For the best experience, open
https://m.punjabitribuneonline.com
on your mobile browser.
Advertisement

ਰਿਹਾਇਸ਼ੀ ਖੇਤਰ ਵਿੱਚ ਮੋਬਾਈਲ ਟਾਵਰ ਲਗਾਉਣ ਦਾ ਮਾਮਲਾ ਭਖਿਆ

10:29 AM May 01, 2024 IST
ਰਿਹਾਇਸ਼ੀ ਖੇਤਰ ਵਿੱਚ ਮੋਬਾਈਲ ਟਾਵਰ ਲਗਾਉਣ ਦਾ ਮਾਮਲਾ ਭਖਿਆ
ਮੋਬਾਈਲ ਟਾਵਰ ਲਗਾਉਣ ਦਾ ਵਿਰੋਧ ਕਰਦੇ ਹੋਏ ਪਿੰਡ ਵਾਸੀ। -ਫੋਟੋ: ਸੋਢੀ
Advertisement

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 30 ਅਪਰੈਲ
ਮੁਹਾਲੀ ਵਿੱਚ ਅਣ-ਅਧਿਕਾਰਤ ਬਹੁਮੰਜ਼ਲਾ ਪੀਜੀ ਅਤੇ ਰਿਹਾਇਸ਼ੀ ਖੇਤਰਾਂ ਵਿੱਚ ਮੋਬਾਈਲ ਟਾਵਰ ਲਗਾਉਣ ਦਾ ਮਾਮਲਾ ਭਖ ਗਿਆ ਹੈ। ਪਿੰਡ ਕੁੰਭੜਾ ਵਿੱਚ ਅਜਿਹਾ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਪੀੜਤ ਲੋਕਾਂ ਨੇ ਨਗਰ ਨਿਗਮ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਉਹ ਕਾਫ਼ੀ ਸਮੇਂ ਤੋਂ ਨਿਗਮ ਕਮਿਸ਼ਨਰ, ਮੇਅਰ ਅਤੇ ਹੋਰਨਾਂ ਅਧਿਕਾਰੀਆਂ ਨੂੰ ਸ਼ਿਕਾਇਤਾਂ ਦੇ ਕੇ ਥੱਕ ਚੁੱਕੇ ਹਨ ਪਰ ਹੁਣ ਤੱਕ ਕਿਸੇ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਬਲਵਿੰਦਰ ਕੁੰਭੜਾ ਨੇ ਕਿਹਾ ਕਿ ਪਹਿਲਾਂ ਵੀ ਪੀਜੀ ਮਾਲਕ ਨੂੰ ਕਥਿਤ ਨਾਜਾਇਜ਼ ਉਸਾਰੀ ਤੋਂ ਰੋਕਿਆ ਗਿਆ ਸੀ ਪਰ ਉਹ ਨਹੀਂ ਰੁਕੇ। ਲੰਘੀ ਰਾਤ ਪੀਜੀ ਮਾਲਕ ਨੇ ਬਹੁਮੰਜ਼ਲਾ ਪੀਜੀ ਦੀ ਛੱਤ ’ਤੇ ਮੋਬਾਈਲ ਟਾਵਰ ਲਗਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ। ਮੁਹੱਲਾ ਵਾਸੀਆਂ ਦੇ ਵਿਰੋਧ ਕਾਰਨ ਇਹ ਮਾਮਲਾ ਥਾਣੇ ਪਹੁੰਚ ਗਿਆ ਤਾਂ ਪੁਲੀਸ ਨੇ ਮੌਕੇ ’ਤੇ ਆ ਕੇ ਕੰਮ ਬੰਦ ਕਰਵਾਇਆ। ਇਸੇ ਦੌਰਾਨ ਪਿੰਡ ਬਲੌਂਗੀ ਦੇ ਵਸਨੀਕ ਵੱਲੋਂ ਹਾਈ ਕੋਰਟ ਵਿੱਚ ਕੇਸ ਦਾਇਰ ਗਿਆ, ਜਿਸ ਵਿੱਚ ਬਲੌਂਗੀ ਤੋਂ ਇਲਾਵਾ ਮੁਹਾਲੀ ਨਗਰ ਨਿਗਮ ਅਧੀਨ ਆਉਂਦੇ 6 ਪਿੰਡਾਂ ਮੁਹਾਲੀ, ਸ਼ਾਹੀਮਾਜਰਾ, ਮਦਨਪੁਰ, ਮਟੌਰ, ਸੋਹਾਣਾ ਅਤੇ ਕੁੰਭੜਾ ਹਨ। ਇਸ ਵਿੱਚ ਪੁੱਡਾ ਅਤੇ ਕਮਿਸ਼ਨਰ ਨੂੰ ਪਾਰਟੀ ਬਣਾਇਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਮੁਹਾਲੀ ਵਿੱਚ ਸਿਰਫ਼ 13 ਪੀਜੀ ਹੀ ਰਜਿਸਟਰਡ ਹਨ। ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਰਜਨੀ, ਅਮਰ ਸਿੰਘ, ਮਨਪ੍ਰੀਤ ਕੌਰ, ਹਰਬੰਸ ਸਿੰਘ, ਬਲਜੀਤ ਕੌਰ, ਗੁਰਨਾਮ ਕੌਰ ਸਾਬਕਾ ਬਲਾਕ ਸਮਿਤੀ ਮੈਂਬਰ ਤੇ ਸੁਰਿੰਦਰ ਸਿੰਘ, ਹਰਪ੍ਰੀਤ ਸਿੰਘ ਅਤੇ ਗੁਰਜੰਟ ਸਿੰਘ ਆਦਿ ਮੌਜੂਦ ਸਨ।

Advertisement

Advertisement
Author Image

Advertisement
Advertisement
×