ਭਾਰਤ ਦੇ ਆਤਮ ਨਿਰਭਰ ਬਣਨ ਵਿੱਚ ਔਰਤ ਦੀ ਭੂਮਿਕਾ ਬਾਰੇ ਚਰਚਾ
ਸੰਤੋਖ ਗਿੱਲ
ਗੁਰੂਸਰ ਸੁਧਾਰ, 19 ਜੁਲਾਈ
ਇੱਥੇ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਵਿੱਚ ਇੰਡੀਅਨ ਕੌਂਸਲ ਆਫ ਸੋਸ਼ਲ ਸਾਇੰਸ ਰਿਸਰਚ ਦੇ ਸਹਿਯੋਗ ਨਾਲ ਆਤਮਨਿਰਭਰ ਭਾਰਤ ਅਤੇ ਔਰਤਾਂ ਦੇ ਸਸ਼ਕਤੀਕਰਨ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਤਕਨੀਕੀ ਸਿੱਖਿਆ ਕੌਂਸਲ ਦੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਡਾ. ਰਜਨੀਸ਼ ਅਰੋੜਾ ਨੇ ਕਿਹਾ ਕਿ ਕਿਸੇ ਵੀ ਦੇਸ਼ ਦਾ ਵਿਕਾਸ ਮੁੱਖ ਰੂਪ ਵਿੱਚ ਵਿਅਕਤੀਗਤ ਪੱਧਰ, ਸਮਾਜਕ ਪੱਧਰ, ਰਾਜ ਅਤੇ ਦੇਸ਼ ਪੱਧਰ ’ਤੇ ਹੁੰਦਾ ਹੈ। ਸੈਮੀਨਾਰ ਵਿੱਚ ਨਾਗਾਲੈਂਡ, ਮਨੀਪੁਰ, ਆਂਧਰਾ ਪ੍ਰਦੇਸ਼, ਰਾਜਸਥਾਨ, ਜੰਮੂ, ਹਰਿਆਣਾ, ਹਿਮਾਚਲ ਪ੍ਰਦੇਸ਼, ਪੱਛਮੀ ਬੰਗਾਲ, ਦਿੱਲੀ, ਉੱਤਰਾਖੰਡ, ਉੱਤਰ ਪ੍ਰਦੇਸ਼ ਸਣੇ ਹੋਰ ਸੂਬਿਆਂ ਤੋਂ ਵੀ ਖੋਜ-ਪੱਤਰ ਪੇਸ਼ਕਰਤਾ ਅਤੇ ਡੈਲੀਗੇਟ ਸ਼ਾਮਲ ਹੋਏ।
ਕਾਲਜ ਗਵਰਨਿੰਗ ਕੌਂਸਲ ਦੇ ਸਕੱਤਰ ਡਾ. ਐੱਸ.ਐੱਸ ਥਿੰਦ ਨੇ ਸੈਮੀਨਾਰ ਦੀ ਸ਼ੁਰੂਆਤ ਕਰਦਿਆਂ ਖੋਜਕਾਰਾਂ ਦਾ ਸਵਾਗਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਸੈਮੀਨਾਰ ਦੀ ਰੂਪ-ਰੇਖਾ ਬਾਰੇ ਜਾਣਕਾਰੀ ਸਾਂਝੀ ਕੀਤੀ।
ਉਦਯੋਗਿਕ ਖੇਤਰ ਦੀ ਸ਼ਖ਼ਸੀਅਤ ਸੰਦੀਪ ਕੌਰ ਰਿਆਤ ਨੇ ਕਿਹਾ ਕਿ ਉਦਯੋਗਿਕ ਖੇਤਰ ਵਿਚ ਅੱਗੇ ਵਧਣ ਲਈ ਸਖ਼ਤ ਮਿਹਨਤ ਦੇ ਨਾਲ ਨਾਲ ਜੋਖ਼ਮ ਉਠਾਉਣ ਦੀ ਵੀ ਸਮਰੱਥਾ ਵੀ ਚਾਹੀਦੀ ਹੈ। ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ ਦੀ ਡੀਨ ਡਾ. ਮਨੀਸ਼ ਬਾਂਸਲ ਨੇ ਆਤਮਨਿਰਭਰ ਭਾਰਤ ਵਿਚ ਔਰਤ ਦੀ ਭੂਮਿਕਾ ਬਾਰੇ ਚਰਚਾ ਕੀਤੀ। ਪ੍ਰਿੰਸੀਪਲ ਜਸਵਿੰਦਰ ਕੌਰ ਸਿੱਧੂ, ਪ੍ਰਿੰਸੀਪਲ ਅੰਜੂ ਕੌਸ਼ਲ, ਪ੍ਰਿੰਸੀਪਲ ਹਰਮੀਤ ਕੌਰ ਵੜੈਚ, ਪ੍ਰਿੰਸੀਪਲ ਅਮਨਦੀਪ ਕੌਰ ਬਖ਼ਸ਼ੀ ਆਦਿ ਨੇ ਚਰਚਾ ਵਿੱਚ ਹਿੱਸਾ ਲਿਆ।