ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਖਸ਼ਿੰਦਰ ਦੇ ਨਾਵਲ ‘ਇਸ਼ਕ ਨਾ ਮੰਨੇ ਵਾਟ’ ’ਤੇ ਵਿਚਾਰ ਚਰਚਾ

08:05 AM Apr 17, 2024 IST
ਵੈਨਕੂਵਰ ਵਿਚਾਰ ਮੰਚ ਵੱਲੋਂ ਕਰਵਾਏ ਸਮਾਗਮ ਦੀ ਝਲਕ

ਹਰਦਮ ਮਾਨ

Advertisement

ਸਰੀ: ਵੈਨਕੂਵਰ ਵਿਚਾਰ ਮੰਚ ਵੱਲੋਂ ਬੀਤੇ ਦਿਨੀਂ ਪੱਤਰਕਾਰ ਅਤੇ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਨਾ ਮੰਨੇ ਵਾਟ’ ’ਤੇ ਵਿਚਾਰ ਚਰਚਾ ਕਰਨ ਲਈ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਸਰੀ ਦੇ ਕੰਪਲੈਕਸ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਨਾਵਲਕਾਰ ਜਰਨੈਲ ਸਿੰਘ ਸੇਖਾ, ਵਿਦਵਾਨ ਡਾ. ਸਾਧੂ ਸਿੰਘ ਅਤੇ ਨਾਵਲਕਾਰ ਬਖਸ਼ਿੰਦਰ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਕਰਦਿਆਂ ਮੰਚ ਸੰਚਾਲਕ ਮੋਹਨ ਗਿੱਲ ਨੇ ਬਖਸ਼ਿੰਦਰ ਅਤੇ ਨਾਵਲ ਬਾਰੇ ਸੰਖੇਪ ਜਾਣਕਾਰੀ ਦਿੱਤੀ। ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਨੇ ਸਮਾਗਮ ਵਿੱਚ ਪਹੁੰਚੀਆਂ ਸਭਨਾਂ ਸ਼ਖ਼ਸੀਅਤਾਂ ਨੂੰ ‘ਜੀ ਆਇਆਂ’ ਕਿਹਾ ਅਤੇ ਵੈਨਕੂਵਰ ਵਿਚਾਰ ਮੰਚ ਦੀ ਸਥਾਪਨਾ, ਉਦੇਸ਼ ਅਤੇ ਇਸ ਦੀਆਂ ਸਰਗਰਮੀਆਂ ਬਾਰੇ ਚਾਨਣਾ ਪਾਇਆ।
ਨਾਵਲ ’ਤੇ ਪਰਚਾ ਪੇਸ਼ ਕਰਦਿਆਂ ਜਰਨੈਲ ਸਿੰਘ ਸੇਖਾ ਨੇ ਨਾਵਲ ਦੀ ਕਹਾਣੀ ਨੂੰ ਸਾਰ ਰੂਪ ਵਿੱਚ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਨਾਵਲ ਦੀ ਇੱਕ ਖੂਬੀ ਇਹ ਹੈ ਕਿ ਇਸ ਵਿੱਚ ਪਾਤਰਾਂ ਦੀ ਭਰਮਾਰ ਨਹੀਂ। ਇਸ ਦੀ ਬੋਲੀ ਮੁਹਾਵਰੇਦਾਰ ਅਤੇ ਕਾਵਿਕ ਹੈ। ਕਾਵਿ ਤੁਕਾਂ ਰਾਹੀਂ ਬੋਲੀ ਹੋਰ ਵੀ ਰਸਦਾਰ ਬਣਾਈ ਗਈ ਹੈ। ਨਾਵਲ ਦੀ ਭਾਸ਼ਾ ਕਰਾਰੀ ਅਤੇ ਉਤੇਜਕ ਹੈ। ਉਨ੍ਹਾਂ ਕਿਹਾ ਕਿ ਨਾਵਲ ਵਿੱਚ ਇੱਕ ਥਾਂ ਜਾ ਕੇ ਸਾਰੇ ਪਾਤਰ ਗਾਇਬ ਹੋ ਜਾਂਦੇ ਹਨ ਅਤੇ ਨਾਵਲਕਾਰ ਦਾ ਥੀਸਿਸ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਇੱਕ ਥਾਂ ’ਤੇ ਸਮੇਂ ਤੇ ਸਥਾਨ ਦੀ ਪੇਸ਼ਕਾਰੀ ’ਤੇ ਵੀ ਕਿੰਤੂ ਕੀਤਾ। ਦੂਜੇ ਬੁਲਾਰੇ ਡਾ. ਸਾਧੂ ਸਿੰਘ ਨੇ ਵੀ ਵਿਚਾਰ ਪ੍ਰਗਟਾਏ। ਸ਼ਾਇਰ ਗੁਰਦਰਸ਼ਨ ਸਿੰਘ ਬਾਦਲ ਅਤੇ ਅੰਗਰੇਜ਼ ਬਰਾੜ ਨੇ ਵੀ ਨਾਵਲ ’ਤੇ ਵਿਚਾਰ ਪੇਸ਼ ਕੀਤੇ।
ਬਖਸ਼ਿੰਦਰ ਨੇ ਕਿਹਾ ਕਿ ਰੂਹਾਨੀ ਅਤੇ ਜਿਸਮਾਨੀ ਇਸ਼ਕ ਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਫਿਲਮੀ ਸਕਰਿਪਟਾਂ ਤੋਂ ਤੌਬਾ ਕਰਨ ਅਤੇ ਨਾਵਲ ਲਿਖਣ ਵੱਲ ਮੁੜਨ ਬਾਰੇ ਦੱਸਿਆ ਅਤੇ ਪੰਜਾਬੀ ਭਾਸ਼ਾ ਦੀਆਂ ਬਾਰੀਕੀਆਂ ਦੀ ਵੀ ਗੱਲ ਕੀਤੀ। ਸਮਾਗਮ ਵਿੱਚ ਸੋਹਣ ਸਿੰਘ ਪੂਨੀ, ਪਰਮਿੰਦਰ ਸਵੈਚ, ਬਿੰਦੂ ਮਠਾੜੂ, ਦਵਿੰਦਰ ਗੌਤਮ, ਰਾਜਵੰਤ ਰਾਜ, ਕੁਲਦੀਪ ਸਿੰਘ ਬਾਸੀ, ਇੰਦਰਜੀਤ ਰੋਡੇ, ਚਮਕੌਰ ਸਿੰਘ ਸੇਖੋਂ, ਨਵਦੀਪ ਗਿੱਲ ਅਤੇ ਸੁਰਿੰਦਰ ਚਾਹਲ ਵੀ ਸ਼ਾਮਲ ਸਨ।
ਸੰਪਰਕ: 1 604 308 6663

ਖ਼ਾਲਸਾ ਪੰਥ ਦੀ ਸਿਰਜਣਾ ’ਤੇ ਵਿਚਾਰ ਚਰਚਾ

ਕੈਲਗਰੀ: ਅਰਪਨ ਲਿਖਾਰੀ ਸਭਾ ਦੀ ਅਪਰੈਲ ਮਹੀਨੇ ਦੀ ਮੀਟਿੰਗ ਇੱਥੇ ਕੋਸੋ ਹਾਲ ਵਿੱਚ ਡਾ. ਜੋਗਾ ਸਿੰਘ ਸਿਹੋਤਾ, ਜਸਵੰਤ ਸੇਖੋਂ ਸਿੰਘ ਅਤੇ ਪ੍ਰਿੰਸੀਪਲ ਬਲਦੇਵ ਸਿੰਘ ਦੁੱਲਟ ਦੀ ਪ੍ਰਧਾਨਗੀ ਹੇਠ ਹੋਈ। ਸਕੱਤਰ ਜਰਨੈਲ ਸਿੰਘ ਤੱਗੜ ਨੇ ਸਟੇਜ ਸੰਭਾਲਦਿਆਂ ਜੀ ਆਇਆ ਅਖਿਆ ਅਤੇ ਵਿਸਾਖੀ ’ਤੇ ਵਧਾਈ ਦਿੰਦਿਆਂ ਇਸ ’ਤੇ ਵਿਚਾਰ ਚਰਚਾ ਸ਼ੁਰੂ ਕੀਤੀ।
ਸ਼ਾਇਰ ਕੇਸਰ ਸਿੰਘ ਨੀਰ ਨੇ ਭਾਈ ਵੀਰ ਸਿੰਘ ਅਤੇ ਪ੍ਰੋ. ਮੋਹਨ ਸਿੰਘ ਦੀਆਂ ਰੁਬਾਈਆਂ ਨਾਲ ਸ਼ੁਰੂਆਤ ਕੀਤੀ। ਬੀਬੀ ਗੁਰਨਾਮ ਕੌਰ ਨੇ ਵਿਸਾਖੀ ਦੇ ਇਤਿਹਾਸਕ ਪਿਛੋਕੜ ਬਾਰੇ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਕਰਕੇ ਖ਼ਾਲਸੇ ਦੀ ਸਿਰਜਨਾ ਤੱਕ ਦਾ ਮੰਤਵ ਦੱਸਿਆ। ਉਨ੍ਹਾਂ ਕਿਹਾ ਕਿ ਜੋ ਮਿਸ਼ਨ ਗੁਰੂ ਨਾਨਕ ਦੇਵ ਜੀ ਦਾ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਕਰਕੇ ਉਸ ਨੂੰ ਅਸਲੀ ਜਾਮਾ ਪਹਿਨਾਇਆ।
ਕੈਲਗਰੀ ਦੇ ਖੋਜੀ ਕਵੀਸ਼ਰ ਜਸਵੰਤ ਸਿੰਘ ਸੇਖੋਂ ਨੇ ਪੰਜਾਂ ਪਿਆਰਿਆਂ ਦੇ ਪਿਛੋਕੜ ਦੇ ਇਤਿਹਾਸ ਬਾਰੇ ਇੱਕ ਪੁਸਤਕ ਲਿਖੀ ਹੈ, ਉਸ ਵਿੱਚੋਂ ਗੁਰੂ ਜੀ ਦੇ ਪਿਆਰੇ ਦਇਆ ਸਿੰਘ ਦੇ ਪਿਛੋਕੜ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਸੁਖਵਿੰਦਰ ਸਿੰਘ ਤੂਰ ਨੇ ਪੰਜਾਬ ਤੋਂ ਆਏ ਕਵੀ ਜਸਵਿੰਦਰ ਸਿੰਘ ਰੁਪਾਲ ਦੀ ਖ਼ਾਲਸਾ ਪੰਥ ਦੀ ਸਿਰਜਨਾ ਬਾਰੇ ਲਿਖੀ ਕਵਿਤਾ ਸੁਣਾਈ। ਸਤਨਾਮ ਸਿੰਘ ਸ਼ੇਰਗਿੱਲ ਨੇ ਇਸ ਵਿਚਾਰ ਚਰਚਾ ਨੂੰ ਅਗੇ ਤੋਰਦਿਆਂ ਨਸਲੀ ਵਿਤਕਰੇ ਅਤੇ ਸਮਾਜਿਕ ਬਰਾਬਰੀ ਦੀ ਗੱਲ ਕਰਦਿਆਂ ਕੈਨੇਡਿਆਈ ਕਰੰਸੀ ਦੇ ਦਸ ਡਾਲਰ ਦੇ ਨੋਟ ’ਤੇ ਕਾਲੇ ਮੂਲ ਦੀ ਲੜਕੀ ਦੀ ਫੋਟੋ ਬਾਰੇ ਚਾਨਣਾ ਪਇਆ।
ਉਨ੍ਹਾਂ ਦੱਸਿਆ ਕਿ ਕਿਵੇਂ ਉਹ ਬਚਪਨ ਵਿੱਚ ਨਸਲੀ ਵਿਤਕਰੇ ਦਾ ਸ਼ਿਕਾਰ ਹੋਈ ਅਤੇ ਜ਼ਿੰਦਗੀ ਦਾ ਸੰਘਰਸ਼ ਕਿਸ ਤਰ੍ਹਾਂ ਲੜਿਆ।
ਡਾ. ਜੋਗਾ ਸਿੰਘ ਨੇ ਗੀਤ ਸੁਣਾ ਕੇ ਰੰਗ ਬੰਨ੍ਹਿਆ। ਲਖਵਿੰਦਰ ਸਿੰਘ ਜੌਹਲ ਨੇ ‘ਸਾਂਝਾ ਪੰਜਾਬ’ ਕਵਿਤਾ ਸੁਣਾ ਕੇ ਹਾਜ਼ਰੀ ਲਗਵਾਈ। ਕੁਲਦੀਪ ਕੌਰ ਘਟੌੜਾ ਨੇ ਅੰਮ੍ਰਿਤਧਾਰੀ ਅਤੇ ਸਾਹਿਜਧਾਰੀ ਸਿੱਖਾਂ ਬਾਰੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਆਖਿਆ ਕਿ ਬਾਹਰਲੇ ਵਿਖਾਵੇ ਨਾਲੋਂ ਅਮਲਾਂ ’ਤੇ ਜ਼ੋਰ ਦੇਣ ਦੀ ਵੀ ਲੋੜ ਹੈ। ਪ੍ਰਿੰਸੀਪਲ ਬਲਦੇਵ ਸਿੰਘ ਦੁੱਲਟ ਨੇ ਆਪਣੀ ਜ਼ਿੰਦਗੀ ਦੀਆਂ ਯਾਦਾਂ ਸਾਝੀਆਂ ਕਰਦੇ ਦੱਸਿਆ ਕਿ ਅਧਿਆਪਨ ਸਮੇਂ ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰਨਾ ਹੀ ਇੱਕ ਅਧਿਆਪਕ ਦਾ ਕਰਮ ਧਰਮ ਹੈ। ਜਰਨੈਲ ਸਿੰਘ ਤੱਗੜ ਨੇ ਕਵਿਤਾ ਸਾਂਝੀ ਕੀਤੀ ਅਤੇ ਨਾਲ ਹੀ ਆਪਣੀ ਪੰਜਾਬ ਫੇਰੀ ਬਾਰੇ ਪੰਜਾਬ ਦੀ ਵਰਤਮਾਨ ਹਾਲਤ ’ਤੇ ਵਿਸਥਾਰ ਨਾਲ ਚਾਨਣਾ ਪਾਇਆ।
ਸਤਨਾਮ ਸਿੰਘ ਢਾਅ ਨੇ ਵਿਸਾਖੀ ਦਿਵਸ ਦੀ ਗੱਲ ਕਰਦਿਆਂ ਕਿਹਾ ਕਿ ਵਿਸਾਖੀ ’ਤੇ ਜਿੱਥੇ ਅਸੀਂ ਆਪਣੇ ਧਾਰਮਿਕ, ਸੱਭਿਆਚਾਰਕ, ਰਾਜਨੀਤਿਕ ਵਿਰਸੇ ਦੀ ਗੱਲ ਕਰਦੇ ਹਾਂ ਉੱਥੇ ਅੱਜ ਦੇ ਦਿਨ ਅਸੀਂ ਜਲ੍ਹਿਆਂਵਾਲੇ ਬਾਗ਼ ਦੇ ਸ਼ਹੀਦਾਂ ਨੂੰ ਵੀ ਯਾਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਦਾ ਸਿਰਜਨਾ ਦਿਵਸ ਸਾਨੂੰ ਜਬਰ ਜ਼ੁਲਮ ਅਤੇ ਬੇਇਨਸਾਫ਼ੀ ਖਿਲਾਫ਼ ਆਵਾਜ਼ ਬੁਲੰਦ ਕਰਨ ਦਾ ਸੁਨੇਹਾ ਦਿੰਦਾ ਹੈ। ਇਨ੍ਹਾਂ ਬੁਲਾਰਿਆਂ ਤੋਂ ਇਲਾਵਾ ਇਸ ਵਿਚਾਰ ਚਰਚਾ ਵਿੱਚ ਅਵਤਾਰ ਕੌਰ ਤੱਗੜ, ਪ੍ਰਿਤਪਾਲ ਸਿੰਘ ਮੱਲ੍ਹੀ, ਸੁਬਾ ਸਦੀਕ ਅਤੇ ਗੁਰਮੀਤ ਸਿੰਘ ਢਾਅ ਨੇ ਵੀ ਭਰਪੂਰ ਹਿੱਸਾ ਲਿਆ।
ਖ਼ਬਰ ਸਰੋਤ: ਅਰਪਨ ਲਿਖਾਰੀ ਸਭਾ

Advertisement

Advertisement