ਨਿਕਾਸੀ ਨਾ ਹੋਣ ਕਾਰਨ ਦਾਣਾ ਮੰਡੀ ਵਿੱਚ ਭਰਿਆ ਗੰਦਾ ਪਾਣੀ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 17 ਜੁਲਾਈ
ਸਥਾਨਕ ਦਾਣਾ ਮੰਡੀ ਵਿੱਚ ਨਵੇਂ ਸੀਵਰੇਜ ਪਾਉਣ ਦਾ ਕੰਮ ਪਿਛਲੇ ਕਈ ਮਹੀਨੇ ਤੋਂ ਚੱਲ ਰਿਹਾ ਹੈ ਪਰ ਹੁਣ ਮੀਂਹ ਤੋਂ ਬਾਅਦ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਹ ਫੈਲਿਆ ਬਦਬੂਦਾਰ ਪਾਣੀ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ।
ਮਾਛੀਵਾੜਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਖੇੜਾ, ਜਤਨਿ ਚੌਰਾਇਆ, ਹਰਿੰਦਰਮੋਹਣ ਸਿੰਘ ਕਾਲੜਾ, ਹਰਕੇਸ਼ ਨਹਿਰਾ ਨੇ ਦੱਸਿਆ ਕਿ ਮਾਛੀਵਾੜਾ ਦਾਣਾ ਮੰਡੀ ਵਿਚੱ ਸੀਵਰੇਜ ਪਾਉਣ ਦਾ ਕੰਮ ਬੜੀ ਢਿੱਲੀ ਰਫ਼ਤਾਰ ਨਾਲ ਚੱਲ ਰਿਹਾ ਹੈ ਅਤੇ ਠੇਕੇਦਾਰ ਵਲੋਂ ਪੁਰਾਣਾ ਸੀਵਰੇਜ ਪੁੱਟ ਦਿੱਤਾ ਗਿਆ ਪਰ ਪਾਣੀ ਦੀ ਨਿਕਾਸੀ ਲਈ ਕੋਈ ਪ੍ਰਬੰਧ ਨਾ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਬਰਸਾਤ ਤੋਂ ਬਾਅਦ ਮੰਡੀ ਵਿੱਚ ਖੜ੍ਹਾ ਪਾਣੀ ਕਾਲਾ ਤੇ ਬਦਬੂਦਾਰ ਹੋ ਗਿਆ ਹੈ ਜਿਸ ਨਾਲ ਪੈਦਾ ਹੋਇਆ ਮੱਛਰ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਮਾਛੀਵਾੜਾ ਮੰਡੀ ਵਿੱਚ ਕਈ ਕਿਸਾਨ ਆਪਣੀ ਮੱਕੀ ਦੀ ਫ਼ਸਲ ਵੇਚਣ ਆ ਰਹੇ ਹਨ ਅਤੇ ਕਈ ਮਜ਼ਦੂਰ ਵੀ ਕੰਮ ਕਰ ਰਹੇ ਹਨ ਪਰ ਇਸ ਬਦਬੂਦਾਰ ਪਾਣੀ ਕਾਰਨ ਮੰਡੀ ਵਿੱਚ ਬੈਠਣਾ ਦੁੱਭਰ ਹੋਇਆ ਪਿਆ ਹੈ। ਆੜ੍ਹਤੀਆਂ ਨੇ ਕਿਹਾ ਕਿ ਜੇਕਰ ਇਸ ਗੰਦੇ ਪਾਣੀ ਕਾਰਨ ਕੋਈ ਬਿਮਾਰੀ ਫੈਲ ਗਈ ਤਾਂ ਉਸ ਲਈ ਜ਼ਿੰਮੇਵਾਰ ਮੰਡੀ ਬੋਰਡ ਤੇ ਪ੍ਰਸ਼ਾਸਨ ਹੋਵੇਗਾ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਖੇੜਾ ਨੇ ਕਿਹਾ ਕਿ ਉਨ੍ਹਾਂ ਵਲੋਂ ਕਈ ਵਾਰ ਮਾਰਕੀਟ ਕਮੇਟੀ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਬੇਨਤੀ ਕਰ ਚੁੱਕੇ ਹਨ ਕਿ ਖੜ੍ਹੇ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਪਰ ਸਿਵਾਏ ਲਾਰਿਆਂ ਤੋਂ ਕੁਝ ਵੀ ਪੱਲੇ ਨਹੀਂ ਪੈ ਰਿਹਾ। ਆੜ੍ਹਤੀਆਂ ਨੇ ਕਿਹਾ ਕਿ ਸਰਕਾਰ ਮਜ਼ਦੂਰਾਂ, ਕਿਸਾਨਾਂ ਅਤੇ ਉਨ੍ਹਾਂ ਦੀ ਵੱਡੀ ਸਮੱਸਿਆ ਨੂੰ ਦੇਖਦੇ ਹੋਏ ਸੀਵਰੇਜ ਦਾ ਕੰਮ ਤੇਜ਼ੀ ਨਾਲ ਮੁਕੰਮਲ ਕਰੇ ਅਤੇ ਨਾਲ ਹੀ ਗੰਦੇ ਪਾਣੀ ਦੀ ਨਿਕਾਸੀ ਵੀ ਤੁਰੰਤ ਕਰਵਾਈ ਜਾਵੇ।