ਪਿੰਡਾਂ ਦੇ ਬਾਹਰ ਲੱਗਣਗੇ ਡਿਜੀਟਲ ਨਕਸ਼ੇ
ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 12 ਸਤੰਬਰ
ਸੂਬਾ ਸਰਕਾਰ ਵੱਲੋ ਲੋਕਾਂ ਨੂੰ ਹਰ ਪ੍ਰਕਾਰ ਦੀ ਜਾਣਕਾਰੀ ਡਿਜੀਟਲ ਤਰੀਕੇ ਨਾਲ ਉਪਲੱਬਧ ਕਰਵਾਉਣ ਲਈ ਵਿਆਪਕ ਯੋਜਨਾ ਉਲੀਕੀ ਗਈ ਹੈ। ਇਸ ਦੀ ਸ਼ੁਰੂਆਤ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਜੱਦੀ ਪਿੰਡ ਗੰਭੀਰਪੁਰ ਤੋਂ ਕੀਤੀ ਹੈ। ਇਸ ਸਕੀਮ ਦੇ ਪਹਿਲੇ ਪੜਾਅ ਅਧੀਨ ਪਿੰਡ ਗੰਭੀਰਪੁਰ ਨਾਲ 20 ਹੋਰ ਪਿੰਡਾਂ ਦਾ ਨਕਸ਼ਾ, ਵੇਰਵੇ ਡਿਜੀਟਲ ਕੀਤੇ ਜਾ ਰਹੇ ਹਨ। ਇਨ੍ਹਾਂ ਨਕਸ਼ਿਆਂ ਨੂੰ ਪਿੰਡ ਦੇ ਬਾਹਰ ਲਗਾ ਦਿੱਤਾ ਜਾਵੇਗਾ।
ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਆਨੰਦਪੁਰ ਸਾਹਿਬ ਇਸ਼ਾਨ ਚੌਧਰੀ ਨੇ ਦੱਸਿਆ ਕਿ ਸੈਟੇਲਾਈਟ ਰਾਹੀਂ ਪਿੰਡ ਦਾ ਨਕਸ਼ਾ ਤਿਆਰ ਕੀਤਾ ਜਾ ਰਿਹਾ ਹੈ। ਇਸ ਵਿੱਚ ਪਿੰਡਾਂ ਦੀਆਂ ਗਲੀਆਂ, ਨਾਲੀਆਂ, ਉਨ੍ਹਾਂ ਦੀ ਲੰਬਾਈ, ਚੌੜਾਈ, ਸੀਵਰੇਜ, ਜਲ ਸਪਲਾਈ, ਗਲੀਆਂ, ਸੜਕਾਂ ਅਤੇ ਨਾਲੀਆਂ ਦੇ ਪੱਕੇ ਕੱਚੇ ਹੋਣ ਦਾ ਵੇਰਵਾ, ਗੰਦੇ ਪਾਣੀ ਦੀ ਨਿਕਾਸੀ, ਛੱਪੜ ਦੀ ਸਥਿਤੀ, ਧਰਮਸ਼ਾਲਾ, ਕਮਿਊਨਿਟੀ ਸੈਂਟਰ, ਸ਼ਮਸ਼ਾਨਘਾਟ ਦੇ ਵੇਰਵੇ ਅਤੇ ਇਸ ਦਾ ਭੂਗੋਲਿਕ ਖੇਤਰ ਵੀ ਡਿਜੀਟਲ ਨਕਸ਼ੇ ਵਿੱਚ ਤਿਆਰ ਕੀਤਾ ਜਾਵੇਗਾ। ਪਿੰਡ ਵਿੱਚ ਰਹਿ ਰਹੇ ਲੋਕਾਂ ਦੇ ਘਰਾਂ ਦੇ ਵੇਰਵੇ ਤੇ ਉਨ੍ਹਾਂ ਦੀ ਰਿਹਾਇਸ਼ ਦੀ ਜਾਣਕਾਰੀ ਵੀ ਨਕਸ਼ੇ ਵਿਚ ਉਪਲੱਬਧ ਹੋਵੇਗੀ। ਉਨ੍ਹਾਂ ਕਿਹਾ ਕੇ ਪਿੰਡ ਵਿਚ ਆਉਣ ਜਾਣ ਵਾਲਿਆਂ ਲਈ ਇਹ ਡਿਜੀਟਲ ਨਕਸ਼ਾ ਲਾਹੇਵੰਦ ਸਿੱਧ ਹੋਵੇਗਾ।