ਦਿਲਜੀਤ ਦੀ ‘ਸਰਦਾਰਜੀ 3’ ਅਗਲੇ ਸਾਲ 27 ਜੂਨ ਨੂੰ ਹੋਵੇਗੀ ਰਿਲੀਜ਼
ਮੁੰਬਈ: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿਲਮ ‘ਸਰਦਾਰਜੀ 3’ ਆਉਂਦੇ ਸਾਲ 27 ਜੂਨ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ। ਦਿਲਜੀਤ ਨੇ ਅੱਜ ਇੰਸਟਾਗ੍ਰਾਮ ’ਤੇ ਫਿਲਮ ਦਾ ਪੋਸਟਰ ਸਾਂਝਾ ਕਰਦਿਆਂ ਕਿਹਾ, ‘‘ਸਰਦਾਰਜੀ 3 ਆਲਮੀ ਪੱਧਰ ’ਤੇ 27 ਜੂਨ 2025 ਨੂੰ ਰਿਲੀਜ਼ ਹੋ ਰਹੀ ਹੈ।’’ ਦਰਸ਼ਕਾਂ ਵੱਲੋਂ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਹੁਣ ਤੱਕ ਇਹ ਸਾਲ ਦਿਲਜੀਤ ਲਈ ਕਮਾਲ ਦਾ ਰਿਹਾ ਹੈ। ਪੰਜਾਬੀ ਸੁਪਰਸਟਾਰ ਇਸ ਤੋਂ ਪਹਿਲਾਂ ਨੈਟਫਲਿਕਸ ’ਤੇ ਰਿਲੀਜ਼ ਹੋਈ ਫਿਲਮ ‘ਅਮਰ ਸਿੰਘ ਚਮਕੀਲਾ’ ਵਿੱਚ ਨਜ਼ਰ ਆਇਆ ਸੀ ਜਿਸ ਨੂੰ ਆਲਮੀ ਪੱਧਰ ’ਤੇ ਭਰਵਾਂ ਹੁੰਗਾਰਾ ਮਿਲਿਆ ਸੀ। ਫਿਲਮ ਵਿੱਚ ਪਰੀਨਿਤੀ ਚੋਪੜਾ ਨੇ ਅਮਰਜੋਤ ਕੌਰ ਦੀ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਉਹ ਤੱਬੂ, ਕਰੀਨਾ ਕਪੂਰ ਖਾਨ ਅਤੇ ਕ੍ਰਿਤੀ ਸੈਨਨ ਦੀ ਫਿਲਮ ‘ਕਰਿਊ’ ਵਿੱਚ ਵੀ ਨਜ਼ਰ ਆਇਆ ਸੀ।
ਇਸ ਤੋਂ ਇਲਾਵਾ ਉਸ ਨੇ ਅੰਗਰੇਜ਼ੀ ਗਾਇਕ ਅਤੇ ਗੀਤਕਾਰ ਐਡ ਸ਼ੀਰਨ ਤੋਂ ਪੰਜਾਬੀ ਵਿੱਚ ਗੀਤ ਗਵਾਇਆ। ਹਾਲਾਂਕਿ ਦਿਲਜੀਤ ਨੂੰ ਹਾਲ ਹੀ ਵਿੱਚ ਕੈਨੇਡਾ ’ਚ ਆਪਣੇ ਟੂਰ ‘ਦਿਲਜੀਤ ਦੋਸਾਂਝ: ਦਿਲ-ਲੁਮਿਨਾਤੀ’ ਦੌਰਾਨ ਡਾਂਸਰਾਂ ਨੂੰ ਪੈਸੇ ਨਾ ਦੇਣ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਡਾਂਸਰਾਂ ਨੇ ਦਾਅਵਾ ਕੀਤਾ ਹੈ ਕਿ ਦਿਲਜੀਤ ਨਾਲ ਕੰਮ ਕਰਨ ਮਗਰੋਂ ਉਨ੍ਹਾਂ ਨੂੰ ਪੈਸੇ ਨਹੀਂ ਦਿੱਤੇ ਗਏ। ਇਸ ਮਗਰੋਂ ਦਿਲਜੀਤ ਦੀ ਮੈਨੇਜਰ ਨੇ ਸਪੱਸ਼ਟ ਕਿਹਾ ਸੀ ਕਿ ਇਹ ਦੋਸ਼ ਬੇਬੁਨਿਆਦ ਹਨ ਜਦੋਂਕਿ ਦੋਸ਼ ਲਾਉਣ ਵਾਲੀਆਂ ਡਾਂਸਰਾਂ ਵੱਲੋਂ ਉਨ੍ਹਾਂ ਨਾਲ ਸੰਪਰਕ ਹੀ ਨਹੀਂ ਕੀਤਾ ਗਿਆ। -ਆਈਏਐੱਨਐੱਸ