ਐਂਟੀਬਾਇਓਟਿਕਸ ਦੇ ਅਸਰ ਘਟਣ ਨਾਲ ਸਿਹਤ ਸੰਭਾਲ ’ਤੇ ਗੰਭੀਰ ਪ੍ਰਭਾਵ
ਕੇਂਦਰੀ ਸਿਹਤ ਮੰਤਰਾਲੇ ਨੇ ਡਾਕਟਰਾਂ ਨੂੰ ਕਿਹਾ ਹੈ ਕਿ ਉਹ ਐਂਟੀਬਾਇਓਟਿਕਸ ਦੀ ਵਰਤੋਂ ਸਮਝਦਾਰੀ ਨਾਲ ਕਰਨ; ਜਦੋਂ ਵੀ ਇਨ੍ਹਾਂ ਦੀ ਵਰਤੋਂ ਕਰਦੇ ਹਨ ਤਾਂ ਕਾਰਨ ਦੱਸਣ। ਡਾਇਰੈਕਟਰ ਜਨਰਲ ਆਫ਼ ਹੈਲਥ ਸਰਵਿਸਿਜ਼ (ਡੀਜੀਐੱਚਐੱਸ) ਅਤੁਲ ਗੋਇਲ ਨੇ ਕਿਹਾ ਕਿ ਡਾਕਟਰਾਂ ਨੂੰ ਐਂਟੀਮਾਈਕਰੋਬੀਅਲਸ ਦਾ ਨੁਸਖ਼ਾ ਦਿੰਦੇ ਸਮੇਂ ਸੰਕੇਤ, ਕਾਰਨ ਅਤੇ ਇਸ ਦੇ ਜਾਇਜ਼ ਹੋਣ ਬਾਰੇ ਵੇਰਵੇ ਦੱਸਣਾ ਚਾਹੀਦਾ ਹੈ। ਰੋਗਾਣੂਨਾਸ਼ਕ ਪ੍ਰਤੀਰੋਧ ਦਾ ਮਤਲਬ ਹੈ ਕਿ ਲਾਗ ਦਾ ਕਾਰਨ ਬਣ ਰਹੇ ਬੈਕਟੀਰੀਆ ਜਾਂ ਫੰਗਸ (ਉੱਲੀ) ਐਂਟੀਬਾਇਓਟਿਕ ਜਾਂ ਐਂਟੀਫੰਗਲ ਇਲਾਜ ਪ੍ਰਤੀਰੋਧਕ ਹੋ ਗਏ ਹਨ ਤੇ ਇਨ੍ਹਾਂ ਦਵਾਈਆਂ ਤੋਂ ਬਚਣ ਦੀ ਤਾਕਤ ਉਨ੍ਹਾਂ ਵਿੱਚ ਆ ਗਈ ਹੈ। ਇਸ ਲਈ ਜੇਕਰ ਹੁਣ ਲੋੜੀਂਦੇ ਕਦਮ ਨਾ ਚੁੱਕੇ ਗਏ ਤਾਂ ਭਵਿੱਖ ਵਿੱਚ ਇਨਫੈਕਸ਼ਨਾਂ ਨੂੰ ਕਾਬੂ ਕਰਨਾ ਮੁਸ਼ਕਲ ਹੋ ਜਾਵੇਗਾ। ਇਸ ਦਾ ਖਾਸ ਤੌਰ ’ਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਗੰਭੀਰ ਪ੍ਰਭਾਵ ਪਵੇਗਾ ਜਿੱਥੇ ਲਾਗ ਦੀਆਂ ਬਿਮਾਰੀਆਂ ਦੀ ਦਰ ਜ਼ਿਆਦਾ ਹੈ। ਇਸ ਗੱਲ ਦੇ ਕਾਫ਼ੀ ਸਬੂਤ ਹਨ ਕਿ ਐਂਟੀਮਾਈਕ ਰੋਬੀਅਲਸ ਰਸਿਸਟੈਂਟ (ਏਐੱਮਆਰ) ਦੇ ਨਤੀਜੇ ਵਜੋਂ ਲਾਗਾਂ ਦੀ ਰੋਕਥਾਮ ਅਤੇ ਇਲਾਜ ਚੁਣੌਤੀਪੂਰਨ ਕੰਮ ਬਣ ਰਿਹਾ ਹੈ। ਨਤੀਜੇ ਵਜੋਂ ਲੰਮੀ ਬਿਮਾਰੀ ਅਤੇ ਮੌਤ ਦਾ ਖਤਰਾ ਵਧ ਗਿਆ ਹੈ। ਆਈਸੀਐੱਮਆਰ ਦੀ ਖੋਜਕਰਤਾ ਕਾਮਿਨੀ ਵਾਲੀਆ ਦੇ ਅਨੁਸਾਰ, ਏਐੱਮਆਰ ਭਾਰਤ ਵਿੱਚ ਮਹਾਮਾਰੀ ਦਾ ਰੂਪ ਧਾਰ ਰਿਹਾ ਹੈ। 19 ਜਨਵਰੀ 2024 ਨੂੰ ਦਿ ਟ੍ਰਿਬਿਊਨ ਵਿੱਚ ਛਪੀ ਖਬਰ ਅਨੁਸਾਰ, ਐਂਟੀਬਾਇਓਟਿਕਸ ਦੀ ਸਮਝਦਾਰੀ ਨਾਲ ਵਰਤੋਂ ਦੀ ਤੁਰੰਤ ਸਲਾਹ ਦਿੱਤੀ ਜਾਂਦੀ ਹੈ, ਨਹੀਂ ਤਾਂ ਅਸੀਂ ਐਂਟੀਬਾਇਓਟਿਕ ਤੋਂ ਪਹਿਲਾਂ ਦੇ ਯੁੱਗ ਵਿੱਚ ਵਾਪਸ ਆ ਜਾਵਾਂਗੇ ਜਦੋਂ ਲਾਗ ਦੀਆਂ ਬਿਮਾਰੀਆਂ ਨੂੰ ਰੋਕਣਾ ਬਹੁਤ ਕਠਿਨ ਹੁੰਦਾ ਸੀ।
ਏਐੱਮਆਰ ਵਿਸ਼ਵ ਪੱਧਰੀ ਚੁਣੌਤੀ ਨੂੰ ਦਰਸਾਉਂਦਾ ਹੈ। 2019 ਵਿੱਚ ਮਰਨ ਵਾਲੇ 49.5 ਲੱਖ ਲੋਕ ਕਿਟਾਣੂ ਨਾਸ਼ਕ ਦਵਾਈਆਂ-ਰੋਧਕ ਲਾਗਾਂ ਤੋਂ ਪੀੜਤ ਸਨ। ਏਐੱਮਆਰ ਸਿੱਧੇ ਤੌਰ ’ਤੇ ਇਨ੍ਹਾਂ ’ਚੋਂ 12.7 ਲੱਖ ਮੌਤਾਂ ਦਾ ਕਾਰਨ ਬਣਿਆ। ਇਨ੍ਹਾਂ ਵਿੱਚੋਂ 5 ’ਚੋਂ ਇੱਕ ਮੌਤ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਹੋਈ ਹੈ। ਘੱਟ ਅਤੇ ਮੱਧ-ਆਮਦਨੀ ਵਾਲੇ ਦੇਸ਼ ਦਵਾਈਆਂ-ਰੋਧਕ ਲਾਗਾਂ ਦਾ ਵਧੇਰੇ ਬੋਝ ਝੱਲਦੇ ਹਨ। 2019 ਵਿੱਚ ਏਐੱਮਆਰ ਨਾਲ ਸਬੰਧਤ 10,42,500 ਮੌਤਾਂ ਹੋਈਆਂ ਜਿਨ੍ਹਾਂ ਵਿੱਚੋਂ 2,97,000 ਸਿੱਧੇ ਏਐੱਮਆਰ ਕਾਰਨ ਹੋਈਆਂ। ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ 2019 ਵਿੱਚ ਏਐੱਮਆਰ ਨੂੰ ਜਨਤਕ ਸਿਹਤ ਲਈ ਚੋਟੀ ਦੇ ਦਸ ਵਿਸ਼ਵ ਪੱਧਰੀ ਖਤਰਿਆਂ ਵਿੱਚੋਂ ਇੱਕ ਵਜੋਂ ਗਰਦਾਨਿਆ ਹੈ। ‘ਦਿ ਲੈਂਸੇਟ ਮਾਈਕ੍ਰੋਬ ਜਰਨਲ’ ਦੇ ਅਨੁਸਾਰ ਭਾਰਤ ਮਨੁੱਖੀ ਐਂਟੀਬਾਇਓਟਿਕਸ ਦੀ ਵਰਤੋਂ ਵਿੱਚ ਦੁਨੀਆ ’ਚੋਂ ਮੋਹਰੀ ਹੈ। ਲੈਂਸੇਟ ਅਧਿਐਨ ਅਨੁਸਾਰ, ‘‘ਐਂਟੀਬਾਇਓਟਿਕਸ ਦੇ ਬਾਜ਼ਾਰ ਵਿੱਚ ਬਿਨਾਂ ਪਰਚੀ ਦੇ ਸਿੱਧੇ ਮਿਲਣ ਕਾਰਨ ਇਸ ਦੀ ਵਰਤੋਂ, ਜਾਗਰੂਕਤਾ ਦੀ ਘਾਟ, ਡਾਇਗਨੌਸਟਿਕਸ ਦੀ ਨਾਕਾਫ਼ੀ ਵਰਤੋਂ, ਭੀੜ-ਭੜੱਕੇ, ਕਰਾਸ-ਇਨਫੈਕਸ਼ਨ, ਦਵਾਈਆਂ ਦੀਆਂ ਕੰਪਨੀਆਂ ਦੁਆਰਾ ਡਾਕਟਰਾਂ ਦੀ ਵਿੱਤੀ ਸੇਵਾ ਅਤੇ ਮਾੜਾ ਸਿਹਤ ਬੁਨਿਆਦੀ ਢਾਂਚਾ ਵੀ ਭਾਰਤ ਦੀ ਰੋਗਾਣੂਨਾਸ਼ਕ ਪ੍ਰਤੀਰੋਧ ਸਮੱਸਿਆ ਨੂੰ ਵਧਾਉਂਦਾ ਹੈ।’’ ਇੱਕ ਪਾਸੇ ਭਾਰਤ ਵਿੱਚ ਦਵਾਈਆਂ ਦੀ ਵੱਧ ਵਰਤੋਂ ਹੈ, ਦੂਜੇ ਪਾਸੇ ਰੈਗੂਲੇਟਰੀ ਪ੍ਰਣਾਲੀ ਬੇਅਸਰ ਹੈ।
ਟੀਬੀ ਸੰਚਾਰੀ ਬਿਮਾਰੀ ਦੇ ਰੂਪ ਵਿੱਚ ਚੱਲ ਰਹੀ ਵਿਸ਼ਵਵਿਆਪੀ ਮਹਾਮਾਰੀ ਹੈ ਜੋ ਉੱਚ ਮੌਤ ਦਰ ਲਈ ਜ਼ਿੰਮੇਵਾਰ ਹੈ। ਵਿਸ਼ਵਵਿਆਪੀ ਤੌਰ ’ਤੇ ਅੰਦਾਜ਼ਨ 1 ਕਰੋੜ ਨਵੇਂ ਕੇਸਾਂ ਅਤੇ ਲਗਭਗ 14 ਲੱਖ ਮੌਤਾਂ ਦੇ ਨਾਲ ਟੀਬੀ 2019 ਵਿੱਚ ਰੋਗ ਅਤੇ ਮੌਤ ਦਰ ਦੇ ਚੋਟੀ ਦੇ 10 ਕਾਰਨਾਂ ਵਿੱਚੋਂ ਇੱਕ ਵਜੋਂ ਉਭਰਿਆ ਹੈ। ਗਲੋਬਲ ਟੀਬੀ ਰਿਪੋਰਟ-2022 ਅਨੁਸਾਰ, ਵਿਸ਼ਵ ਦੇ 28 ਫ਼ੀਸਦ ਕੇਸ ਕੇਵਲ ਭਾਰਤ ਵਿੱਚ ਹਨ। 2021 ਵਿੱਚ 21.3 ਲੱਖ ਮਾਮਲੇ ਸਾਹਮਣੇ ਆਏ। 2021 ਵਿੱਚ ਵਿਸ਼ਵ ਸਿਹਤ ਸੰਗਠਨ ਦੁਆਰਾ ਜਾਰੀ ਗਲੋਬਲ ਟੀਬੀ ਰਿਪੋਰਟ ’ਚ ਨੋਟ ਕੀਤਾ ਗਿਆ ਹੈ ਕਿ ਟੀਬੀ ਨਾਲ ਨਜਿੱਠਣ ਲਈ ਬਜਟ ਵਿੱਚ ਵਾਧੇ ਦੇ ਬਾਵਜੂਦ ਭਾਰਤ ਵਿੱਚ ਛੂਤ ਵਾਲੀ ਇਸ ਬਿਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦੀ ਅੰਤਰਿਮ ਅਨੁਮਾਨਿਤ ਗਿਣਤੀ 2020 ਵਿੱਚ 5,00,000 ਤੋਂ 10 ਫ਼ੀਸਦ ਵੱਧ ਕੇ 5,05,000 ਹੋ ਗਈ। ਇਸ ਹਿਸਾਬ ਨਾਲ ਟੀਬੀ ਦੇ ਕਾਰਨ ਰੋਜ਼ਾਨਾ 1383 ਮੌਤਾਂ ਹੁੰਦੀਆਂ ਹਨ ਤੇ ਇਸ ਦੇ ਕਾਰਨ ਲੰਬੇ ਸਮੇਂ ਤੱਕ ਹਸਪਤਾਲ ਵਿੱਚ ਭਰਤੀ ਹੋਣ ਨਾਲ ਵੱਡੀ ਰਕਮ ਖਰਚ ਕਰਨੀ ਪੈਂਦੀ ਹੈ।
ਮੌਤ ਅਤੇ ਅਪਾਹਜਤਾ ਤੋਂ ਇਲਾਵਾ ਏਐੱਮਆਰ ਦੀਆਂ ਮਹੱਤਵਪੂਰਨ ਆਰਥਿਕ ਲਾਗਤਾਂ ਹਨ। ਵਿਸ਼ਵ ਬੈਂਕ ਦਾ ਅੰਦਾਜ਼ਾ ਹੈ ਕਿ ਏਐੱਮਆਰ ਕਾਰਨ 2050 ਤੱਕ ਸਿਹਤ ਸੰਭਾਲ ਖਰਚਿਆਂ ਵਿੱਚ ਯੂਐੱਸ ਡਾਲਰ 1 ਟ੍ਰਿਲੀਅਨ ਅਤੇ 2030 ਤੱਕ ਪ੍ਰਤੀ ਸਾਲ ਕੁੱਲ ਘਰੇਲੂ ਉਤਪਾਦ ਵਿੱਚ ਯੂਐੱਸ ਡਾਲਰ 1 ਟ੍ਰਿਲੀਅਨ ਤੋਂ ਯੂਐੱਸ ਡਾਲਰ 3.4 ਟ੍ਰਿਲੀਅਨ ਦੇ ਹਿਸਾਬ ਨਾਲ ਵਾਧੂ ਖਰਚਾ ਹੋ ਸਕਦਾ ਹੈ।
ਵਿਸ਼ਵ ਪ੍ਰਸਿੱਧ ਮੈਡੀਕਲ ਰਸਾਲੇ ‘ਬੀਐੱਮਜੇ ਗਲੋਬਲ ਹੈਲਥ’ ਵਿੱਚ ਪ੍ਰਕਾਸ਼ਿਤ ਨਵੇਂ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਮੌਜੂਦਾ ਟੀਕਿਆਂ ਦੀ ਪ੍ਰਭਾਵੀ ਵਰਤੋਂ ਅਤੇ ਤਰਜੀਹੀ, ਰੋਗਾਣੂਆਂ ਨਾਲ ਨਜਿੱਠਣ ਲਈ ਨਵੇਂ ਟੀਕਿਆਂ ਦੇ ਨਿਰੰਤਰ ਵਿਕਾਸ ਨਾਲ ਹਰ ਸਾਲ ਪੰਜ ਲੱਖ ਤੋਂ ਵੱਧ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਅਧਿਐਨ ਏਐੱਮਆਰ ਨੂੰ ਹੌਲੀ ਕਰਨ ਅਤੇ ਫੈਲਣ ਤੋਂ ਰੋਕਣ ਲਈ ਟੀਕਾਕਰਨ ਸਣੇ ਰੋਕਥਾਮ ਵਾਲੇ ਉਪਾਵਾਂ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ।
ਨੀਤੀ ਅਤੇ ਨਿਯਮ ਦੁਆਰਾ ਇਸ ਸਮੱਸਿਆ ਨਾਲ ਨਜਿੱਠਣ ਲਈ ਵੱਖ ਵੱਖ ਪਹੁੰਚਾਂ ਦੀ ਲੋੜ ਹੈ। ਵਿਗਿਆਨਕ ਢੰਗ ਨਾਲ ਐਂਟੀਬਾਇਓਟਿਕ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਸਿੱਖਿਆ ਅਤੇ ਜਾਗਰੂਕਤਾ ਬਹੁਤ ਜ਼ਰੂਰੀ ਹੈ।
ਰੋਗਾਣੂਨਾਸ਼ਕ ਪ੍ਰਤੀਰੋਧ (ਏਐੱਮਆਰ) ਸਿਹਤ ਸੁਰੱਖਿਆ ਲਈ ਮਾਨਤਾ ਪ੍ਰਾਪਤ ਗਲੋਬਲ ਖ਼ਤਰਾ ਹੈ। ਇਸ ਲਈ ਇਸ ਦੇ ਪ੍ਰਭਾਵੀ ਪ੍ਰਬੰਧਨ ਲਈ ਵੀ ਵਿਸ਼ਵ ਸਹਿਯੋਗੀ ਯਤਨਾਂ ਦੀ ਲੋੜ ਹੈ।
ਭਾਰਤ ਵਿੱਚ ਹਾਲ ਹੀ ’ਚ ਹੋਏ ਜੀ-20 ਸੰਮੇਲਨ ਦੌਰਾਨ ਇਸ ਮੁੱਦੇ ’ਤੇ ਗੰਭੀਰ ਚਰਚਾ ਹੋਈ ਸੀ। ਹੈਦਰਾਬਾਦ ਯੂਨੀਵਰਸਿਟੀ ਦੀ ਇਨਫੈਕਸ਼ਨ ਕੰਟਰੋਲ ਅਕੈਡਮੀ ਦੇ ਆਨਰੇਰੀ ਪ੍ਰੋਫੈਸਰ ਡਾ. ਰੰਗਾ ਰੈੱਡੀ ਦੇ ਅਨੁਸਾਰ ਜੀ-20 ਦਸਤਾਵੇਜ਼ ਖੋਜ ਅਤੇ ਵਿਕਾਸ ਯਤਨਾਂ ਨੂੰ ਤੇਜ਼ ਕਰਨ ਅਤੇ ਐਂਟੀਬਾਇਓਟਿਕਸ ਬਾਜ਼ਾਰ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਨੂੰ ਉਜਾਗਰ ਕਰਦਾ ਹੈ।
ਚਿੰਤਾ ਦਾ ਮੁੱਦਾ ਇਹ ਹੈ ਕਿ ਫਾਰਮਾਸਿਊਟੀਕਲ (ਦਵਾਈ ਉਦਯੋਗ) ਕਾਰਪੋਰੇਟ ਕੰਪਨੀਆਂ ਦੁਆਰਾ ਕੰਟਰੋਲ ਕੀਤੇ ਜਾਂਦੇ ਹਨ। ਉਨ੍ਹਾਂ ਲਈ ਜਨ ਸਿਹਤ ਨਾਲੋਂ ਮੁਨਾਫਾ ਪਹਿਲ ਹੈ। ਇਹ ਜ਼ਰੂਰੀ ਹੈ ਕਿ ਖੋਜਕਾਰ, ਸਰਕਾਰਾਂ ਅਤੇ ਸਮਾਜਿਕ ਕਾਰਕੁਨ ਕਾਰਪੋਰੇਟ ਹਿੱਤਾਂ ਦੀਆਂ ਚਾਲਾਂ ’ਤੇ ਨਜ਼ਰ ਰੱਖਣ। ਅਸੀਂ ਦੇਖਿਆ ਹੈ ਕਿ ਕਿਸ ਤਰ੍ਹਾਂ ਕੋਵਿਡ ਮਹਾਮਾਰੀ ਦੌਰਾਨ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਨੇ ਵਿਸ਼ਵ ਪੱਧਰ ’ਤੇ ਬਹੁਤ ਲਾਭ ਕਮਾਇਆ ਹੈ। ਭਾਰਤ ਨੇ ਫਾਰਮਾਸਿਊਟੀਕਲ ਅਤੇ ਵੈਕਸੀਨ ਉਤਪਾਦਨ ਉਦਯੋਗ ਵਿੱਚ ਜਨਤਕ ਖੇਤਰ ਵਿੱਚ ਵਧੀਆ ਬੁਨਿਆਦੀ ਢਾਂਚਾ ਸਥਾਪਤ ਕੀਤਾ ਸੀ। ਇਸ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ।
ਸੰਪਰਕ: 94170-00360