ਭਾਰਤ ਤੇ ਅਮਰੀਕੀ ਜਲ ਸੈਨਾਵਾਂ ਵੱਲੋਂ ਸਹਿਯੋਗ ਵਧਾਉਣ ਬਾਰੇ ਚਰਚਾ
ਨਵੀਂ ਦਿੱਲੀ, 24 ਸਤੰਬਰ
ਜਲ ਸੈਨਾ ਮੁਖੀ ਐਡਮਿਰਲ ਆਰ. ਹਰੀ ਕੁਮਾਰ ਨੇ ਅਮਰੀਕਾ ਦੀ ਚਾਰ ਦਿਨਾਂ ਯਾਤਰਾ ਦੌਰਾਨ ਤੇਜ਼ੀ ਨਾਲ ਵਧਦੀ ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ਵਿੱਚ ਦੁਵੱਲੇ ਸਮੁੰਦਰੀ ਸੁਰੱਖਿਆ ਸਹਿਯੋਗ ਨੂੰ ਵਧਾਉਣ ਦੇ ਤਰੀਕਿਆਂ ’ਤੇ ਪ੍ਰਮੁੱਖਤਾ ਨਾਲ ਗੱਲਬਾਤ ਕੀਤੀ। ਇਹ ਜਾਣਕਾਰੀ ਅਧਿਕਾਰੀਆਂ ਨੇ ਅੱਜ ਦਿੱਤੀ ਹੈ। ਜਲ ਸੈਨਾ ਮੁਖੀ ਨੇ 25ਵੀਂ ਕੌਮਾਂਤਰੀ ਸਮੁੰਦਰੀ ਸ਼ਕਤੀ ਗੋਸ਼ਟੀ (ਆਈਐੱਸਐੱਸ) ਵਿੱਚ ਹਿੱਸਾ ਲੈਣ ਲਈ 19 ਤੋਂ 22 ਸਤੰਬਰ ਤੱਕ ਅਮਰੀਕਾ ਦਾ ਦੌਰਾ ਕੀਤਾ।
ਭਾਰਤੀ ਜਲ ਸੈਨਾ ਦੇ ਬੁਲਾਰੇ ਕਮਾਂਡਰ ਵਿਵੇਕ ਮਧਵਾਲ ਨੇ ਕਿਹਾ, ‘‘ਜਲ ਸੈਨਾ ਮੁਖੀ ਦੀ ਅਮਰੀਕਾ ਫੇਰੀ ਕਾਰਨ ਦੁਵੱਲਾ ਸਹਿਯੋਗ ਮਜ਼ਬੂਤ ਕਰਨ ਦੇ ਨਾਲ ਹੀ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਵੱਖ-ਵੱਖ ਸਾਂਝੇਦਾਰਾਂ ਨਾਲ ਭਾਈਵਾਲੀ ਲਈ ਜਲ ਸੈਨਾ ਦੇ ਉੱਚ ਪੱਧਰ ’ਤੇ ਗੱਲਬਾਤ ਕਰਨ ਦਾ ਅਹਿਮ ਮੌਕਾ ਮਿਲਿਆ।’’
ਅਮਰੀਕੀ ਜਲ ਸੈਨਾ ਨੇ ਖੁੱਲ੍ਹੇ ਤੇ ਨਿਯਮ ਆਧਾਰਿਤ ਹਿੰਦ-ਪ੍ਰਸ਼ਾਂਤ ਦੇ ਸਾਂਝੇ ਨਜ਼ਰੀਏ ਤਹਿਤ ਕੰਮ ਕਰਨ ਲਈ ਹਮਖ਼ਿਆਲੀ ਜਲ ਸੈਨਾਵਾਂ ਦਰਮਿਆਨ ਸਹਿਯੋਗ ਵਧਾਉਣ ਦੇ ਉਦੇਸ਼ ਨਾਲ ਨਿਊਪੋਰਟ ਦੇ ਰੋਡ ਆਈਲੈਂਡ ਵਿੱਚ ‘ਯੂਐੱਸ ਨੇਵਲ ਵਾਰ ਕਾਲਜ’ ਵਿੱਚ ਇਸ ਸੰਮੇਲਨ ਦੀ ਮੇਜ਼ਬਾਨੀ ਕੀਤੀ ਸੀ। ਐਡਮਿਰਲ ਹਰੀ ਕੁਮਾਰ ਨੇ ਇਸ ਸੰਮੇਲਨ ਵਿੱਚ ਹਿੱਸਾ ਲੈਣ ਤੋਂ ਇਲਾਵਾ ਅਮਰੀਕਾ, ਆਸਟਰੇਲੀਆ, ਮਿਸਰ, ਫਿਜ਼ੀ, ਇਜ਼ਰਾਈਲ, ਇਟਲੀ, ਜਾਪਾਨ, ਕੀਨੀਆ, ਪੇਰੂ, ਸਾਊਦੀ ਅਰਬ, ਸਿੰਗਾਪੁਰ ਅਤੇ ਬਰਤਾਨੀਆ ਸਮੇਤ ਵੱਖ-ਵੱਖ ਦੇਸ਼ਾਂ ਦੇ ਆਪਣੇ ਹਮਰੁਤਬਾ ਨਾਲ ਵੀ ਦੁਵੱਲੀਆਂ ਮੀਟਿੰਗਾਂ ਕੀਤੀਆਂ।
ਮੱਧਵਾਲ ਨੇ ਕਿਹਾ, ‘‘ਯਾਤਰਾ ਦੌਰਾਨ ਵਿਆਪਕ ਗੱਲਬਾਤ ਮੁਕਤ, ਖੁੱਲ੍ਹੇ ਤੇ ਸਹਿਯੋਗੀ ਹਿੰਦ-ਪ੍ਰਸ਼ਾਂਤ ਦੇ ਨਜ਼ਰੀਏ ਨੂੰ ਸਾਕਾਰ ਕਰਨ ਵੱਲ ਭਾਰਤੀ ਜਲ ਸੈਨਾ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਇਸ ਫੇਰੀ ਦੌਰਾਨ ਭਾਰਤ ਤੇ ਅਮਰੀਕਾ ਦੀਆਂ ਜਲ ਸੈਨਾਵਾਂ ਦਰਮਿਆਨ ਮਾਲਾਬਾਰ, ਸੀ ਡਰੈਗਨ, ਰਿਮ ਆਫ ਦਿ ਪੈਸੀਫਿਕ ਐਕਸਰਸਾਈਜ਼ (ਆਰਆਈਐੱਮਪੀਏਸੀ) ਅਤੇ ਟਾਈਗਰ ਟ੍ਰਾਇੰਫ’ ਵਰਗੀਆਂ ਬਹੁਧਿਰੀ ਮਸ਼ਕਾਂ ਵਿੱਚ ਵੱਡੀ ਆਪਰੇਸ਼ਨਲ ਭਾਈਵਾਲੀ ਤਲਾਸ਼ਣ ਬਾਰੇ ਵੀ ਚਰਚਾ ਕੀਤੀ। -ਪੀਟੀਆਈ