For the best experience, open
https://m.punjabitribuneonline.com
on your mobile browser.
Advertisement

ਦਸ ਕਦਮ ਪੁੱਟੋ, ਖ਼ੁਸ਼ੀ ਦਾ ਖ਼ਜ਼ਾਨਾ ਲੁੱਟੋ

08:33 AM May 18, 2024 IST
ਦਸ ਕਦਮ ਪੁੱਟੋ  ਖ਼ੁਸ਼ੀ ਦਾ ਖ਼ਜ਼ਾਨਾ ਲੁੱਟੋ
Advertisement

ਪ੍ਰੋ. ਅੱਛਰੂ ਸਿੰਘ

Advertisement

ਸੰਸਾਰ ਵਿੱਚ ਹਰ ਵਿਅਕਤੀ ਖ਼ੁਸ਼ੀ ਪ੍ਰਾਪਤ ਕਰਨੀ ਚਾਹੁੰਦਾ ਹੈ, ਖ਼ੁਸ਼ੀ ਮਾਣਨੀ ਚਾਹੁੰਦਾ ਹੈ ਅਤੇ ਸਦਾ ਖ਼ੁਸ਼ ਰਹਿਣਾ ਚਾਹੁੰਦਾ ਹੈ। ਹੁਣ ਪ੍ਰਸ਼ਨ ਇਹ ਪੈਦਾ ਹੁੰਦਾ ਹੈ ਕਿ ਇਹ ਖ਼ੁਸ਼ੀ ਪ੍ਰਾਪਤ ਕਿਵੇਂ ਹੋਵੇ? ਗੁਰੂ ਅਰਜਨ ਦੇਵ ਜੀ ਦਾ ਅਨਮੋਲ ਬਚਨ ਹੈ- ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ।। ਨਿਰਸੰਦੇਹ, ਸਤਿਗੁਰ ਦੀ ਮਿਹਰ ਤੋਂ ਬਿਨਾਂ ਜੀਵਨ ਵਿੱਚ ਨਾ ਤਾਂ ਕੋਈ ਪ੍ਰਾਪਤੀ ਹੁੰਦੀ ਹੈ ਅਤੇ ਨਾ ਹੀ ਮਨੁੱਖ ਨੂੰ ਕੋਈ ਖ਼ੁਸ਼ੀ ਮਿਲ ਸਕਦੀ ਹੈ ਪਰ ਇਸ ਦਾ ਭਾਵ ਇਹ ਬਿਲਕੁਲ ਨਹੀਂ ਲਿਆ ਜਾਣਾ ਚਾਹੀਦਾ ਕਿ ਮਨੁੱਖ ਹੱਥ ’ਤੇ ਹੱਥ ਧਰ ਕੇ ਬੈਠਾ ਰਹੇ ਅਤੇ ਸਤਿਗੁਰ ਦੀ ਸਵੱਲੀ ਨਜ਼ਰ ਦੀ ਉਡੀਕ ਕਰਦਾ ਰਹੇ।
ਗੁਰਬਾਣੀ ਜਾਂ ਕੋਈ ਵੀ ਹੋਰ ਮਹਾਪੁਰਖ ਮਨੁੱਖ ਨੂੰ ਵਿਹਲਾ ਬੈਠਣ ਜਾਂ ਆਪਣੇ ਆਚਾਰ-ਵਿਹਾਰ ਬਾਰੇ ਅਵੇਸਲਾ ਹੋਣ ਦੀ ਸਿੱਖਿਆ ਨਹੀਂ ਦਿੰਦਾ। ਇਹ ਸਾਰੇ ਤਾਂ ਮਨੁੱਖ ਨੂੰ ਹਮੇਸ਼ਾ ਕਾਰਜਸ਼ੀਲ ਰਹਿਣ, ਸੱਚੀ-ਸੁੱਚੀ ਕਿਰਤ ਕਰਨ, ਸਾਫ਼-ਸੁਥਰਾ ਜੀਵਨ ਬਤੀਤ ਕਰਨ, ਲੋੜਵੰਦਾਂ ਦੀ ਸਹਾਇਤਾ ਕਰਨ, ਸਰਬੱਤ ਦਾ ਭਲਾ ਲੋਚਣ ਅਤੇ ਨਾਮ-ਸਿਮਰਨ ਵਿੱਚ ਲੱਗੇ ਰਹਿਣ ਦੀ ਪ੍ਰੇਰਨਾ ਦਿੰਦੇ ਹਨ। ਜੀਵਨ ਵਿੱਚ ਖ਼ੁਸ਼ ਰਹਿਣ ਦੀ ਇੱਛਾ ਰੱਖਣ ਵਾਲੇ ਵਿਅਕਤੀਆਂ ਲਈ ਨਿਮਨ ਦਸ ਕਦਮ ਸੁਝਾਏ ਜਾ ਰਹੇ ਹਨ ਜਿਨ੍ਹਾਂ ਰਾਹੀਂ ਉਹ ਅਵੱਸ਼ ਹੀ ਸਤਿਗੁਰ ਦੀ ਨਦਰਿ ਦੇ ਭਾਗੀ ਹੋ ਸਕਦੇ ਹਨ ਅਰਥਾਤ ਖ਼ੁਸ਼ੀਆਂ ਦੇ ਸਾਗਰ ਵਿੱਚ ਤਾਰੀਆਂ ਲਾ ਸਕਦੇ ਹਨ।
ਖ਼ੁਸ਼ੀ ਦੇ ਖ਼ਜ਼ਾਨੇ ਵੱਲ ਪਹਿਲਾ ਕਦਮ ਇਹ ਸਮਝਣਾ ਹੈ ਕਿ ਖ਼ੁਸ਼ੀ ਕੋਈ ਬਾਹਰੀ ਸ਼ੈਅ ਨਹੀਂ ਹੈ ਸਗੋਂ ਇਸ ਦਾ ਸਬੰਧ ਸਾਡੇ ਮਨ ਨਾਲ ਹੈ। ਬਾਹਰੀ ਵਸਤਾਂ ਸਾਨੂੰ ਸੁਖ-ਆਰਾਮ ਤਾਂ ਦੇ ਸਕਦੀਆਂ ਹਨ ਪਰ ਖ਼ੁਸ਼ੀ ਨਹੀਂ। ਨਿਰਸੰਦੇਹ ਸਾਡੀ ਸਿਹਤ, ਸਾਡੀ ਪਰਿਵਾਰਕ ਸਥਿਤੀ, ਸਾਡੀ ਆਰਥਿਕ ਹਾਲਤ ਅਤੇ ਸਾਡੇ ਆਲੇ-ਦੁਆਲੇ ਦੇ ਹਾਲਾਤ ਵੀ ਬਹੁਤ ਹੱਦ ਤੱਕ ਸਾਡੀ ਖ਼ੁਸ਼ੀ ਨੂੰ ਪ੍ਰਭਾਵਿਤ ਕਰਦੇ ਹਨ ਪਰ ਅਸੀਂ ਆਪਣੇ ਜੀਵਨ ਵਿੱਚ ਬਹੁਤ ਸਾਰੇ ਵਿਅਕਤੀ ਅਜਿਹੇ ਵੀ ਦੇਖ ਸਕਦੇ ਹਾਂ ਜੋ ਜੀਵਨ ਦੀ ਹਰ ਦੁਸ਼ਵਾਰੀ ਅਤੇ ਤੰਗੀ-ਤੁਰਸ਼ੀ ਦੇ ਬਾਵਜੂਦ ਪੂਰਨ ਰੂਪ ਵਿੱਚ ਸੰਤੁਸ਼ਟ ਅਤੇ ਖ਼ੁਸ਼ੀ ਭਰਿਆ ਜੀਵਨ ਬਤੀਤ ਕਰਦੇ ਹਨ। ਦੂਜੇ ਪਾਸੇ, ਬਹੁਤ ਸਾਰੇ ਲੋਕ ਅਜਿਹੇ ਵੀ ਹੁੰਦੇ ਹਨ ਜੋ ਸਭ ਕੁਝ ਠੀਕ ਹੋਣ ਦੇ ਬਾਵਜੂਦ ਖ਼ੁਸ਼ ਨਹੀਂ ਹੁੰਦੇ। ਉਹ ਖ਼ੁਸ਼ੀ ਨੂੰ ਬਾਹਰੀ ਵਸਤਾਂ ਵਿੱਚੋਂ ਲੱਭਦੇ ਹਨ ਜਦਕਿ ਇਸ ਦੀ ਪ੍ਰਾਪਤੀ ਲਈ ਮਨੁੱਖ ਨੂੰ ਆਪਣੇ ਅੰਦਰ ਵੱਲ ਦੇਖਣਾ ਪੈਂਦਾ ਹੈ। ਸਮਝਣ ਵਾਲੀ ਗੱਲ ਇਹੀ ਹੈ ਕਿ ਮਨ ਕੰਡਿਆਂ ਨੂੰ ਫੁੱਲ, ਪਤਝੜ ਨੂੰ ਬਹਾਰ ਅਤੇ ਨਰਕ ਨੂੰ ਸਵਰਗ ਬਣਾਉਣ ਦੀ ਸ਼ਕਤੀ ਰੱਖਦਾ ਹੈ। ਜਿਸ ਵੀ ਵਿਅਕਤੀ ਨੇ ਇਸ ਤੱਥ ਨੂੰ ਸਮਝ ਕੇ ਆਪਣੇ ਮਨ ਨੂੰ ਇੱਕ ਵਾਰ ਖ਼ੁਸ਼ੀ ਦੇ ਮਾਰਗ ’ਤੇ ਤੋਰ ਲਿਆ, ਫਿਰ ਉਹ ਇਸ ਮਾਰਗ ’ਤੇ ਚੱਲਦਾ ਹੀ ਰਹਿੰਦਾ ਹੈ। ਸੋ, ਖ਼ੁਸ਼ੀ ਨੂੰ ਪ੍ਰਾਪਤ ਕਰਨ ਅਤੇ ਮਾਣਨ ਲਈ ਸਭ ਤੋਂ ਪਹਿਲਾਂ ਮਨੁੱਖ ਨੂੰ ਆਪਣੀ ਸੋਚ ਅਤੇ ਜੀਵਨ ਪ੍ਰਤੀ ਪਹੁੰਚ ਨੂੰ ਸਹੀ ਦਿਸ਼ਾ ਦੇਣ ਦੀ ਲੋੜ ਹੈ।
ਖ਼ੁਸ਼ੀ ਦੇ ਮਾਰਗ ਦਾ ਅਗਲਾ ਕਦਮ ਹਾਂ-ਪੱਖੀ ਸੋਚ ਹੈ। ਇਸ ਤੋਂ ਹਾਂ-ਪੱਖੀ ਵਿਹਾਰ ਉਪਜਦਾ ਹੈ ਜੋ ਮਨੁੱਖ ਨੂੰ ਅਸਫਲਤਾਵਾਂ ਵਿੱਚੋਂ ਸਫਲਤਾਵਾਂ, ਸਮੱਸਿਆਵਾਂ ਵਿੱਚੋਂ ਮੌਕੇ ਅਤੇ ਹਨੇਰੀਆਂ ਰਾਤਾਂ ਵਿੱਚੋਂ ਚਾਨਣ ਦੀਆਂ ਰਿਸ਼ਮਾਂ ਲੱਭਣ ਦੇ ਯੋਗ ਬਣਾਉਂਦਾ ਹੈ। ਅਜਿਹੀ ਸੋਚ ਨਾਲ ਮਨੁੱਖ ਆਪਣੇ ਜੀਵਨ ਦਾ ਪੂਰਾ ਆਨੰਦ ਮਾਣ ਸਕਦਾ ਹੈ ਅਤੇ ਹਰ ਦੁਸ਼ਵਾਰੀ ਨਾਲ ਸਿੱਝ ਸਕਦਾ ਹੈ। ਹਾਂ-ਪੱਖੀ ਸੋਚ ਨਾਲ ਮਨੁੱਖ ਨੂੰ ਸਭ ਕੁਝ ਚੰਗਾ-ਚੰਗਾ, ਭਰਿਆ-ਭਰਿਆ ਅਤੇ ਪਿਆਰਾ ਲੱਗਦਾ ਹੈ।
ਖ਼ੁਸ਼ੀ ਦਾ ਤੀਜਾ ਕਦਮ ਮਿਹਨਤ ਦੀ ਆਦਤ ਹੈ। ਮਿਹਨਤ ਦਾ ਕੋਈ ਬਦਲ ਨਹੀਂ ਹੈ। ਇਹ ਸਫਲਤਾ ਦੀ ਕੁੰਜੀ, ਸਿਹਤ ਦਾ ਮੰਤਰ ਅਤੇ ਖ਼ੁਸ਼ੀ ਦਾ ਰਾਜ਼ ਹੈ। ਵਿਹਲਾ ਮਨੁੱਖ ਦੂਜਿਆਂ ਉੱਪਰ ਅਤੇ ਆਪਣੇ ਆਪ ਉੱਪਰ ਇੱਕ ਬੋਝ ਹੁੰਦਾ ਹੈ। ਜੋ ਮਿਹਨਤ ਕਰਦੇ ਹਨ, ਸਫਲਤਾ ਉਨ੍ਹਾਂ ਦੇ ਪੈਰ ਚੁੰਮਦੀ ਹੈ ਅਤੇ ਖ਼ੁਸ਼ੀ ਉਨ੍ਹਾਂ ਨੂੰ ਹਮੇਸ਼ਾ ਆਪਣੇ ਕਲਾਵੇ ਵਿੱਚ ਰੱਖਦੀ ਹੈ। ਮਿਹਨਤ ਨਾਲ ਪ੍ਰਾਪਤ ਕੀਤੀ ਵਸਤੂ ਵਿੱਚ ਬਰਕਤ ਹੁੰਦੀ ਹੈ ਅਤੇ ਉਹ ਮਨੁੱਖ ਨੂੰ ਵਫ਼ਾ ਕਰਨ ਦੇ ਨਾਲ-ਨਾਲ ਉਸ ਨੂੰ ਨਿਵੇਕਲੀ ਤਸੱਲੀ ਅਤੇ ਸਕੂਨ ਵੀ ਪ੍ਰਦਾਨ ਕਰਦੀ ਹੈ। ਮਿਹਨਤ ਕਰਦਿਆਂ ਸਮਾਂ ਕਦ ਗੁਜ਼ਰ ਜਾਂਦਾ ਹੈ, ਪਤਾ ਹੀ ਨਹੀਂ ਲੱਗਦਾ। ਕਿਸੇ ਨੂੰ ਵਿਹਲਾ ਰੱਖਣਾ, ਉਸ ਨੂੰ ਸਜ਼ਾ ਦੇਣ ਦੇ ਸਮਾਨ ਹੁੰਦਾ ਹੈ। ਵਿਹਲੜਪੁਣਾ ਆਲਸ ਨੂੰ ਜਨਮ ਦਿੰਦਾ ਹੈ ਅਤੇ ਇਸ ਨਾਲ ਜਿੱਥੇ ਸਾਡੀ ਸਰੀਰਕ ਸਿਹਤ ਵਿਗੜਦੀ ਹੈ, ਉੱਥੇ ਸਾਡਾ ਮਨੋਬਲ ਵੀ ਨੀਵਾਂ ਹੁੰਦਾ ਹੈ ਅਤੇ ਸਮਾਜ ਵਿੱਚ ਸਾਡੇ ਰੁਤਬੇ ਨੂੰ ਵੀ ਠੇਸ ਪਹੁੰਚਦੀ ਹੈ ਪ੍ਰੰਤੂ ਕੰਮ ਕਰਦਿਆਂ ਥੋੜ੍ਹੀ ਜਿਹੀ ਵਿਹਲ ਲੈ ਲੈਣੀ, ਆਪਸ ਵਿੱਚ ਹੱਸ-ਖੇਡ ਲੈਣਾ ਜਾਂ ਕੋਈ ਸਿਹਤਮੰਦ ਮਨੋਰੰਜਨ ਕਰ ਲੈਣਾ ਬੁਰਾ ਨਹੀਂ ਹੁੰਦਾ ਅਤੇ ਨਾ ਹੀ ਉਸ ਨੂੰ ਵਿਹਲੜਪੁਣਾ ਕਿਹਾ ਜਾ ਸਕਦਾ ਹੈ।
ਮਨੁੱਖ ਲਈ ਸੋਹਣਾ, ਵੱਡਾ ਅਤੇ ਅਮੀਰ ਹੋਣ ਨਾਲੋਂ ਚੰਗਾ ਹੋਣਾ ਵਧੇਰੇ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਸੱਚੀ ਖ਼ੁਸ਼ੀ ਨਾ ਸੁਹੱਪਣ ਵਿੱਚ ਹੈ, ਨਾ ਅਮੀਰੀ ਵਿੱਚ, ਨਾ ਦੁਨਿਆਵੀ ਵਡੱਪਣ ਵਿੱਚ ਹੈ। ਇਹ ਤਾਂ ਮਨੁੱਖ ਨੂੰ ਕੇਵਲ ਚੰਗਾ ਬਣਨ ਨਾਲ ਹੀ ਮਿਲ ਸਕਦੀ ਹੈ। ਚੰਗੇ ਬਣਨ ਲਈ ਸਾਨੂੰ ਆਪਣੇ ਮਨ ਵਿੱਚ ਚੰਗੇ ਵਿਚਾਰ ਲਿਆਉਣੇ ਪੈਣਗੇ, ਜ਼ੁਬਾਨ ਤੋਂ ਚੰਗੇ ਸ਼ਬਦ ਬੋਲਣੇ ਪੈਣਗੇ, ਹੱਥਾਂ ਨਾਲ ਚੰਗੇ ਕਾਰਜ ਕਰਨੇ ਪੈਣਗੇ ਅਤੇ ਦੂਜੇ ਲੋਕਾਂ ਵਿੱਚ ਖ਼ੁਸ਼ੀ ਵੰਡਣੀ ਪਵੇਗੀ। ਇਸ ਨਾਲ ਸਾਡਾ ਮਨ ਸ਼ਾਂਤ ਰਹੇਗਾ, ਸਿਹਤ ਠੀਕ ਰਹੇਗੀ ਅਤੇ ਜੱਗ ਸ਼ੋਭਾ ਕਰੇਗਾ। ਚੰਗੇ ਬਣਨ ਲਈ ਸਾਨੂੰ ਚੰਗੀ ਸੰਗਤ ਰੱਖਣੀ ਚਾਹੀਦੀ ਹੈ, ਚੰਗਾ ਮਨੋਰੰਜਨ ਕਰਨਾ ਚਾਹੀਦਾ ਹੈ, ਚੰਗਾ ਸਾਹਿਤ ਪੜ੍ਹਨਾ ਚਾਹੀਦਾ ਹੈ, ਚੰਗੇ ਬੰਦਿਆਂ ਦੀ ਰੀਸ ਕਰਨੀ ਚਾਹੀਦੀ ਹੈ ਅਤੇ ਆਪਣੇ ਆਲ਼ੇ-ਦੁਆਲ਼ੇ ਚੰਗਾ ਵਾਤਾਵਰਨ ਸਿਰਜਣਾ ਚਾਹੀਦਾ ਹੈ। ਕਿਸੇ ਦਾ ਆਪਣਾ ਬਣਨਾ ਚਾਹੀਦਾ ਹੈ ਅਤੇ ਕਿਸੇ ਨੂੰ ਆਪਣਾ ਬਣਾਉਣਾ ਚਾਹੀਦਾ ਹੈ, ਜਿਸ ਨਾਲ ਅਸੀਂ ਆਪਣੇ ਦੁੱਖ-ਸੁੱਖ ਸਾਂਝੇ ਕਰ ਸਕੀਏ।
ਖ਼ੁਸ਼ੀ ਦੇ ਮਾਰਗ ’ਤੇ ਚੱਲਣ ਅਤੇ ਚੱਲਦੇ ਰਹਿਣ ਲਈ ਅਨੁਸ਼ਾਸਨ ਵੀ ਬਹੁਤ ਜ਼ਰੂਰੀ ਹੈ। ਕੁਝ ਲੋਕ ਅਨੁਸ਼ਾਸਨ ਨੂੰ ਆਪਣੀ ਸੁਤੰਤਰਤਾ ਉੱਪਰ ਪਾਬੰਦੀ ਅਤੇ ਖ਼ੁਸ਼ੀ ਦੇ ਰਾਹ ਦੀ ਰੁਕਾਵਟ ਸਮਝਦੇ ਹਨ, ਜੋ ਸਰਾਸਰ ਗ਼ਲਤ ਹੈ। ਖੇਤ ਦੁਆਲੇ ਕੀਤੀ ਗਈ ਵਾੜ ਖੇਤ ਵਿੱਚ ਬੀਜੀ ਗਈ ਫ਼ਸਲ ਦੀ ਹਿਫ਼ਾਜ਼ਤ ਲਈ ਹੁੰਦੀ ਹੈ, ਉਸ ਦੀ ਸੁਤੰਤਰਤਾ ਘੱਟ ਕਰਨ ਲਈ ਨਹੀਂ। ਇਸ ਤਰ੍ਹਾਂ ਹੀ ਸੜਕ ’ਤੇ ਚੱਲਦੇ ਹੋਏ ਸੜਕੀ ਨਿਯਮਾਂ ਦੀ ਪਾਲਣਾ ਕਰਨ ਨਾਲ ਸਾਡੀ ਸੜਕ ’ਤੇ ਚੱਲਣ ਦੀ ਅਜ਼ਾਦੀ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੁੰਦੀ, ਸਗੋਂ ਇਨ੍ਹਾਂ ਤੋਂ ਬਗ਼ੈਰ ਇਹ ਆਜ਼ਾਦੀ ਸੰਭਵ ਹੀ ਨਹੀਂ ਹੋ ਸਕਦੀ। ਅਨੁਸ਼ਾਸਨਹੀਣ ਜੀਵਨ ਕਦੀ ਵੀ ਖ਼ੁਸ਼ੀਜਨਕ ਅਤੇ ਸੁਖਦਾਇਕ ਨਹੀਂ ਹੋ ਸਕਦਾ। ਸੋ, ਆਪਣੇ ਜੀਵਨ ਨੂੰ ਹਮੇਸ਼ਾ ਅਨੁਸ਼ਾਸਿਤ, ਨਿਯਮਤ ਅਤੇ ਮਰਿਆਦਾ ਵਿੱਚ ਰੱਖੋ। ਇਹ ਵੀ ਚੇਤੇ ਰੱਖੋ ਕਿ ਅਨੁਸ਼ਾਸਨ ਦੀ ਸਭ ਤੋਂ ਵਧੀਆ ਕਿਸਮ ਸਵੈ-ਅਨੁਸ਼ਾਸਨ ਹੁੰਦਾ ਹੈ, ਨਾ ਕਿ ਕਿਸੇ ਸਜ਼ਾ ਜਾਂ ਜ਼ੁਰਮਾਨੇ ਦੇ ਡਰ ਕਾਰਨ ਅਪਣਾਇਆ ਗਿਆ ਅਨੁਸ਼ਾਸਨ।
ਖ਼ੁਸ਼ੀ ਦੇ ਮਾਰਗ ਦਾ ਛੇਵਾਂ ਕਦਮ ਹਮੇਸ਼ਾ ਸਹਿਜ ਅਵਸਥਾ ਅਤੇ ਚੜ੍ਹਦੀ ਕਲਾ ਵਿੱਚ ਰਹਿਣਾ ਹੈ। ਮਨੁੱਖੀ ਜੀਵਨ ਦੁੱਖਾਂ ਅਤੇ ਸੁੱਖਾਂ, ਖ਼ੁਸ਼ੀਆਂ ਅਤੇ ਗ਼ਮੀਆਂ, ਲਾਭਾਂ ਅਤੇ ਨੁਕਸਾਨਾਂ, ਮਾਨਾਂ ਅਤੇ ਅਪਮਾਨਾਂ, ਸਫਲਤਾਵਾਂ ਅਤੇ ਅਸਫਲਤਾਵਾਂ ਦਾ ਸੁਮੇਲ ਹੈ। ਸੋ, ਸਾਨੂੰ ਚਾਹੀਦਾ ਹੈ ਕਿ ਇਨ੍ਹਾਂ ਨੂੰ ਧੁੱਪ-ਛਾਂ ਅਤੇ ਦਿਨ-ਰਾਤ ਵਾਂਗ ਹੀ ਸਮਝੀਏ : ਨਾ ਸੁੱਖ ਵਿੱਚ ਲੋੜੋਂ ਵੱਧ ਉਤੇਜਿਤ ਹੋਈਏ ਅਤੇ ਨਾ ਹੀ ਦੁੱਖ ਸਮੇਂ ਢੇਰੀ ਢਾਹ ਕੇ ਬੈਠੀਏ, ਸਗੋਂ ਹਰ ਸਮੇਂ ਸਹਿਜ ਅਵਸਥਾ ਅਤੇ ਚੜ੍ਹਦੀ ਕਲਾ ਵਿੱਚ ਰਹੀਏ, ਚਿੰਤਾ ਅਤੇ ਤਣਾਅ ਤੋਂ ਮੁਕਤ ਰਹੀਏ, ਹਮੇਸ਼ਾ ਸੰਤੁਲਿਤ ਪਹੁੰਚ ਅਪਣਾਈਏ ਅਤੇ ਜੀਵਨ ਦੇ ਹਰ ਰੰਗ ਨੂੰ ਸਮਾਨ ਸਮਝੀਏ। ਅੱਤ, ਭਾਵੇਂ ਉਹ ਕਿਸੇ ਵੀ ਰੂਪ ਵਿੱਚ ਹੋਵੇ, ਹਮੇਸ਼ਾ ਸਮੱਸਿਆਵਾਂ ਅਤੇ ਉਲਝਣਾਂ ਹੀ ਪੈਦਾ ਕਰਦੀ ਹੈ।
ਗੁਰੂ ਨਾਨਕ ਸਾਹਿਬ ਦਾ ਕਥਨ ਹੈ: ਮਨਿ ਜੀਤੈ ਜਗੁ ਜੀਤੁ।। ਇਸ ਦਾ ਭਾਵ ਹੈ ਕਿ ਮਨ ਨੂੰ ਜਿੱਤਣਾ ਪੂਰੇ ਸੰਸਾਰ ਨੂੰ ਜਿੱਤਣ ਦੇ ਸਮਾਨ ਹੁੰਦਾ ਹੈ। ਜਿਸ ਵਿਅਕਤੀ ਦਾ ਮਨ ਆਪਣੇ ਕਾਬੂ ਵਿੱਚ ਨਹੀਂ ਹੈ ਅਰਥਾਤ ਇੱਧਰ-ਉੱਧਰ ਭਟਕਦਾ ਰਹਿੰਦਾ ਹੈ ਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ ਅਤੇ ਬਦਲੇ ਦੀ ਭਾਵਨਾ ਆਦਿ ਦਾ ਸ਼ਿਕਾਰ ਰਹਿੰਦਾ ਹੈ, ਉਹ ਕਦੀ ਵੀ ਖ਼ੁਸ਼ ਨਹੀਂ ਰਹਿ ਸਕਦਾ। ਸੋ, ਹਰ ਮਨੁੱਖ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੇ ਮਨ ਨੂੰ ਕਾਬੂ ਵਿੱਚ ਰੱਖਦਾ ਹੋਇਆ ਗ਼ਲਤ ਸੋਚ ਨੂੰ ਛੱਡ ਕੇ ਸਹੀ ਸੋਚ ਅਪਣਾਵੇ, ਸੱਚਾ-ਸੁੱਚਾ ਜੀਵਨ ਬਤੀਤ ਕਰੇ, ਸਬਰ-ਸੰਤੋਖ ਦੀ ਨੀਤੀ ਧਾਰਨ ਕਰੇ, ਕਦੀ ਵੀ ਨਿਮਰਤਾ ਦਾ ਪੱਲਾ ਨਾ ਛੱਡੇ ਅਤੇ ਕੁਝ ਸਮਾਂ ਸਮਾਜ-ਸੇਵਾ ਦੇ ਕਾਰਜਾਂ ਵਿੱਚ ਜ਼ਰੂਰ ਲਗਾਵੇ। ਨਿਰਸਵਾਰਥ ਸੇਵਾ ਆਪਣੇ ਆਪ ਵਿੱਚ ਹੀ ਖ਼ੁਸ਼ੀ ਦਾ ਇੱਕ ਬਹੁਤ ਵੱਡਾ ਸੋਮਾ ਹੈ।
ਮਨੁੱਖ ਇੱਕ ਸਮਾਜਿਕ ਜੀਵ ਹੈ ਅਤੇ ਜੀਵਨ ਵਿੱਚ ਖ਼ੁਸ਼ੀ ਪ੍ਰਾਪਤ ਕਰਨ ਲਈ ਸੱਭਿਅਕ ਸਮਾਜ ਦੇ ਹਰ ਨਿਯਮ ਦਾ ਪਾਲਣ ਕਰਨਾ ਅਤੇ ਇਸ ਨਾਲ ਹਮੇਸ਼ਾ ਇਕਸੁਰਤਾ ਕਾਇਮ ਰੱਖਣ ਦਾ ਯਤਨ ਕਰਨਾ ਅਤਿ-ਜ਼ਰੂਰੀ ਹੈ। ਇਸ ਇਕਸੁਰਤਾ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਅਧਿਆਪਕਾਂ ਅਤੇ ਬਜ਼ੁਰਗਾਂ ਦਾ ਹਮੇਸ਼ਾ ਸਤਿਕਾਰ ਕਰੀਏ, ਆਪਣੇ ਪਰਿਵਾਰ ਵਿੱਚ ਸੁੱਖ-ਸ਼ਾਂਤੀ ਬਣਾ ਕੇ ਰੱਖੀਏ, ਆਪਣੇ ਹਾਣੀਆਂ ਨਾਲ ਮਿਲ-ਜੁਲ ਕੇ ਰਹੀਏ ਅਤੇ ਆਪ ਤੋਂ ਛੋਟਿਆਂ ਨਾਲ ਪਿਆਰ ਕਰੀਏ। ਸਾਡੇ ਮਾਤਾ-ਪਿਤਾ ਸਾਨੂੰ ਜੀਵਨ-ਦਾਤ ਬਖ਼ਸ਼ਦੇ ਹਨ, ਸਾਡੇ ਅਧਿਆਪਕ ਸਾਨੂੰ ਜੀਵਨ-ਜਾਚ ਸਿਖਾਉਂਦੇ ਹਨ, ਸਾਡੇ ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰ ਸਾਡੀ ਧਰੋਹਰ ਹੁੰਦੇ ਹਨ, ਸਾਡੇ ਦੋਸਤ-ਮਿੱਤਰ ਅਤੇ ਸਹਿਕਰਮੀ ਸਾਡਾ ਸਹਾਰਾ ਹੁੰਦੇ ਹਨ ਅਤੇ ਸਾਡੇ ਬੱਚੇ ਸਾਡਾ ਭਵਿੱਖ ਹੁੰਦੇ ਹਨ। ਇਨ੍ਹਾਂ ਸਭ ਦਾ ਸਾਡੇ ਜੀਵਨ ਵਿੱਚ ਬੜਾ ਅਹਿਮ ਯੋਗਦਾਨ ਹੁੰਦਾ ਹੈ ਅਤੇ ਕੋਈ ਵੀ ਮਨੁੱਖ ਇਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਇਨ੍ਹਾਂ ਵਿੱਚੋਂ ਕਿਸੇ ਦਾ ਵੀ ਨੁਕਸਾਨ ਜਾਂ ਅਪਮਾਨ ਕਰਨ ਵਾਲਾ ਵਿਅਕਤੀ ਸੁਖ ਨਹੀਂ ਪਾ ਸਕਦਾ। ਰਿਸ਼ਤਿਆਂ ਵਿੱਚ ਨਿੱਘ ਭਰਨ ਵਾਲਾ ਅਤੇ ਰਿਸ਼ਤਿਆਂ ਦਾ ਨਿੱਘ ਮਾਣਨ ਵਾਲਾ ਵਿਅਕਤੀ ਕਦੀ ਵੀ ਇਕੱਲਾ, ਉਦਾਸ ਜਾਂ ਨਿਰਾਸ਼ ਮਹਿਸੂਸ ਨਹੀਂ ਕਰਦਾ।
ਆਪਣੀਆਂ ਲੋੜਾਂ ਅਤੇ ਇੱਛਾਵਾਂ ਨੂੰ ਸੀਮਤ ਕਰੀਏ। ਮਨੁੱਖੀ ਦੁੱਖਾਂ ਦਾ ਇੱਕ ਬਹੁਤ ਵੱਡਾ ਕਾਰਨ ਉਸ ਦੀਆਂ ਅਸੀਮ ਅਤੇ ਅਪੂਰਤ ਲੋੜਾਂ ਅਤੇ ਇੱਛਾਵਾਂ ਨੂੰ ਮੰਨਿਆਂ ਜਾਂਦਾ ਹੈ। ਸਾਡੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਸਹਿਜੇ ਹੀ ਹੋ ਸਕਦੀ ਹੈ ਪਰ ਜਦੋਂ ਅਸੀਂ ਫਜ਼ੂਲ ਹੀ ਆਪਣੀਆਂ ਲੋੜਾਂ ਅਤੇ ਇੱਛਾਵਾਂ ਵਿੱਚ ਵਾਧਾ ਕਰਦੇ ਰਹਿੰਦੇ ਹਾਂ ਅਤੇ ਇਹ ਪੂਰੀਆਂ ਨਹੀਂ ਹੁੰਦੀਆਂ ਤਾਂ ਅਸੀਂ ਬੇਚੈਨੀ, ਭਟਕਣਾ ਅਤੇ ਤਣਾਅ ਦਾ ਸ਼ਿਕਾਰ ਰਹਿ ਕੇ ਦੁਖੀ ਹੁੰਦੇ ਹਾਂ। ਇਸ ਤਰ੍ਹਾਂ ਹੀ ਸਾਨੂੰ ਨਾ ਤਾਂ ਬੀਤੇ ਬਾਰੇ ਸੋਚ ਕੇ ਦੁਖੀ ਹੁੰਦੇ ਰਹਿਣਾ ਚਾਹੀਦਾ ਹੈ ਅਤੇ ਨਾ ਹੀ ਭਵਿੱਖ ਬਾਰੇ ਅਕਾਰਨ ਚਿੰਤਾ ਕਰਨੀ ਚਾਹੀਦੀ ਹੈ ਸਗੋਂ ਹਮੇਸ਼ਾ ਵਰਤਮਾਨ ਵਿੱਚ ਜਿਊਣਾ ਚਾਹੀਦਾ ਹੈ। ਜੋ ਸਾਡੇ ਕੋਲ ਨਹੀਂ ਹੈ, ਉਸ ਲਈ ਤੜਫ਼ਣ ਅਤੇ ਭਟਕਣ ਦੀ ਬਜਾਇ, ਜੋ ਕੁਝ ਸਾਡੇ ਕੋਲ ਹੈ ਉਸ ਵਿੱਚ ਹੀ ਖ਼ੁਸ਼ ਰਹੀਏ ਅਤੇ ਉਸ ਦਾ ਹੀ ਆਨੰਦ ਮਾਣੀਏ। ਸੋਚ ਬਾਦਸ਼ਾਹਾਂ ਵਾਲੀ ਰੱਖੀਏ ਅਤੇ ਜੀਵਨ ਗ਼ਰੀਬੀ ਵਾਲਾ ਬਤੀਤ ਕਰੀਏ।
ਅੰਤ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਹਰ ਹਾਲਤ ਵਿੱਚ ਆਪਣੇ ਪ੍ਰਭੂ-ਪ੍ਰਮਾਤਮਾ ਨੂੰ ਚੇਤੇ ਰੱਖੀਏ, ਉਸ ਦਾ ਭਾਣਾ ਮੰਨੀਏ ਅਤੇ ਉਸ ਨੇ ਜੋ ਕੁਝ ਵੀ ਸਾਨੂੰ ਦਿੱਤਾ ਹੈ, ਉਸ ਲਈ ਉਸ ਦੇ ਸ਼ੁਕਰਗੁਜ਼ਾਰ ਰਹੀਏ। ਸਾਡੇ ਲਈ ਇਹ ਗੱਲ ਸਮਝਣੀ ਅਤਿ ਜ਼ਰੂਰੀ ਹੈ ਕਿ ਸਾਡੀ ਸੋਚ, ਸਮਝ ਅਤੇ ਵਿਉਂਤਬੰਦੀ ਕੇਵਲ ਇੱਕ ਹੱਦ ਤੱਕ ਹੀ ਅਸਰਦਾਰ ਹੋ ਸਕਦੀ ਹੈ। ਕੁਝ ਮਸਲੇ ਤਾਂ ਅਜਿਹੇ ਹੁੰਦੇ ਹਨ ਜਿਨ੍ਹਾਂ ਵਿੱਚ ਅਸੀਂ ਕੁਝ ਵੀ ਨਹੀਂ ਕਰ ਸਕਦੇ। ਅਜਿਹੀ ਹਾਲਤ ਵਿੱਚ ਸਾਨੂੰ ਸਭ ਕੁਝ ਰੱਬ, ਕੁਦਰਤ ਜਾਂ ਉਸ ਅਦਿੱਖ ਸ਼ਕਤੀ ’ਤੇ ਹੀ ਛੱਡਣਾ ਪੈਂਦਾ ਹੈ, ਜੋ ਸਾਡੀ ਸਮਝ ਅਤੇ ਪਹੁੰਚ ਤੋਂ ਬਿਲਕੁਲ ਬਾਹਰ ਹੈ। ਰੱਬ ਦੀ ਰਜ਼ਾ ਵਿੱਚ ਰਹਿਣ ਵਾਲੇ ਮਨੁੱਖ ਹਰ ਹਾਲਤ ਵਿੱਚ ਖ਼ੁਸ਼ ਅਤੇ ਸੰਤੁਸ਼ਟ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਕੁਝ ਵੀ ਉਦਾਸ, ਨਿਰਾਸ਼ ਜਾਂ ਮਾਯੂਸ ਨਹੀਂ ਕਰ ਸਕਦਾ।
ਉਪਰੋਕਤ ਸਾਰੀਆਂ ਗੱਲਾਂ ਵਿੱਚੋਂ ਇੱਕ ਵੀ ਗੱਲ ਅਜਿਹੀ ਨਹੀਂ ਹੈ ਜਿਸ ਨੂੰ ਅਸੀਂ ਜੀਵਨ ਵਿੱਚ ਅਪਣਾ ਨਾ ਸਕਦੇ ਹੋਈਏ ਜਾਂ ਜਿਸ ਨੂੰ ਸਾਡੇ ਵਰਗੇ ਅਨੇਕ ਵਿਅਕਤੀਆਂ ਨੇ ਆਪਣੇ ਜੀਵਨ ਵਿੱਚ ਅਪਣਾਇਆ ਨਾ ਹੋਵੇ। ਲੋੜ ਕੇਵਲ ਸਹੀ ਸੋਚ ਅਪਣਾਉਣ ਅਤੇ ਆਪਣੇ ਮਨ ਨੂੰ ਪੱਕਾ ਕਰਨ ਦੀ ਹੈ। ਸਾਡਾ ਜੀਵਨ ਬੁਨਿਆਦੀ ਤੌਰ ’ਤੇ ਇੱਕ ਸਮਝੌਤਾ ਹੈ ਕਿਉਂਕਿ ਕਿਸੇ ਵੀ ਮਨੁੱਖ ਨੂੰ ਉਹ ਸਭ ਕੁਝ ਨਹੀਂ ਮਿਲ ਸਕਦਾ ਜੋ ਦੁਨੀਆ ਵਿੱਚ ਉਪਲੱਬਧ ਹੈ ਜਾਂ ਜੋ ਉਹ ਚਾਹੁੰਦਾ ਹੈ। ਸੂਝਵਾਨ ਵਿਅਕਤੀ ਉਹੀ ਹੁੰਦਾ ਹੈ, ਜੋ ਉਸ ਨੂੰ ਮਿਲਿਆ ਹੈ, ਉਹ ਉਸ ਨਾਲ ਸੰਤੁਸ਼ਟ ਰਹਿੰਦਾ ਹੈ ਅਤੇ ਜੋ ਕੁਝ ਉਹ ਹੋਰ ਚਾਹੁੰਦਾ ਹੈ, ਉਸ ਲਈ ਸੁਹਿਰਦ ਯਤਨ ਕਰਦਾ ਰਹਿੰਦਾ ਹੈ। ਖ਼ੁਸ਼ੀ ਨਾਮ ਹੀ ਸਬਰ, ਸੰਤੋਖ, ਸੰਤੁਸ਼ਟੀ, ਸਹਿਜਤਾ ਅਤੇ ਜੀਵਨ ਪ੍ਰਤੀ ਸੰਤੁਲਿਤ ਪਹੁੰਚ ਦਾ ਹੈ। ਜੀਵਨ ਨੂੰ ਗ਼ਮ ਦਾ ਦਰਿਆ ਸਮਝ ਕੇ ਰੋਣ-ਕੁਰਲਾਉਣ ਦਾ ਨਹੀਂ, ਸਗੋਂ ਇੱਕ ਸੁਹਾਣਾ ਸਫ਼ਰ ਸਮਝ ਕੇ ਜਿਊਣ ਅਤੇ ਇਸ ਨੂੰ ਰੱਜ ਕੇ ਮਾਣਨ ਦਾ ਹੈ। ਚੇਤੇ ਰੱਖੋ! ਦੁਨੀਆ ਵਿੱਚ ਪ੍ਰਾਪਤ ਕਰਨ ਯੋਗ ਕੇਵਲ ਇੱਕ ਹੀ ਚੀਜ਼ ਹੈ ਅਤੇ ਉਹ ਹੈ ਖ਼ੁਸ਼ੀ। ਇਸ ਨੂੰ ਪ੍ਰਾਪਤ ਕਰਨ ਦਾ ਸਮਾਂ ਹੁਣ ਹੀ ਹੈ; ਇਸ ਨੂੰ ਪ੍ਰਾਪਤ ਕਰਨ ਦਾ ਸਥਾਨ ਇਹ ਹੀ ਹੈ; ਅਤੇ ਇਸ ਨੂੰ ਪ੍ਰਾਪਤ ਕਰਨ ਦਾ ਢੰਗ ਹਰ ਹਾਲਤ ਵਿੱਚ ਖ਼ੁਸ਼ ਰਹਿਣ ਦਾ ਅਤੇ ਦੂਜਿਆਂ ਨੂੰ ਖ਼ੁਸ਼ ਰੱਖਣ ਦਾ ਪੱਕਾ ਇਰਾਦਾ ਧਾਰ ਕੇ ਤੁਰੰਤ ਇਸ ਦਿਸ਼ਾ ਵਿੱਚ ਚੱਲ ਪੈਣਾ ਹੈ। ਜੇਕਰ ਤੁਸੀਂ ਹੁਣ ਇਸ ਤਰ੍ਹਾਂ ਦਾ ਇਰਾਦਾ ਧਾਰ ਲਿਆ ਹੈ ਤਾਂ ਕੋਈ ਲੱਖ ਯਤਨ ਕਰਕੇ ਵੀ ਤੁਹਾਨੂੰ ਖ਼ੁਸ਼ ਹੋਣ, ਖ਼ੁਸ਼ ਰਹਿਣ ਅਤੇ ਖ਼ੁਸ਼ੀ ਦੇ ਖ਼ਜ਼ਾਨੇ ਦੇ ਮਾਲਕ ਬਣਨ ਤੋਂ ਰੋਕ ਨਹੀਂ ਸਕੇਗਾ!
ਸੰਪਰਕ: 98155-01381

Advertisement
Author Image

joginder kumar

View all posts

Advertisement
Advertisement
×