ਕੁਦਰਤ ਨਾਲ ਛੇੜਛਾੜ ਨਾਲ ਹੀ ਆਉਂਦੀਆਂ ਨੇ ਆਫਤਾਂ: ਸੀਚੇਵਾਲ
ਹਤਿੰਦਰ ਮਹਿਤਾ
ਜਲੰਧਰ, 16 ਜੁਲਾਈ
ਪਵਿੱਤਰ ਕਾਲੀ ਵੇਈਂ ਦੀ ਕਾਰਸੇਵਾ ਦੀ 23ਵੀਂ ਵਰ੍ਹੇਗੰਢ ਅਤੇ ਸਾਉਣ ਮਹੀਨੇ ਦੀ ਸੰਗਰਾਂਦ ਮੌਕੇ ਸਜੇ ਦੀਵਾਨ ਵਿੱਚ ਸੰਗਤਾਂ ਨੂੰ ਸੰਬੋਧਨ ਕਰਦਿਆ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਕੁਦਰਤ ਨਾਲ ਕੀਤੀ ਜਾ ਰਹੀ ਛੇੜ-ਛਾੜ ਮਹਿੰਗੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਕੁਦਰਤੀ ਆਫਤਾਂ ਆ ਰਹੀਆਂ ਹਨ ਉਹ ਅਸਲ ਵਿੱਚ ਮਨੁੱਖ ਵੱਲੋਂ ਕੁਦਰਤ ਨਾਲ ਕੀਤੀ ਛੇੜ-ਛਾੜ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਆਲਮੀ ਪੱਧਰ ਤੇ ਆਏ ਜਲਵਾਯੂ ਪਰਿਵਰਤਨ ਨੇ ਸਾਡੀਆਂ ਰੁੱਤਾਂ ਅਤੇ ਮੌਸਮ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ।
ਪੰਜਾਬ ਵਿੱਚ ਆਏ ਹੜਾਂ ਦਾ ਜ਼ਿਕਰ ਕਰਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਦਰਿਆਵਾਂ ਦੀ ਸਫਾਈ ਨਿਰੰਤਰ ਕਰਨ ਦੀ ਸਖ਼ਤ ਲੋੜ ਹੈ। ਦਰਿਆਵਾਂ ਅੰੰਦਰ ਹੋਏ ਨਜ਼ਾਇਜ਼ ਕਬਜ਼ੇ ਵੀ ਹੜ੍ਹ ਦਾ ਵੱਡਾ ਕਾਰਨ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਬਰਸਾਤਾਂ ਤੋਂ ਬਾਅਦ ਪੰਜਾਬ ਦੇ ਦਰਿਆਵਾਂ ਵਿੱਚੋਂ ਮਿੱਟੀ ਕੱਢਣੀ ਬੇਹੱਦ ਜ਼ਰੂਰੀ। ਕੇਂਦਰੀ ਭੂ-ਜਲ ਬੋਰਡ ਦੀ ਰਿਪੋਰਟ ਦਾ ਜ਼ਿਕਰ ਕਰਦਿਆ ਉਨ੍ਹਾਂ ਕਿਹਾ ਕਿ 2039 ਤੱਕ ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਡੂੰਘਾ ਚਲੇ ਜਾਵੇਗਾ। ਉਨ੍ਹਾਂ ਕਿਹਾ ਕਿ ਜਿੰਨੀ ਵੱਡੀ ਗਿਣਤੀ ਵਿੱਚ ਪੌਦੇ ਲੱਗਣਗੇ ਉਸ ਨਾਲ ਹੜ੍ਹ ਘੱਟ ਆਉਣਗੇ ਅਤੇ ਮੀਂਹ ਜ਼ਿਆਦਾ ਪਵੇਗਾ। ਉੁਨ੍ਹਾਂ ਕਿਹਾ ਕਿ ਪੰਜਾਬ ਵਿੱਚ ਜੰਗਲਾਤ ਹੇਠ ਰਕਬਾ 33 ਫ਼ੀਸਦੀ ਹੋਣਾ ਚਾਹੀਦਾ ਹੈ ਪਰ ਇਹ ਸਿਰਫ 6 ਫ਼ੀਸਦੀ ਰਹਿ ਗਿਆ ਹੈ। ਇਸ ਮੌਕੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਸੰਗਤਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸੰਤ ਸੁਖਜੀਤ ਸਿੰਘ, ਆਸਾ ਸਿੰਘ ਘੁੰਮਣ, ਐਡਵੋਕੇਟ ਗੁਰਭੇਜ ਸਿੰਘ, ਗੁਰਦੀਪ ਸਿੰਘ, ਸਤਨਾਮ ਸਿੰਘ, ਅਮਰੀਕ ਸਿੰਘ ਹਾਜ਼ਰ ਸਨ।