ਉਦਯੋਗਿਕ ਫੋਕਲ ਪੁਆਇੰਟ ਦੇ ਪਾਣੀ ਨੂੰ ਰੋਕਣ ਲਈ ਲਾਏ ਬੰਨ੍ਹ ਦਾ ਮਾਮਲਾ ਭਖਿਆ
ਮਿਹਰ ਸਿੰਘ
ਕੁਰਾਲੀ, 31 ਜੁਲਾਈ
ਸਥਾਨਕ ਉੁਦਯੋਗਿਕ ਫੋਕਲ ਪੁਆਇੰਟ ਦੇ ਪਾਣੀ ਦੀ ਨਿਕਾਸੀ ਦਾ ਮਾਮਲਾ ਪੁਲੀਸ ਤੱਕ ਜਾ ਪੁੱਜਾ ਹੈ। ਨਿਕਾਸੀ ਪ੍ਰਬੰਧ ਤੇ ਪਾਣੀ ਤੋਂ ਪ੍ਰੇਸ਼ਾਨ ਸਿੰਘਪੁਰਾ ਵਾਸੀਆਂ ਨੇ ਬੀਤੇ ਦਿਨੀਂ ਬੰਨ੍ਹ ਲਗਾ ਕੇ ਪਿੰਡ ਵਿੱਚ ਪਾਣੀ ਦਾ ਦਾਖਲਾ ਰੋਕ ਦਿੱਤਾ ਸੀ। ਪਿੰਡ ਵਾਸੀ ਪ੍ਰਸ਼ਾਸਨ ਤੇ ਪੁਲੀਸ ਦੇ ਦਬਾਅ ਦੇ ਬਾਵਜੂਦ ਬੰਨ੍ਹ ਨਾ ਖੋਲ੍ਹਣ ਲਈ ਡਟੇ ਹੋਏ ਹਨ। ਉਦਯੋਗਿਕ ਵਿਭਾਗ ਨੇ ਸਥਾਨਕ ਸਿਟੀ ਪੁਲੀਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦੋਵੇਂ ਧਿਰਾਂ ਦੀ ਮੀਟਿੰਗ ਉਪਰੰਤ ਅੱਜ ਉਦਯੋਗਿਕ ਵਿਭਾਗ, ਨਗਰ ਕੌਂਸਲ, ਇੰਡਸਟਰੀਅਲ ਐਸੋਸੀਏਸ਼ਨ ਅਤੇ ਪਿੰਡ ਸਿੰਘਪੁਰਾ ਦੇ ਵਸਨੀਕਾਂ ਨੇ ਬੰਨ੍ਹ ਵਾਲੀ ਥਾਂ ਦਾ ਮੌਕਾ ਦੇਖਿਆ। ਸਿੰਘਪੁਰਾ ਵਾਸੀ ਜ਼ੈਲਦਾਰ ਕਮਲਜੀ ਸਿੰਘ, ਜ਼ੈਲਦਾਰ ਕੁਲਵਿੰਦਰ ਸਿੰਘ, ਦੀਪ ਸਿੰਘ, ਜਰਨੈਲ ਸਿੰਘ ਖਾਲਸਾ, ਅਜੀਤ ਸਿੰਘ ਆਦਿ ਨੇ ਕਿਹਾ ਕਿ ਫੋਕਲ ਪੁਆਇੰਟ ਦਾ ਪਾਣੀ ਲਗਾਤਾਰ ਪਿੰਡ ਵੱਲ ਆ ਰਿਹਾ ਹੈ, ਜਿਸ ਕਾਰਨ ਜਿੱਥੇ ਖੇਤਾਂ ਵਿੱਚ ਫ਼ਸਲਾਂ ਖਰਾਬ ਹੋ ਰਹੀਆਂ ਹਨ, ਉੱਥੇ ਪਿੰਡ ਦੇ ਆਮ ਲੋਕਾਂ ਦਾ ਵੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਦਯੋਗਿਕ ਵਿਭਾਗ ਫੋਕਲ ਪੁਆਇੰਟ ਵੱਲ ਤੋਂ ਆਉਂਦੇ ਪਾਣੀ ਦਾ ਮਸਲਾ ਬਹੁਤ ਅਰਸੇ ਤੋਂ ਚੱਲਿਆ ਆ ਰਿਹਾ ਹੈ, ਜਿਸ ਨੂੰ ਹੱਲ ਕਰਨ ਵਿੱਚ ਵਿਭਾਗ ਤੇ ਪ੍ਰਸ਼ਾਸਨ ਅਸਫ਼ਲ ਰਿਹਾ ਹੈ।
ਮੌਕੇ ’ਤੇ ਪੁੱਜੇ ਐੱਸਡੀਓ ਸੰਦੀਪ ਸਿੰਘ, ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਪਰਵਿੰਦਰ ਸਿੰਘ ਭੱਟੀ ਤੇ ਸਥਾਨਕ ਥਾਣਾ ਸਿਟੀ ਦੇ ਐੱਸਐੱਚਓ ਸਤਨਾਮ ਸਿੰਘ ਨੇ ਪਿੰਡ ਵਾਸੀਆਂ ਨੂੰ ਬੰਨ੍ਹ ਖੋਲ੍ਹਣ ਲਈ ਕਿਹਾ ਪਰ ਪਿੰਡ ਵਾਲੇ ਬੰਨ੍ਹ ਲਗਾ ਕੇ ਰੱਖਣ ਲਈ ਅੜੇ ਰਹੇ।
ਕੀ ਕਹਿੰਦੇ ਹਨ ਅਧਿਕਾਰੀ
ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਪਰਵਿੰਦਰ ਸਿੰਘ ਭੱਟੀ ਨੇ ਕਿਹਾ ਕਿ ਇਹ ਮਾਮਲਾ ਉਦਯੋਗਿਕ ਵਿਭਾਗ ਨਾਲ ਸਬੰਧਤ ਹੈ ਅਤੇ ਉਨ੍ਹਾਂ ਵੱਲੋਂ ਹੀ ਫੈਸਲਾ ਲਿਆ ਜਾਣਾ ਹੈ। ਉਦਯੋਗਿਕ ਵਿਭਾਗ ਦੇ ਐੱਸਡੀਓ ਸੰਦੀਪ ਸਿੰਘ ਨੇ ਪਾਣੀ ਨੂੰ ਰੋਕਣ ਅਤੇ ਸੜਕ ਬੰਦ ਕਰਨ ਨੂੰ ਗਲਤ ਦੱਸਦਿਆਂ ਕਿਹਾ ਕਿ ਇਸ ਕਾਰਨ ਹੀ ਵਿਭਾਗ ਵਲੋਂ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਧਿਰਾਂ ਦੇ ਨੁਮਾਇੰਦਿਆਂ ਦਾ ਇਕੱਠ ਕਰ ਕੇ ਮਸਲੇ ਨੂੰ ਹੱਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ।