ਡਿਜੀਟਲ ਅਰੈਸਟ: ਸੁਰੱਖਿਆ ਏਜੰਸੀ ਵੱਲੋਂ ਐਡਵਾਈਜ਼ਰੀ ਜਾਰੀ
ਨਵੀਂ ਦਿੱਲੀ, 27 ਅਕਤੂਬਰ
ਭਾਰਤੀ ਸਾਈਬਰ ਸੁਰੱਖਿਆ ਏਜੰਸੀ ‘ਕੰਪਿਊਟਰ ਐਮਰਜੈਂਸੀ ਪ੍ਰਤੀਕਿਰਿਆ ਟੀਮ’ (ਸੀਈਆਰਟੀ-ਇਨ) ਨੇ ਅੱਜ ਇੱਕ ਸੂਚੀ ਸਾਂਝੀ ਕੀਤੀ ਹੈ ਜਿਸ ’ਚ ਠੱਗਾਂ ਵੱਲੋਂ ਲੋਕਾਂ ਤੋਂ ਪੈਸੇ ਠੱਗਣ ਤੇ ਨਿੱਜੀ ਡੇਟਾ ਚੋਰੀ ਕਰਨ ਲਈ ਵਰਤੀ ਜਾਣ ਵਾਲੀ ਡਿਜੀਟਲ ਅਰੈਸਟ ਸਮੇਤ ਕਈ ਤਰੀਕਿਆਂ ਦਾ ਜ਼ਿਕਰ ਕੀਤਾ ਗਿਆ ਹੈ। ਸੀਈਆਰਟੀ-ਇਨ ਦੀ ਸਲਾਹ ’ਚ ਕਿਹਾ ਗਿਆ ਹੈ ਕਿ ਡਿਜੀਟਲ ਅਰੈਸਟ ਇੱਕ ਆਨਲਾਈਨ ਠੱਗੀ ਹੈ ਅਤੇ ਸਰਕਾਰੀ ਏਜੰਸੀਆਂ ਅਧਿਕਾਰਤ ਸੰਚਾਰ ਲਈ ਵੱਟਸਐੱਪ ਜਾਂ ਸਕਾਈਪ ਜਿਹੇ ਪਲੈਟਫਾਰਮਾਂ ਦੀ ਵਰਤੋਂ ਨਹੀਂ ਕਰਦੀਆਂ। ਇਸ ਨੇ ਸਿਫਾਰਸ਼ ਕੀਤੀ, ‘ਸਬੰਧਤ ਏਜੰਸੀ ਨਾਲ ਸਿੱਧੇ ਸੰਪਰਕ ਕਰਕੇ ਉਨ੍ਹਾਂ ਦੀ ਪਛਾਣ ਦੀ ਪੁਸ਼ਟੀ ਕਰਨ।’ ਐਡਵਾਈਜ਼ਰੀ ’ਚ ਕਿਹਾ ਗਿਆ ਹੈ ਕਿ ਡਿਜੀਟਲ ਅਰੈਸਟ ਦੇ ਮਾਮਲੇ ’ਚ ਪੀੜਤਾਂ ਨੂੰ ਫੋਨ ਕਾਲ, ਈ-ਮੇਲ ਜਾਂ ਸੰਦੇਸ਼ ਮਿਲਦਾ ਹੈ ਜਿਸ ’ਚ ਦਾਅਵਾ ਕੀਤਾ ਜਾਂਦਾ ਹੈ ਕਿ ਉਹ (ਪੀੜਤ) ਪਛਾਣ ਦੀ ਚੋਰੀ ਜਾਂ ਮਨੀ ਲਾਂਡਰਿੰਗ ਜਿਹੀਆਂ ਗ਼ੈਰਕਾਨੂੰਨੀ ਗਤੀਵਿਧੀਆਂ ਲਈ ਜਾਂਚ ਦੇ ਦਾਇਰੇ ’ਚ ਹਨ। ਐਡਵਾਈਜ਼ਰੀ ’ਚ ਅਜਿਹੇ ਸਾਈਬਰ ਅਪਰਾਧੀਆਂ ਦੇ ਸੰਪਰਕ ’ਚ ਆਉਣ ਵਾਲੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਘਬਰਾਉਣ ਨਾ ਕਿਉਂਕਿ ਠੱਗ ਪੀੜਤਾਂ ਨੂੰ ਗੁਮਰਾਹ ਕਰਨ ਲਈ ਡਰਾਉਂਦੇ ਹਨ। ਸੀਆਰਟੀ-ਇਨ ਨੇ ਕਿਹਾ, ‘ਪ੍ਰਤੀਕਿਰਿਆ ਦੇਣ ਤੋਂ ਪਹਿਲਾਂ ਸਥਿਤੀ ਨੂੰ ਸ਼ਾਂਤੀਪੂਰਨ ਢੰਗ ਨਾਲ ਸਮਝਣ ਲਈ ਕੁਝ ਸਮਾਂ ਲਓ। ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਬਚੋ ਅਤੇ ਫੋਨ ਜਾਂ ਵੀਡੀਓ ਕਾਲ ’ਤੇ ਅਤੇ ਖਾਸ ਤੌਰ ’ਤੇ ਅਣਪਛਾਤੇ ਨੰਬਰ ’ਤੇ ਕਦੀ ਵੀ ਸੰਵੇਦਨਸ਼ੀਲ ਨਿੱਜੀ ਜਾਂ ਵਿੱਤੀ ਵੇਰਵੇ ਸਾਂਝੇ ਨਾ ਕਰੋ।’ -ਪੀਟੀਆਈ