ਪੁਸਤਕ ‘ਚਿੰਤਨ ਪ੍ਰਕਿਰਿਆ: ਦਲੀਲ ਬਾਦਲੀਲ’ ’ਤੇ ਵਿਚਾਰ ਗੋਸ਼ਟੀ
ਖੇਤਰੀ ਪ੍ਰਤੀਨਿਧ
ਲੁਧਿਆਣਾ, 15 ਜੁਲਾਈ
ਪੰਜਾਬੀ ਸਾਹਿਤ ਅਕੈਡਮੀ ਅਤੇ ਲੋਕ ਮੰਚ ਪੰਜਾਬ ਵੱਲੋਂ ਸਤਨਾਮ ਚਾਨਾ ਦੀ ਪੁਸਤਕ ‘ਚਿੰਤਨ ਪ੍ਰਕਿਰਿਆ: ਦਲੀਲ ਬਾਦਲੀਲ’ ਉੱਤੇ ਵਿਚਾਰ ਗੋਸ਼ਟੀ ਕਰਵਾਈ ਗਈ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪ੍ਰੋ. ਜਗਮੋਹਨ ਸਿੰਘ, ਸੁਰਿੰਦਰ ਸਿੰਘ ਸੁੰਨੜ, ਡਾ. ਕਰਮਜੀਤ ਸਿੰਘ, ਸਤਨਾਮ ਚਾਨਾ, ਬਲਵਿੰਦਰ ਗਰੇਵਾਲ ਅਤੇ ਡਾ. ਗੁਰਇਕਬਾਲ ਸਿੰਘ ਸ਼ਾਮਲ ਸਨ।
ਸਮਾਗਮ ਵਿੱਚ ਵੱਖ-ਵੱਖ ਸਭਾਵਾਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਅਕੈਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਭਾਰਤੀ ਚਿੰਤਨ ਪ੍ਰਕਿਰਿਆ ਤੋਂ ਲੈ ਕੇ ਅਜੋਕੇ ਕਾਰਪੋਰੇਟੀ ਆਰਥਿਕ ਮਾਡਲ ਦੀਆਂ ਬਾਰੀਕੀਆਂ ਅਤੇ ਉਨ੍ਹਾਂ ਵਿਚਲੇ ਸੰਘਰਸ਼ੀ ਨੁਕਤਿਆਂ ਨੂੰ ਜਿਸ ਤਰ੍ਹਾਂ ਲੇਖਕ ਨੇ ਫੜਿਆ ਹੈ ਉਹ ਸਮਾਜਿਕ ਸੰਘਰਸ਼ਾਂ ਲਈ ਬੇਹੱਦ ਮੁੱਲਵਾਨ ਹੈ। ਪ੍ਰਧਾਨਗੀ ਭਾਸ਼ਨ ਵਿੱਚ ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਆਪਣੇ ਵਿਚਾਰਾਂ ਅਤੇ ਇਤਿਹਾਸਕ ਵਿਰਾਸਤਾਂ ਵਾਲੇ ਪਾਤਰਾਂ ਨੂੰ ਨੌਜਵਾਨ ਪੀੜ੍ਹੀ ਨਾਲ ਜੋੜਨ ਦੀ ਜ਼ਰੂਰਤ ਹੈ। ਪੁਸਤਕ ਦੇ ਲੇਖਕ ਸਤਨਾਮ ਚਾਨਾ ਨੇ ਕਿਹਾ, ‘‘ਜਦੋਂ ਵੀ ਮੈਂ ਕੋਈ ਲਿਖਤ ਲਿਖਦਾ ਹਾਂ ਤਾਂ ਸਭ ਤੋਂ ਪਹਿਲਾਂ ਪਾਠਕ ਨੂੰ ਧਿਆਨ ਵਿਚ ਰੱਖਦਾ ਹਾਂ ਕਿ ਉਸ ਦਾ ਸੋਚਣ ਦਾ ਢੰਗ ਵਿਕਸਤ ਕਰਨ ਵਿਚ ਮੇਰੀਆਂ ਲਿਖਤਾਂ ਕਿੰਨਾਂ ਕੁ ਯੋਗਦਾਨ ਪਾ ਸਕਦੀਆਂ ਹਨ।’’