ਭੰਡਾਲ ਦੀ ਪੁਸਤਕ ‘ਪੰਜਾਬੀਆਂ ਦੀ ਮਰਨ-ਮਿੱਟੀ’ ਉੱਤੇ ਚਰਚਾ
ਟ੍ਰਿਬਿਊਨ ਨਿਊਜ਼ ਸਰਵਿਸ
ਜਲੰਧਰ, 30 ਜੁਲਾਈ
ਦੇਸ਼ ਭਗਤ ਯਾਦਗਾਰ ਕਮੇਟੀ ਦੀ ਇਤਿਹਾਸ ਕਮੇਟੀ ਦੇ ਕਨਵੀਨਰ ਹਰਵਿੰਦਰ ਭੰਡਾਲ ਦੀ ਪੁਸਤਕ ‘ਪੰਜਾਬੀਆਂ ਦੀ ਮਰਨ-ਮਿੱਟੀ’ ਉੱਤੇ ਚਰਚਾ ਕੀਤੀ ਗਈ। ਮੁੱਖ ਵਕਤਾ ਸੁਖਜਿੰਦਰ ਨੇ ਕਿਹਾ ਕਿ ਇਤਿਹਾਸ ਦੀ ਗੱਲ ਕਰਦਿਆਂ ਇੱਕ ਅੱਖ ਗੁਆਉਣੀ ਪੈਂਦੀ ਹੈ, ਜੇਕਰ ਇਤਿਹਾਸ ਦੀ ਗੱਲ ਨਹੀਂ ਕਰਾਂਗੇ ਤਾਂ ਦੋਵੇਂ ਅੱਖਾਂ ਗੁਆ ਬਹਿੰਦੇ ਹਾਂ। ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਕਿਹਾ ਕਿ ਹਰਵਿੰਦਰ ਭੰਡਾਲ ਦੀ ਕਿਤਾਬ ਚੇਤਨਾ ਅਤੇ ਚਿੰਤਨ ਨੂੰ ਜਗਾਉਂਦੀ ਹੈ। ਪ੍ਰੋ. ਸੁਰਜੀਤ ਜੱਜ ਨੇ ਕਿਹਾ ਕਿ ਪੰਜਾਬੀਆਂ ਦੀ ਮਰਨ ਮਿੱਟੀ ਦੀ ਮਾਨਸਿਕਤਾ ਬਸਤੀਵਾਦੀ ਦਾਬੇ ਤੋਂ ਬਾਅਦ ਹੀ ਨਹੀਂ ਬਣੀ ਸਗੋਂ ਇਸਦੀ ਪਿੱਠ ਭੂਮੀ ਦੀ ਮਿੱਟੀ ਵੀ ਫਰੋਲਣ, ਛਾਨਣ ਦੀ ਲੋੜ ਹੈ। ਸ਼ਬਦੀਸ਼ ਨੇ ਕਿਹਾ ਕਿ 5000 ਸਾਲ ਪੁਰਾਣੇ ਇਤਿਹਾਸ ਨੂੰ ਸਤਾਰਵੀਂ ਸਦੀ ਤੋਂ ਸ਼ੁਰੂ ਕਰ ਕੇ ਪੁਸਤਕ ਪੰਜਾਬੀਆਂ ਦੀ ਮਰਨ ਮਿੱਟੀ ਦੇ ਗਹਿਰੇ ਰੁਝਾਨਾਂ ਨੂੰ ਸ਼ਾਇਦ ਫੜਨ ’ਚ ਸੰਪੂਰਨਤਾ ਦੀ ਦਾਅਵੇਦਾਰੀ ਨਹੀਂ ਕਰ ਸਕਦੀ। ਡਾ. ਪਰਮਿੰਦਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਜੇਲ੍ਹ ਡਾਇਰੀ ਅਤੇ ਹੋਰ ਲਿਖਤਾਂ ਉਪਰ ਪੜਚੋਲਵੀਂ ਦ੍ਰਿਸ਼ਟੀ ਤੋਂ ਗੰਭੀਰ ਕੰਮ ਹੋਣ ਦੀ ਲੋੜ ਹੈ। ਡਾ. ਸੇਵਾ ਸਿੰਘ ਨੇ ਕਿਹਾ ਕਿ ਪੰਜਾਬ ਦੀ ਭੋਇ ਪ੍ਰਤੀਰੋਧ ਦੀ ਭੋਇੰ ਰਹੀ ਹੈ। ਉਨ੍ਹਾਂ ਕਿਹਾ ਕਿ ਬਸਤੀਵਾਦੀਆਂ ਨੇ ਬਾਬਾ ਨਾਨਕ, ਬੁੱਲੇ ਸ਼ਾਹ ਦਾ ਚਿੰਤਨ ਅਤੇ ਸੰਵਾਦ ਦਾ ਸੱਤਿਆਨਾਸ਼ ਕੀਤਾ ਤਾਂ ਜੋ ਉਹ ਲੋਕਾਂ ਨੂੰ ਗ਼ੁਲਾਮੀ ਦੀ ਚੋਭ ਰੜਕਣ ਤੋਂ ਬੇਖ਼ਬਰ ਰੱਖ ਸਕਣ।