ਪਸ਼ੂ ਪਾਲਣ ਵਿੱਚ ਬਾਇਓ-ਤਕਨਾਲੋਜੀ ਦੇ ਯੋਗਦਾਨ ਬਾਰੇ ਚਰਚਾ
ਖੇਤਰੀ ਪ੍ਰਤੀਨਿਧ
ਲੁਧਿਆਣਾ, 19 ਜੁਲਾਈ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਐਨੀਮਲ ਬਾਇਓ-ਤਕਨਾਲੋਜੀ ਵੱਲੋਂ ‘ਆਇਡੀਆਥਨ-2023’ ਦਾ ਪ੍ਰਬੰਧ ਕੀਤਾ ਗਿਆ। ਇਹ ਸਮਾਗਮ ਜੀ-20 ਪ੍ਰੋਗਰਾਮਾਂ ਦਾ ਹਿੱਸਾ ਸੀ। ਇਸ ਦਾ ਵਿਸ਼ਾ ‘ਸੁਚੱਜੇ ਪਸ਼ੂਧਨ ਕਿੱਤਿਆਂ ਲਈ ਬਾਇਓ-ਤਕਨਾਲੋਜੀ ਦਾ ਯੋਗਦਾਨ’ ਸੀ। ਪ੍ਰੋਗਰਾਮ ਨੂੰ ਇੰਡੀਅਨ ਸੁਸਾਇਟੀ ਫਾਰ ਵੈਟਰਨਰੀ ਇਮਯੂਨਾਲੋਜੀ ਐਂਡ ਬਾਇਓ-ਤਕਨਾਲੋਜੀ ਅਤੇ ਸਟਾਰਟ-ਅੱਪ ਪੰਜਾਬ, ਪੰਜਾਬ ਸਰਕਾਰ ਵੱਲੋਂ ਸਹਿਯੋਗ ਦਿੱਤਾ ਗਿਆ ਸੀ।
ਕਾਲਜ ਦੇ ਡੀਨ ਡਾ. ਯਸਪਾਲ ਸਿੰਘ ਮਲਿਕ ਨੇ ਦੱਸਿਆ ਕਿ ਆਇਡੀਆਥਨ-2023 ਵਿੱਚ ‘ਪਸ਼ੂ ਸਿਹਤ ਵਿਚ ਬਾਇਓ-ਤਕਨਾਲੋਜੀ’, ‘ਪਸ਼ੂ ਉਤਪਾਦਨ ਵਿਚ ਬਾਇਓ-ਤਕਨਾਲੋਜੀ’, ‘ਵੇਸਟ ਟੂ ਵੈਲਥ: ਬਾਇਓ-ਤਕਨਾਲੋਜੀ ਰਾਹੀਂ ਨਵੇਂ ਉਪਰਾਲੇ’ ਆਦਿ ਤਿੰਨ ਵਿਸ਼ੇ ਸਨ। ਆਇਡੀਆਥਨ ਨੌਜਵਾਨਾਂ ਨੂੰ ਬਾਇਓ-ਤਕਨਾਲੋਜੀ ਖੋਜ ਦੇ ਖੇਤਰ ਵਿੱਚ ਧਿਆਨ ਕੇਂਦਰਿਤ ਕਰਨ ਲਈ ਵਿਲੱਖਣ ਮੰਚ ਪ੍ਰਦਾਨ ਕਰੇਗਾ। ਦੇਸ਼ ਭਰ ਵਿੱਚੋਂ ਮਿਲੇ ਭਰਵੇਂ ਹੁੰਗਾਰੇ ਨਾਲ ਦੋ ਸੈਸ਼ਨਾਂ ਵਿੱਚ ਅੰਡਰ-ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਲਈ ਮੁਕਾਬਲਾ ਕਰਵਾਇਆ ਗਿਆ। ਦੇਸ਼ ਦੇ ਅੱਠ ਸੂਬਿਆਂ ਦੇ 14 ਵੱਖ-ਵੱਖ ਕੌਮੀ ਅਤੇ ਸੂਬਾ ਪੱਧਰੀ ਸਰਕਾਰੀ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਨਾਂ ਦਰਜ ਕਰਵਾਏ ਸਨ। ਵਿਦਿਆਰਥੀਆਂ ਨੇ ਸਮਾਗਮ ਦੇ ਤਿੰਨ ਵੱਖ-ਵੱਖ ਉਪ-ਵਿਸ਼ਿਆਂ ਰਾਹੀਂ ਆਪਣੇ ਵਿਚਾਰ ਪੇਸ਼ ਕੀਤੇ। ਹਰ ਉਪ-ਵਿਸ਼ੇ ਤੋਂ ਤਿੰਨ ਬਿਹਤਰੀਨ ਵਿਚਾਰਾਂ ਦਾ ਸਨਮਾਨ ਕੀਤਾ ਗਿਆ।
ਇੰਡੀਅਨ ਸੁਸਾਇਟੀ ਫਾਰ ਵੈਟਰਨਰੀ ਇਮਯੂਨੋਲੋਜੀ ਐਂਡ ਬਾਇਓ-ਤਕਨਾਲੋਜੀ ਪ੍ਰਧਾਨ ਡਾ. ਆਰਕੇ ਸਿੰਘ ਅਤੇ ਸਟਾਰਟ-ਅੱਪ ਪੰਜਾਬ ਤੋਂ ਦੀਪਇੰਦਰ ਢਿੱਲੋਂ ਦੀ ਮੌਜੂਦਗੀ ਨੇ ਸਮਾਗਮ ਨੂੰ ਹੋਰ ਯਾਦਗਾਰੀ ਬਣਾ ਦਿੱਤਾ। ਉਪ-ਕੁਲਪਤੀ ਅਤੇ ਸਮਾਗਮ ਦੇ ਮੁੱਖ ਮਹਿਮਾਨ ਡਾ. ਇੰਦਰਜੀਤ ਸਿੰਘ ਨੇ ਕਾਲਜ ਦੀ ਟੀਮ ਨੂੰ ਆਇਡੀਆਥਨ-2023 ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਆਇਡੀਆਥਨ ਵਿੱਚ ਪੇਸ਼ ਹੋਏ ਵਿਚਾਰ ਪਸ਼ੂ ਪਾਲਣ ਅਤੇ ਸਬੰਧਿਤ ਉਦਯੋਗ ਲਈ ਜ਼ਮੀਨੀ ਖੋਜ, ਤਕਨੀਕੀ ਤਰੱਕੀ ਨੂੰ ਪ੍ਰੇਰਿਤ ਕਰਨਗੇ। ਪ੍ਰਬੰਧਕੀ ਸਕੱਤਰ ਡਾ. ਬੀਵੀ ਸੁਨੀਲ ਕੁਮਾਰ ਨੇ ਸਮਾਗਮ ਦੇ ਸਮਾਪਤੀ ਸ਼ਬਦ ਸਾਂਝੇ ਕੀਤੇ। ਆਇਡੀਆਥਨ ਦੇ ਕਨਵੀਨਰ ਡਾ. ਬਲਬੀਰ ਬਗੀਚਾ ਸਿੰਘ ਧਾਲੀਵਾਲ ਨੇ ਸਮਾਗਮ ਦੇ ਸਮਾਪਤੀ ਸੈਸ਼ਨ ਵਿੱਚ ਧੰਨਵਾਦ ਦਾ ਮਤਾ ਪੇਸ਼ ਕੀਤਾ।