ਵਿਦਿਆਰਥੀ ਨੂੰ ਕਾਲਜ ’ਚ ਦਾਖ਼ਲੇ ਨਾ ਦੇਣ ਦਾ ਮੁੱਦਾ ਭਖਿਆ
ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਠਿੰਡਾ, 28 ਅਗਸਤ
ਪੰਜਾਬ ਸਟੂਡੈਂਟਸ ਯੂਨੀਅਨ (ਰੰਧਾਵਾ) ਦੇ ਆਗੂ ਰਜਿੰਦਰ ਸਿੰਘ ਨੂੰ ਸਰਕਾਰੀ ਰਾਜਿੰਦਰਾ ਕਾਲਜ ਵਿੱਚ ਦਾਖ਼ਲਾ ਨਾ ਦੇਣ ਦੇ ਮੁੱਦੇ ’ਤੇ ਅੱਜ ਜਨਤਕ ਜਮਹੂਰੀ ਸੰਗਠਨਾਂ ਦਾ ਵਫ਼ਦ ਕਾਲਜ ਪ੍ਰਿੰਸੀਪਲ ਡਾ. ਜਯੋਤਸਨਾ ਸਿੰਗਲਾ ਨੂੰ ਮਿਲਿਆ। ਵਫ਼ਦ ’ਚ ਸ਼ਾਮਲ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ੋਨਲ ਪ੍ਰਧਾਨ ਧੀਰਜ ਕੁਮਾਰ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਆਗੂ ਖੁਸ਼ਪ੍ਰੀਤ ਕੌਰ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਖਸ਼ੀਸ਼ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਰਾਜਿੰਦਰਾ ਕਾਲਜ ਪ੍ਰਿੰਸੀਪਲ ਡਾ. ਜਯੋਤਸਨਾ ਸਿੰਗਲਾ ਨੇ ਪੰਜਾਬ ਸਟੂਡੈਂਟਸ ਯੂਨੀਅਨ ਨਾਲ ਸਬੰਧਤ ਇੱਕ ਵਿਦਿਆਰਥੀ ਆਗੂ ਨੂੰ ਕਾਲਜ ਵਿੱਚ ਦਾਖ਼ਲਾ ਦੇਣ ਤੋਂ ਮਨਾ ਕਰ ਦਿੱਤਾ ਸੀ। ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਅੰਗਰੇਜ਼ ਸਿੰਘ (ਗੋਰਾ ਮੱਤਾ), ਨੌਜਵਾਨ ਭਾਰਤ ਸਭਾ ਦੇ ਆਗੂ ਰਾਜਦੀਪ ਸਮਾਘ, ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਦਰਸ਼ਨ ਮੌੜ ਅਤੇ ਜਮਹੂਰੀ ਅਧਿਕਾਰ ਸਭਾ ਦੇ ਆਗੂ ਗੁਰਚਰਨ ਖੇਮੂਆਣਾ ਨੇ ਪ੍ਰਿੰਸੀਪਲ ਤੋਂ ਮੰਗ ਕੀਤੀ ਕਿ ਵਿਦਿਆਰਥੀ ਆਗੂ ਨੂੰ ਬਿਨਾਂ ਦੇਰੀ ਦਾਖ਼ਲਾ ਦਿੱਤਾ ਜਾਵੇ। ਵਫ਼ਦ ਅਨੁਸਾਰ ਉਨ੍ਹਾਂ ਪ੍ਰਿੰਸੀਪਲ ਨੂੰ ਦਾਖ਼ਲੇ ਲਈ 31 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਹੈ ਤੇ ਦਾਖ਼ਲਾ ਨਾ ਹੋਣ ’ਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਪੱਛਮੀ ਮਾਲਵਾ ਜ਼ੋਨ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ 1 ਸਤੰਬਰ ਨੂੰ ਕਾਲਜ ਦੇ ਗੇਟ ਅੱਗੇ ਧਰਨਾ ਲਾਇਆ ਜਾਵੇਗਾ। ਗੌਰਤਲਬ ਹੈ ਕਿ ਪ੍ਰਿੰਸੀਪਲ ਨੇ ਵਿਦਿਆਰਥੀ ਨੂੰ ਇਹ ਕਹਿ ਕਿ ਦਾਖਲਾ ਦੇਣ ਤੋਂ ਜਵਾਬ ਦੇ ਦਿੱਤਾ ਸੀ ਕਿ ਵਿਦਿਆਰਥੀ ਯੂਨੀਵਰਸਿਟੀ ਦੇ ਨਿਯਮਾਂ ਮੁਤਾਬਕ ਇੱਕ ਵਾਰ ਹੀ ਕਾਲਜ ਵਿੱਚ ਦਾਖਲਾ ਲੈ ਕੇ ਰੈਗੂਲਰ ਐੱਮਏ ਕਰ ਸਕਦਾ ਹੈ ਜਦਕਿ ਇਹ ਵਿਦਿਆਰਥੀ ਕਾਲਜ ਵਿੱਚੋਂ ਪਹਿਲਾਂ ਹੀ ਐੱਮਏ ਕਰ ਚੁੱਕਾ ਹੈ।