ਵਹਿਮ ਦਾ ਰੋਗ
ਰਵੀ ਗੁਪਤਾ
ਮੈਂ ਦਿਨ ਦਾ ਕੰਮ ਮੁਕਾ ਕੇ ਫਾਰਗ ਹੋਣ ਵਾਲਾ ਹੀ ਸੀ ਕਿ ਫੋਨ ਦੀ ਘੰਟੀ ਵੱਜੀ। ਕਾਲ ਕਰਨ ਵਾਲਾ ਇੱਕ ਨੌਜਵਾਨ ਆਈਟੀ ਪ੍ਰੋਫੈਸ਼ਨਲ ਸੀ ਜੋ ਤੁਰੰਤ ਅਪਾਇੰਟਮੈਂਟ ਚਾਹੁੰਦਾ ਸੀ ਕਿਉਂਕਿ ਉਸ ਦੇ ਸੱਜੇ ਗੋਡੇ ਵਿੱਚ ਤਿੱਖਾ ਦਰਦ ਹੋ ਰਿਹਾ ਸੀ। ਮੈਂ ਠਹਿਰ ਗਿਆ ਤੇ ਉਨ੍ਹਾਂ ਦੀ ਉਡੀਕ ਕਰਨ ਲੱਗ ਪਿਆ। ਇਸ ਦੌਰਾਨ ਉਹ ਫੋਨ ਕਰ ਕੇ ਮੈਨੂੰ ਦੱਸਦਾ ਰਿਹਾ ਕਿ ਉਹ ਘਰੋਂ ਚੱਲ ਪਏ ਹਨ, ਮਤੇ ਮੈਂ ਚਲਿਆ ਨਾ ਜਾਵਾਂ।
ਜਦੋਂ ਉਹ ਨੌਜਵਾਨ ਆਪਣੇ ਮਾਤਾ ਪਿਤਾ ਅਤੇ ਭੈਣ ਨਾਲ ਮੇਰੇ ਓਪੀਡੀ ਕਮਰੇ ਵਿੱਚ ਦਾਖ਼ਲ ਹੋਇਆ ਤਾਂ ਉਨ੍ਹਾਂ ਦੇ ਚਿਹਰਿਆਂ ’ਤੇ ਬੇਚੈਨੀ, ਤਣਾਓ ਤੇ ਡਰ ਦਾ ਮਿਲਿਆ-ਜੁਲਿਆ ਭਾਵ ਸਾਫ਼ ਝਲਕ ਰਿਹਾ ਸੀ। ਉਸ ਨੇ ਮੈਨੂੰ ਆਪਣੀ ਐੱਮਆਰਆਈ ਰਿਪੋਰਟ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਪਹਿਲਾਂ ਉਸ ਦੇ ਗੋਡੇ ਦਾ ਮੁਆਇਨਾ ਕਰਨ ਦਾ ਫ਼ੈਸਲਾ ਕੀਤਾ ਜਿਸ ਵਿੱਚ ਉਸ ਨੂੰ ਇੱਕ ਹਫ਼ਤੇ ਤੋਂ ਦਰਦ ਮਹਿਸੂਸ ਹੋ ਰਿਹਾ ਸੀ, ਹਾਲਾਂਕਿ ਉਸ ਦੇ ਪਹਿਲਾਂ ਕੋਈ ਸੱਟ ਫੇਟ ਨਹੀਂ ਲੱਗੀ ਸੀ। ਨਿਰੀਖਣ ਤੋਂ ਬਾਅਦ ਉਸ ਦੇ ਗੋਡੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਗਾੜ ਨਜ਼ਰ ਨਹੀਂ ਆ ਰਿਹਾ ਸੀ ਅਤੇ ਫਿਰ ਮੈਂ ਉਸ ਦੀ ਐੱਮਆਰਆਈ ਫਿਲਮਾਂ ਵੀ ਦੇਖੀਆਂ ਤੇ ਉਨ੍ਹਾਂ ਵਿੱਚ ਵੀ ਕਿਸੇ ਕਿਸਮ ਦੇ ਨੁਕਸ ਦੀ ਨਿਸ਼ਾਨਦੇਹੀ ਨਹੀਂ ਹੋ ਰਹੀ ਸੀ। ਉਸ ਦੀ ਬਿਨੈ ਮੰਨ ਕੇ ਮੈਂ ਉਸ ਦੀ ਐੱਮਆਰਆਈ ਰਿਪੋਰਟ ਵੀ ਵਾਚੀ ਜਿਸ ਵਿੱਚ ਗੋਡੇ ਦੇ ਦਬਾਓ ਸਹਾਰਨ ਵਾਲੇ ਹਿੱਸੇ (ਮੈਨਿਸਕਸ) ਵਿੱਚ ਮਾਮੂਲੀ ਜਿਹੇ ਬਦਲਾਓ ਆਉਣ ਦੇ ਸੰਕੇਤ ਸਨ।
ਇਸ ਤੋਂ ਪਹਿਲਾਂ ਕਿ ਮੈਂ ਆਪਣਾ ਮਸ਼ਵਰਾ ਦਿੰਦਾ, ਉਸ ਨੇ ਮੈਥੋਂ ਪੁੱਛਿਆ ਕਿ ਕੀ ਮੈਂ ਤੁਰੰਤ ਗੋਡੇ ਦਾ ਅਪਰੇਸ਼ਨ ਕਰ ਸਕਦਾ ਹਾਂ। ਜਦੋਂ ਮੈਂ ਆਖਿਆ ਕਿ ਸਰਜਰੀ ਦੀ ਕੋਈ ਲੋੜ ਨਹੀਂ ਹੈ ਤਾਂ ਉਸ ਦਾ ਚਿਹਰਾ ਉਤਰ ਗਿਆ। ਨੌਜਵਾਨ ਨੇ ਦੱਸਿਆ ਕਿ ਉਸ ਨੇ ਗੂਗਲ ਤੋਂ ਜਾਣਕਾਰੀ ਇਕੱਤਰ ਕੀਤੀ ਸੀ ਕਿ ਐੱਮਆਰਆਈ ਰਿਪੋਰਟ ਵਿੱਚ ਜੋ ਸਥਿਤੀ ਬਿਆਨ ਕੀਤੀ ਗਈ ਹੈ, ਜੇ ਇਲਾਜ ਨਾ ਕੀਤਾ ਗਿਆ ਤਾਂ ਗੋਡੇ ਦਾ ਨੁਕਸਾਨ ਵੀ ਹੋ ਸਕਦਾ ਹੈ। ਮੈਂ ਉਸ ਨੂੰ ਐੱਮਆਰਆਈ ਜਾਂ ਹੋਰਨਾਂ ਜਾਂਚਾਂ ਦੇ ਸਿੱਟਿਆਂ ਦੀ ਅਹਿਮੀਅਤ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਕੋਈ ਫ਼ਾਇਦਾ ਨਾ ਹੋਇਆ। ਮੈਂ ਆਖਿਆ ਕਿ ਜੇ ਮੈਂ ਆਰਥ੍ਰੋਸਕੋਪ ਦੀ ਵਰਤੋਂ ਵੀ ਕਰ ਲਵਾਂ ਤਾਂ ਵੀ ਕੁਝ ਨਹੀਂ ਹੋਣਾ ਪਰ ਉਸ ਨੇ ਝੱਟ ਆਖਿਆ ਕਿ ਘੱਟੋ ਘੱਟ ਇਹ ਤਸੱਲੀ ਤਾਂ ਹੋ ਜਾਵੇਗੀ ਕਿ ਉਸ ਦਾ ਗੋਡਾ ਠੀਕ ਹੈ।
ਉਸ ਦੇ ਪਿਤਾ ਸਰਕਾਰੀ ਮੁਲਾਜ਼ਮਤ ਤੋਂ ਸੇਵਾਮੁਕਤ ਹੋਏ ਸਨ, ਮਾਂ ਘਰੇਲੂ ਸੁਆਣੀ ਅਤੇ ਭੈਣ ਵਿਦਿਆਰਥਣ ਸੀ। ਉਨ੍ਹਾਂ ਆਪਣੀਆਂ ਬੱਚਤਾਂ ਦਾ ਵੱਡਾ ਹਿੱਸਾ ਕਿਸੇ ਕਾਰਪੋਰੇਟ ਹਸਪਤਾਲ ਤੋਂ ਉਸ ਦੇ ਇਲਾਜ ਦੇ ਲੇਖੇ ਲਾ ਦਿੱਤਾ ਸੀ। ਉਨ੍ਹਾਂ ਵੱਲੋਂ ਵਾਰ-ਵਾਰ ਡਾਇਗਨੌਸਟਿਕ ਆਰਥ੍ਰੋਸਕੋਪੀ ਕਰਨ ਦਾ ਦਬਾਓ ਪਾਉਣ ਤੋਂ ਬਾਅਦ ਮੈਂ ਉਨ੍ਹਾਂ ਨੂੰ ਕਮਰੇ ਤੋਂ ਬਾਹਰ ਆਰਾਮ ਨਾਲ ਬੈਠ ਕੇ ਮੇਰੇ ਮਸ਼ਵਰੇ ਉਪਰ ਗ਼ੌਰ ਕਰਨ ਅਤੇ ਫਿਰ ਇਹ ਫ਼ੈਸਲਾ ਕਰਨ ਲਈ ਆਖਿਆ ਕਿ ਕੀ ਉਹ ਵਾਕਈ ਸਰਜਰੀ ਕਰਾਉਣਾ ਚਾਹੁੰਦੇ ਹਨ।
ਦਸ ਕੁ ਮਿੰਟ ਦੇ ਸਲਾਹ ਮਸ਼ਵਰੇ ਤੋਂ ਬਾਅਦ ਉਹ ਨੌਜਵਾਨ ਆਪਣੇ ਪਰਿਵਾਰਕ ਮੈਂਬਰਾਂ ਨਾਲ ਮੁੜ ਮੇਰੇ ਕਮਰੇ ਵਿੱਚ ਆਇਆ। ਉਸ ਨੇ ਮੈਥੋਂ ਪੁੱਛਿਆ ਕਿ ਕੀ ਮੈਂ ਉਸ ਦੇ ਦੋਵੇਂ ਗੋਡਿਆਂ ਦੀ ਡਾਇਗਨੌਸਟਿਕ ਆਰਥ੍ਰੋਸਕੋਪੀ ਕਰ ਸਕਦਾ ਹਾਂ ਕਿਉਂਕਿ ਉਸ ਨੂੰ ਆਪਣੇ ਦੂਜੇ ਗੋਡੇ ਵਿੱਚ ਵੀ ਰੁਕ ਰੁਕ ਕੇ ਦਰਦ ਮਹਿਸੂਸ ਹੋ ਰਿਹਾ ਹੈ। ਉਸ ਵੇਲੇ ਮੈਂ ਆਪਣੇ ਪੇਸ਼ੇ ਦੇ ਇਖ਼ਲਾਕੀ ਅਸੂਲ ਦਾ ਚੇਤਾ ਕੀਤਾ ਕਿ ‘ਇੱਕ ਚੰਗਾ ਸਰਜਨ ਉਹ ਹੁੰਦਾ ਹੈ ਜੋ ਇਹ ਜਾਣਦਾ ਹੈ ਕਿ ਅਪਰੇਸ਼ਨ ਕਦੋਂ ਨਹੀਂ ਕੀਤਾ ਜਾਣਾ ਚਾਹੀਦਾ’। ਮੈਂ ਉਸ ਨੂੰ ਹੋਰ 45 ਮਿੰਟ ਸਮਝਾਉਂਦਾ ਰਿਹਾ ਕਿ ਐੱਮਆਰਆਈ ਸਕੈਨ ਵਿੱਚ ਬੇਲੋੜੀ ਜਾਂਚ ਦੀ ਗੁੰਜਾਇਸ਼ ਹੁੰਦੀ ਹੈ ਅਤੇ ਰੇਡੀਓਲੌਜਿਸਟ ਵੱਲੋਂ ਰਿਪੋਰਟ ਕੀਤੀ ਹਰੇਕ ਨਿੱਕੀ ਮੋਟੀ ਮਰਜ਼ ਦਾ ਇਲਾਜ ਕਰਨਾ ਜ਼ਰੂਰੀ ਨਹੀਂ ਹੁੰਦਾ। ਇਸ ਦੌਰਾਨ, ਉਹ ਮੈਨੂੰ ਇੰਟਰਨੈੱਟ ਤੋਂ ਡਾਉੂਨਲੋਡ ਕੀਤੇ ਲੇਖਾਂ ਅਤੇ ਖੋਜ ਪੇਪਰਾਂ ਦੀਆਂ ਕਾਪੀਆਂ ਦਿਖਾਉਂਦਾ ਰਿਹਾ ਜਿਸ ਤੋਂ ਸੰਕੇਤ ਮਿਲ ਰਿਹਾ ਸੀ ਕਿ ਉਹ ਕਿਸੇ ਗੰਭੀਰ ਰੋਗ ਤੋਂ ਪੀੜਤ ਹੈ। ਆਖ਼ਰ, ਉਹ ਪਰਿਵਾਰ ਮਾਯੂਸ ਹੋ ਕੇ ਉੱਥੋਂ ਚਲਿਆ ਗਿਆ।
ਇਹ ਕੋਈ ਇੱਕਾ ਦੁੱਕਾ ਕੇਸ ਨਹੀਂ ਹੈ। ਅੱਜਕੱਲ੍ਹ ਲਗਪਗ ਹਰੇਕ ਮਰੀਜ਼ ਕਿਸੇ ਡਾਕਟਰ ਕੋਲ ਜਾਣ ਤੋਂ ਪਹਿਲਾਂ ਆਪਣੇ ਲੱਛਣਾਂ ਬਾਰੇ ਇੰਟਰਨੈੱਟ ’ਤੇ ਖੋਜ-ਬੀਣ ਕਰਦਾ ਹੈ। ਆਨਲਾਈਨ ਜਾਣਕਾਰੀਆਂ ਦੇ ਭਰਮ ਅਤੇ ਡਰ ਕਰਕੇ ਉਨ੍ਹਾਂ ’ਚੋਂ ਬਹੁਤ ਸਾਰਿਆਂ ਨੇ ਬੇਲੋੜੀਆਂ ਦਵਾਈਆਂ ਖਾਧੀਆਂ ਜਾਂ ਇਲਾਜ ਕਰਵਾਏ ਹੁੰਦੇ ਹਨ। ਇਹ ਵਰਤਾਰਾ ਦੁਨੀਆ ਭਰ ਵਿੱਚ ਫੈਲ ਰਿਹਾ ਹੈ ਅਤੇ ਮੈਡੀਕਲ ਸਾਹਿਤ ਵਿੱਚ ਇੱਕ ਨਵੀਂ ਬਿਮਾਰੀ ਦਾ ਨਾਂ ਜੁੜ ਗਿਆ ਹੈ। ਇਸ ‘ਸਾਈਬਰਕੌਂਡਰੀਆ’ ਕਹਿੰਦੇ ਹਨ ਜੋ ਹਾਈਪੋਕੌਂਡਰੀਆ (ਬਿਮਾਰੀ ਦਾ ਵਹਿਮ) ਦਾ ਇੱਕ ਨਵਾਂ ਰੂਪ ਹੈ।