ਨਿਰਾਸ਼ਾ ਜਿਨ੍ਹਾਂ ਦੇ ਪੱਲੇ ਪਈ ਹੋਵੇ
ਨੂਰ ਸੰਤੋਖਪੁਰੀ
ਵਿਅੰਗ
ਸ੍ਰੀਮਾਨ ਨਿਰਾਸ਼ਾਵਾਦੀ ਨਾ ਤਾਂ ਕਵੀ ਏ, ਨਾ ਅਧਿਆਪਕ ਜਾਂ ਪ੍ਰਾਧਿਆਪਕ ਅਤੇ ਨਾ ਹੀ ਬੁੱਧੀਜੀਵੀ ਏ। ਫਿਰ ਵੀ ਹਰ ਵਕਤ ਨਿਰਾਸ਼ਾ ’ਚ ਘਿਰਿਆ ਰਹਿੰਦਾ ਏ। ਠੰਢੇ ਤੇ ਗਜ-ਗਜ ਲੰਮੇ ਹਾਉਕੇ ਭਰਦਿਆਂ ਦਿਲ ਤੋੜਨ (ਡੋਬਣ) ਵਾਲੀਆਂ ਗੱਲਾਂ ਕਰਦਾ ਰਹਿੰਦਾ ਏ। ਨਿਰਾਸ਼ਾ ਤੋਂ ਇਲਾਵਾ ਉਦਾਸੀ, ਮਾਯੂਸੀ ਤੇ ਵੀਰਾਨੀ ਸਦਾ ਉਹਦੇ ਚਿਹਰੇ ਉੱਪਰ ਪਸਰੀ ਰਹਿੰਦੀ ਏ। ਉਹਦੀਆਂ ਅੱਖਾਂ ਵਿੱਚ ਖੰਡਰਨੁਮਾ ਸੁੰਨਾਪਣ ਛਾਇਆ ਰਹਿੰਦਾ ਏ। ਅਜਿਹੀਆਂ ਭੈੜੀਆਂ-ਭੈੜੀਆਂ ਨਿਰਾਸ਼ਾ ਭਰੀਆਂ ਗੱਲਾਂ ਕਰਦਾ ਏ ਕਿ ਸੁਣਨ ਵਾਲੇ ਖ਼ੁਸ਼ਮਿਜਾਜ਼ ਤੇ ਹਸਮੁੱਖ ਆਦਮੀ ਦੇ ਚਿਹਰੇ ਦਾ ਵੀ ਫਿਊਜ਼ ਉਡਾ ਕੇ ਰੱਖ ਦਿੰਦਾ ਏ। ਉਹਦੇ ਮਨ ਦੀ ਬੱਤੀ ਬੁਝਾ ਕੇ ਰੱਖ ਦਿੰਦਾ ਏ। ਦਿਲ ਸਾੜ ਕੇ ਕੋਲ਼ਾ ਕਰ ਦਿੰਦਾ ਏ। ਸ੍ਰੀਮਾਨ ਨਿਰਾਸ਼ਾਵਾਦੀ ਨੂੰ ਜਨਤਾ ਸਾਹਮਣੇ ਕਦੇ ਕਿਸੇ ਨੇ ਮੁਸਕਰਾਉਂਦਿਆਂ ਜਾਂ ਹੱਸਦਿਆਂ ਨਹੀਂ ਵੇਖਿਆ। ਉਲਟਾ ਉਹ ਦੰਦ ਕੱਢ ਕੇ ਹੱਸਣ ਵਾਲਿਆਂ ਨੂੰ, ਉੱਚੀ ਖੁੱਲ੍ਹ ਕੇ ਹੱਸਣ ਵਾਲਿਆਂ ਨੂੰ ਜਾਹਿਲ, ਬੇਵਕੂਫ਼, ਪਾਗਲ, ਗਵਾਰ ਸਮਝਦਾ ਏ। ਸ਼ੱਕ ਜਿਹਾ ਏ ਕਿ ਜਿਵੇਂ ਕਈ ਦੁਖੀ ਲੋਕ ਲੁਕ-ਲੁਕ ਕੇ ਰੋ ਲੈਂਦੇ ਨੇ, ਇਉਂ ਹੀ ਸ਼ਾਇਦ ਸ੍ਰੀਮਾਨ ਨਿਰਾਸ਼ਾਵਾਦੀ ਹੱਸ ਲੈਂਦਾ ਹੋਣਾ ਏ। ਲੁਕ-ਲੁਕ ਕੇ।
ਸ੍ਰੀਮਾਨ ਨਿਰਾਸ਼ਾਵਾਦੀ ਜੀ ਦਿਲ ਤੋੜਨ, ਸਾੜਨ ਵਾਲੇ ਵਿਚਾਰ ਅਤੇ ਸੜੀਆਂ-ਗਲੀਆਂ ਦਲੀਲਾਂ ਕਮਜ਼ੋਰ ਦਿਲ ਵਾਲੇ ਬੰਦੇ ਸੁਣ ਹੀ ਨਹੀਂ ਸਕਦੇ। ਜੇਕਰ ਫਸੇ ਹੋਏ ਸੁਣ ਵੀ ਲੈਣ ਤਾਂ ਉਹ ਨਿਰਾਸ਼ਾ ਦੀਆਂ ਖੱਡਾਂ ’ਚ ਮੂਧੇ-ਮੂੰਹ ਡਿੱਗ ਸਕਦੇ ਨੇ। ਉਸ ਦੀਆਂ ਨਿਰਾਸ਼ਾ ਭਰੀਆਂ ਤੇ ਜਰਕਾਉਣ ਵਾਲੀਆਂ ਗੱਲਾਂ ਕੋਈ ਵੱਡੇ ਦਿਲ-ਗੁਰਦੇ (ਵੱਡੇ ਹੌਸਲੇ) ਵਾਲਾ ਵਿਅਕਤੀ ਹੀ ਸੁਣ ਸਕਦਾ ਏ। ਸਿੱਧਾ-ਸਿੱਧਾ ਉਹ ਗਾਲ੍ਹਾਂ ਦੀਆਂ ਗੋਲੀਆਂ ਨਹੀਂ ਦਾਗ਼ਦਾ। ਐਪਰ ਗੱਲਬਾਤ ਦੌਰਾਨ ਗਾਲ੍ਹਾਂ ਵੀ ਵਰਤੋਂ ‘ਅਨਮੋਲ ਵਚਨਾਂ’ ਵਾਂਗ ਕਰਦਾ ਏ।
ਜਿਹੜੇ ਨੌਜੁਆਨ ਮੁੰਡੇ-ਕੁੜੀਆਂ ਦਿਨ-ਰਾਤ ਮਨ ਲਾ ਕੇ ਪੜ੍ਹਾਈ ਕਰਦੇ ਨੇ, ਉੱਚੇ ਅਹੁਦਿਆਂ ’ਤੇ ਪਹੁੰਚਦੇ ਨੇ, ਲਗਨ ਤੇ ਮਿਹਨਤ ਨਾਲ ਆਪਣਾ ਜੀਵਨ ਸੰਵਾਰਦੇ ਨੇ, ਉਨ੍ਹਾਂ ਬਾਰੇ ਤਾਰੀਫ਼ ਵਾਲਾ ਕੋਈ ਲਫ਼ਜ਼ ਜਾਂ ਵਾਕ ਅੱਧਖੜ੍ਹ ਉਮਰ ਵਾਲਾ ਸ੍ਰੀਮਾਨ ਨਿਰਾਸ਼ਾਵਾਦੀ ਕਦੇ ਨਹੀਂ ਬੋਲਦਾ। ਜਿਹੜੀਆਂ ਮੁਟਿਆਰਾਂ ਤੇ ਗੱਭਰੂ ਸਿਰਫ਼ ਫੈਸ਼ਨਪੱਟੂ ਹੁੰਦੇ ਨੇ, ਪੜ੍ਹਦੇ ਨਹੀਂ, ਕੋਈ ਕੰਮ-ਧੰਦਾ ਨਹੀਂ ਕਰਦੇ, ਖ਼ੂਬ ਆਵਾਰਾਗਰਦੀ ਕਰਦੇ ਨੇ ਜਾਂ ਇੰਟਰਨੈੱਟ ’ਤੇ ਚੈਟਿੰਗ-ਚੀਟਿੰਗ ਕਰਦੇ ਰਹਿੰਦੇ ਨੇ, ਉਨ੍ਹਾਂ ਬਾਰੇ ਉਹ ਮੱਥੇ ’ਤੇ ਤਿਊੜੀਆਂ ਪਾ ਕੇ ਕਹੇਗਾ, ‘‘ਅੱਜਕੱਲ੍ਹ ਦੇ ਮੁੰਡਿਆਂ ਵੱਲ ਵੇਖੋ! ਇਹ ਫੈਸ਼ਨ ਦੇ ਭੌਰੇ ਕੋਈ ਕੰਮ ਨਹੀਂ ਕਰਦੇ। ਮੁਟਿਆਰਾਂ ਤੇ ਔਰਤਾਂ ਨਾਲ ਛੇੜਖਾਨੀ ਕਰਦੇ ਨੇ। ਇਨ੍ਹਾਂ ...,... ... ਦੀਆਂ ਕੀ ਆਪਣੀਆਂ ਮਾਵਾਂ-ਭੈਣਾਂ ਨਹੀਂ ਹੈਗੀਆਂ? ... ... ਮਾਪਿਆਂ ਤੇ ਸਮਾਜ ’ਤੇ ਬੋਝ ਬਣੇ ਪਏ ਨੇ। ਰਤਾ-ਰਤਾ ਗੱਲ ਪਿੱਛੇ ਅਗਲੇ ਦੇ ਗਲ ਪੈ ਜਾਂਦੇ ਨੇ। ਝਗੜਾ ਤੇ ਮਾਰਕੁੱਟ ਕਰਦੇ ਨੇ। ਇਨ੍ਹਾਂ ਨੂੰ ਨਾ ਆਪਣੀ ਇੱਜ਼ਤ-ਖ਼ਰਾਬੀ ਦੀ ਫ਼ਿਕਰ ਏ ਤੇ ਨਾ ਕਾਨੂੰਨ ਦੀ ਪਰਵਾਹ ਏ।
ਅਜੋਕੀਆਂ ਕਈ ਮੁਟਿਆਰਾਂ ਨੱਢੀਆਂ ਫੈਸ਼ਨਪ੍ਰਸਤ, ਆਰਾਮਪ੍ਰਸਤ ਨੇ। ਫੈਸ਼ਨ ਵੀ ਕੋਝਾ ਕਰਦੀਆਂ ਤੇ ਬੋਲਦੀਆਂ ਵੀ ਰੁੱਖਾ ਨੇ। ਗੁੱਸੇ ਦੇ ਬੰਬ ਧਮਾਕੇ ਕਰਦੀਆਂ ਰਹਿੰਦੀਆਂ ਨੇ। ਮਾਵਾਂ ਕੋਲੋਂ ਘਰੇਲੂ ਕੰਮ ਸਿੱਖਦੀਆਂ ਨਹੀਂ ਤੇ ਮੋਬਾਈਲ ਫੋਨਾਂ ਦਾ ਖਹਿੜਾ ਛੱਡਦੀਆਂ ਨਹੀਂ। ਵਿਆਹ ਤੋਂ ਬਾਅਦ ਤਾਹੀਓਂ ਸਹੁਰਿਆਂ ਨਾਲ ਤੂੰ-ਤੂੰ, ਮੈਂ-ਮੈਂ ਹੋ ਜਾਂਦੀ ਏ। ਇਨ੍ਹਾਂ ਨੂੰ ਇੰਟਰਨੈੱਟ ਤਾਂ ਚਲਾਉਣਾ ਆਉਂਦਾ ਏ, ਪਰ ਘਰ ਸੰਭਾਲਣਾ, ਰਸੋਈ ਦਾ ਕੰਮ ਕਰਨਾ ਆਉਂਦਾ ਨਹੀਂ। ਕਈ ਤਾਂ ਮਾਪਿਆਂ ਦੀ ਮਰਜ਼ੀ ਦੀ ਭੁਰਜੀ ਬਣਾ ਕੇ ਆਪਣੀ ਮਰਜ਼ੀ ਦਾ ਵਿਆਹ ਕਰਵਾਉਣ ਖ਼ਾਤਰ ਘਰਾਂ ’ਚੋਂ ਗਾਇਬ ਹੋ ਜਾਂਦੀਆਂ ਨੇ। ਬੜੀ ਅਜਬ-ਗਜਬ ਹੋ ਗਈ ਏ ਦੁਨੀਆ।’’
ਸੌ ਪੈਸੇ ਸੱਚ ਹੈ ਕਿ ਸ੍ਰੀਮਾਨ ਨਿਰਾਸ਼ਾਵਾਦੀ ਨੂੰ ਉਸ ਦੇ ਗਰਮ ਘਰੇਲੂ ਹਾਲਾਤ, ਸਮਾਜ ਦੇ ਵਿਗੜੇ ਮਾਹੌਲ, ਕੋਝੀ ਸਿਆਸਤ, ਮੁਲਕ ਦੀ ਡਾਵਾਂਡੋਲ ਮਾਲੀ ਹਾਲਤ, ਕਾਣੀ ਵੰਡ, ਭ੍ਰਿਸ਼ਟ ਤੇ ਨਿਕੰਮੀ ਪ੍ਰਸ਼ਾਸਨਿਕ ਪ੍ਰਣਾਲੀ ਨੇ ਡਾਢਾ ਨਿਰਾਸ਼ਾਵਾਦੀ ਬਣਾ ਦਿੱਤਾ ਏ। ਉਸ ਦੇ ਦੋ ਜੁਆਨ ਸ਼ਾਦੀਸ਼ੁਦਾ ਪੁੱਤਰ ਉਹਦੇ ਕਾਰੋਬਾਰ ’ਚ ਪੂਰਾ ਹੱਥ ਨਹੀਂ ਵਟਾਉਂਦੇ ਤੇ ਉਸ ਨੂੰ ਖ਼ੁਦ ਆਪਣੇ ਨੌਕਰਾਂ ਦੇ ਭਰੋਸੇ ਕਾਰੋਬਾਰ ਚਲਾਉਣਾ ਤੇ ਸੰਭਾਲਣਾ ਪੈ ਰਿਹਾ ਏ। ਉਸ ਦੀ ਅੱਧਖੜ੍ਹ ਉਮਰ ਦੀ ਪਤਨੀ ਸੁਰਖ਼ੀ ਪਾਊਡਰ ਲਾ ਕੇ ਜ਼ਨਾਨੀਆਂ ਦੇ ਕਲੱਬ ’ਚ ਜਾਂਦੀ ਏ। ਕਿੱਟੀ-ਪਾਰਟੀਆਂ ’ਚ ਕਿੱਟ-ਕਿੱਟ, ਗਿੱਟ-ਪਿੱਟ ਕਰਦੀ ਏ। ਉਸ ਦੀਆਂ ਦੋਵੇਂ ਨੂੰਹਾਂ ਆਪਣੀ ਨੀਂਦੇ ਸੌਂਦੀਆਂ, ਆਪਣੀ ਨੀਂਦੇ ਜਾਗਦੀਆਂ ਨੇ। ਅੱਧ-ਪੱਕਾ ਭੋਜਨ ਪਕਾਉਣ ’ਚ ਪੂਰੀਆਂ ਮਾਹਰ ਨੇ। ਆਪਣਾ ਜ਼ਿਆਦਾ ਵਕਤ ਟੀ.ਵੀ. ’ਤੇ ਭੂਤ-ਚੁੜੇਲਾਂ ਵਾਲੇ ਘਟੀਆ ਨਾਟਕ ਵੇਖ ਕੇ ਗੁਜ਼ਾਰਦੀਆਂ ਨੇ। ਉਸ ਦੀ ਲਾਡਲੀ ਧੀ ਘਰੋਂ ਦੌੜ ਕੇ ਆਪਣੀ ਮਰਜ਼ੀ ਦਾ ਵਿਆਹ ਕਰਵਾ ਕੇ ਉਸ ਦੇ ਮਨ ਦੀ ਭੁਰਜੀ ਬਣਾ ਚੁੱਕੀ ਏ।
ਉਹ ਡਾਢੀ ਨਿਰਾਸ਼ਾ ’ਚ ਆਪਣੀ ਗੋਗੜ ’ਤੇ ਹੱਥ ਫੇਰਦਿਆਂ ਅਜੋਕੇ ਹਾਲਾਤ ਦੀ ‘ਅਹੀ-ਤਹੀ’ ਫੇਰਨ ਲੱਗਦਾ ਏ, ‘‘ਭ੍ਰਿਸ਼ਟ ਲੀਡਰਾਂ ਨੇ ਮੁਲਕ ਲੁੱਟ-ਲੁੱਟ ਕੇ ਖਾ ਲਿਆ ਏ। ਗ਼ਬਨ ’ਤੇ ਗ਼ਬਨ, ਕੈਸੀ ਲਾਗੀ ਲਗਨ। ਗ਼ਰੀਬ ਜਨਤਾ ਰੋਜ਼ੀ-ਰੋਟੀ ਦੀ ਫ਼ਿਕਰ ’ਚ ਪਈ ਹੋਈ ਏ। ਮਹਿੰਗਾਈ ਦੀ ਚੱਕੀ ਉਨ੍ਹਾਂ ਦੀਆਂ ਉਮੀਦਾਂ-ਰੀਝਾਂ ਨੂੰ ਬੜਾ ਬਾਰੀਕ ਬੇਕਿਰਕ ਹੋ ਕੇ ਪੀਸੀ ਜਾ ਰਹੀ ਏ। ਇਲਾਜ ਖੁਣੋਂ ਆਮ ਲੋਕ ਪ੍ਰਲੋਕ ਗਮਨ ਕਰੀ ਜਾ ਰਹੇ ਨੇ। ਮੁਲਕ ਦੇ ਲੀਡਰ ਡੱਫ ਵਜਾਈ ਜਾ ਰਹੇ ਨੇ ਕਿ ਸਾਡੇ ਮੁਲਕ ਨੇ ਬਹੁਤ ਤਰੱਕੀ ਕਰ ਲਈ ਏ; ਅਸਾਂ ਫ਼ਿਰਕਾਪ੍ਰਸਤੀ, ਗੁੰਡਾਗਰਦੀ, ਬਦਮਾਸ਼ੀ, ਲਾ-ਕਾਨੂੰਨੀ, ਬਦਅਮਨੀ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਏ।’’ ਸ੍ਰੀਮਾਨ ਨਿਰਾਸ਼ਾਵਾਦੀ ਕੁਝ ਦਮ ਲੈਣ ਤੋਂ ਬਾਅਦ ਫਿਰ ਖ਼ੁਦ ਨੂੰ ਆਖਦਾ ਏ, ‘‘ਕੋਈ ਕੁਝ ਵੀ ਬਕੀ ਜਾਵੇ। ਜਿੰਨਾ ਚਿਰ ਵਿਧਾਨ ਪਾਲਿਕਾ, ਨਿਆਂ ਪਾਲਿਕਾ, ਕਾਰਜ ਪਾਲਿਕਾ ਤੇ ਮੀਡੀਆ ਨਿਰਪੱਖ ਰਹਿ ਕੇ ਕੰਮ ਨਹੀਂ ਕਰਦੇ, ਓਨਾ ਚਿਰ ਨਿਰਾਸ਼ਾ ਤੇ ਮਾਯੂਸੀ ਦੇ ਮਾਹੌਲ ਨੂੰ ਬਦਲਿਆ ਨਹੀਂ ਜਾ ਸਕਦਾ।’’
ਸੰਪਰਕ: 98722-54990