਾਣਾ ਚਾਹੀਦਾ ਹੈ। ਵਿਦੇਸ਼ ਮੰਤਰੀ ਨੇ ਕਿਹਾ, ‘‘ਪੱਛਮੀ ਏਸ਼ੀਆ ’ਚ ਚਿੰਤਾ ਦੇ ਹਾਲਾਤ ਨੂੰ ਸਮਝਿਆ ਜਾ ਸਕਦਾ ਹੈ। ਪੱਛਮੀ ਏਸ਼ੀਆ ’ਚ ਜੰਗ ਹੋਰ ਫੈਲਣ ਨੂੰ ਲੈ ਕੇ ਵੱਡੇ ਪੱਧਰ ’ਤੇ ਚਿੰਤਾਵਾਂ ਹਨ।’’ ਬਰਿੱਕਸ ਸੰਮੇਲਨ ਦੇ ਆਖਰੀ ਦਿਨ ਇਥੇ ਆਊਟਰੀਚ/ਬਰਿੱਕਸ ਪਲੱਸ ਮੀਟਿੰਗ ਕੀਤੀ ਗਈ। ਸੈਸ਼ਨ ’ਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼, ਦੁਨੀਆ ਭਰ ਦੇ 20 ਤੋਂ ਵਧ ਆਗੂਆਂ ਅਤੇ 30 ਤੋਂ ਵਧ ਵਫ਼ਦਾਂ ਨੇ ਹਿੱਸਾ ਲਿਆ। ਇਸ ਦੌਰਾਨ ਜੈਸ਼ੰਕਰ ਨੇ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ, ਇੰਡੋਨੇਸ਼ੀਆ ਦੇ ਸੁਗੀਓਨੋ, ਸਾਊਦੀ ਅਰਬ ਦੇ ਫੈਸਲ ਬਿਨ ਫਰਹਾਨ, ਸੰਯੁਕਤ ਅਰਬ ਅਮੀਰਾਤ ਦੇ ਅਬਦੁੱਲਾ ਬਿਨ ਜ਼ਾਯੇਦ ਬਿਨ ਅਲ ਨਾਹਯਾਨ ਅਤੇ ਥਾਈਲੈਂਡ ਦੇ ਵਿਦੇਸ਼ ਮੰਤਰੀ ਮਾਰਿਸ ਸੰਗਿਆਮਪੋਂਗਸਾ ਨਾਲ ਗੈਰਰਸਮੀ ਤੌਰ ’ਤੇ ਮੀਟਿੰਗਾਂ ਕੀਤੀਆਂ। ਉਨ੍ਹਾਂ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਿਹ ਅਲ-ਸੀਸੀ ਨਾਲ ਵੀ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਦੀ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨਾਲ ਵੀ ਦੁਆ-ਸਲਾਮ ਹੋਈ। -ਪੀਟੀਆਈ