ਪਰਵਾਸ ਦੇ ਲਾਭ ਅਤੇ ਹਾਨੀਆਂ ਬਾਰੇ ਚਰਚਾ
ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 31 ਜੁਲਾਈ
ਪੰਜਾਬੀ ਸਾਹਿਤ ਸਭਾ ਮੁਹਾਲੀ ਦੀ ਮਾਸਿਕ ਇਕੱਤਰਤਾ ਇੱਥੋਂ ਦੇ ਸੈਕਟਰ 69 ਦੇ ਪਾਰਕ ਵਿਚਲੀ ਨਗਰ ਨਿਗਮ ਲਾਇਬ੍ਰੇਰੀ ਵਿੱਚ ਡਾ. ਨਿਰਮਲ ਸਿੰਘ ਬਾਸੀ ਦੀ ਪ੍ਰਧਾਨਗੀ ਹੇਠ ਹੋਈ। ਸਭਾ ਦੇ ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਜਾਵਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪਹਿਲੇ ਦੌਰ ਵਿੱਚ ਡਾ. ਨਿਰਮਲ ਸਿੰਘ ਬਾਸੀ ਨੇ ਆਪਣਾ ਪੇਪਰ ‘ਪਰਵਾਸ, ਇਤਿਹਾਸ, ਲਾਭ ਅਤੇ ਹਾਨੀਆਂ, ਜਨਜੀਵਨ ਦੇ ਸੰਦਰਭ ਵਿੱਚ’ ਪੇਸ਼ ਕੀਤਾ। ਉਨ੍ਹਾਂ ਪਰਵਾਸ ਦੇ ਇਤਿਹਾਸ ਦੀ ਨਜ਼ਰਸਾਨੀ ਵਿੱਚੋਂ ਪੰਜਾਬੀ ਸਮਾਜ ਦੀ ਨੌਜਵਾਨੀ ਦੇ ਬਾਹਰਲੇ ਦੇਸ਼ਾਂ ਵੱਲ ਪਰਵਾਸ ਕਰਨ ਨੂੰ ਵਿਸ਼ੇਸ਼ ਰੂਪ ਵਿੱਚ ਆਧਾਰ ਬਣਾਉਂਦਿਆਂ ਇਸ ਦੇ ਲਾਭ ਹਾਨੀਆਂ ਦੀ ਚਰਚਾ ਕੀਤੀ। ਉਨ੍ਹਾਂ ਪਰਵਾਸ ਦੇ ਜਨਜੀਵਨ ਵਿੱਚ ਬੋਲੀ (ਲਿੱਪੀ), ਸੱਭਿਆਚਾਰ, ਸੰਸਕ੍ਰਿਤੀ ਉੱਤੇ ਪੈਣ ਵਾਲੇ ਅਸਰ ਨੂੰ ਸਪੱਸ਼ਟ ਕੀਤਾ। ਇਸ ਪੇਪਰ ਉੱਤੇ ਭਰਵੀਂ ਵਿਚਾਰ-ਚਰਚਾ ਵੀ ਹੋਈ। ਦੂਜੇ ਦੌਰ ਵਿੱਚ ਸਵੈਰਾਜ ਸੰਧੂ ਨੇ ਆਪਣੀ ਕਹਾਣੀ ਕੁੱਕੜਖੇਹ ਪੇਸ਼ ਕੀਤੀ। ਤੀਜੇ ਦੌਰ ਵਿੱਚ ਸਵਰਨ ਸਿੰਘ-ਯੁਧਵੀਰ ਸਿੰਘ, ਭੁਪਿੰਦਰ ਮਟੌਰਵਾਲਾ, ਪ੍ਰਮਿੰਦਰ ਸਿੰਘ, ਬਲਵਿੰਦਰ ਸਿੰਘ ਢਿਲੋਂ, ਅਮਰਜੀਤ ਸਿੰਘ ਨੇ ਸ਼ਾਨਦਾਰ ਪੇਸ਼ਕਾਰੀ ਕੀਤੀ।