For the best experience, open
https://m.punjabitribuneonline.com
on your mobile browser.
Advertisement

ਭਗਵਾ ਪਾਰਟੀ ਦੀ ਤਾਨਾਸ਼ਾਹੀ ਘਟੇਗੀ: ਭਗਵੰਤ ਮਾਨ

06:55 AM Jun 11, 2024 IST
ਭਗਵਾ ਪਾਰਟੀ ਦੀ ਤਾਨਾਸ਼ਾਹੀ ਘਟੇਗੀ  ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਦਾ ਸਨਮਾਨ ਕਰਦੀ ਹੋਈ ਸੰਗਤ।
Advertisement

* ਰਵਨੀਤ ਬਿੱਟੂ ਪੰਜਾਬ ਦੇ ਬਕਾਇਆ ਫੰਡ ਕੇਂਦਰ ਸਰਕਾਰ ਕੋਲੋਂ ਜਾਰੀ ਕਰਵਾਏ

Advertisement

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 10 ਜੂਨ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਦੇਸ਼ ਵਿੱਚ 400 ਪਾਰ ਦਾ ਦਾਅਵਾ ਕਰਨ ਦੇ ਬਾਵਜੂਦ 250 ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ ਅਤੇ ਹੁਣ ਮੋਦੀ ਸਰਕਾਰ ਨੂੰ ਐੱਨਡੀਏ ਸਰਕਾਰ ਕਿਹਾ ਜਾ ਰਿਹਾ ਹੈ। ਭਾਜਪਾ ਬਹੁਮਤ ਤੋਂ ਬਹੁਤ ਦੂਰ ਹੈ ਅਤੇ ਲੋਕ ਸਭਾ ਦੇ ਮੌਜੂਦਾ ਸਮੇਂ ਵਿਰੋਧੀ ਧਿਰ ਵੀ ਬਰਾਬਰ ਦੀ ਮਜ਼ਬੂਤ ਹੈ। ਉਂਜ ਉਨ੍ਹਾਂ ਕਿਹਾ ਕਿ ਐੱਨਡੀਏ ਸਰਕਾਰ ਪਿਛਲੀਆਂ ਮੋਦੀ ਸਰਕਾਰਾਂ ਨਾਲੋਂ ਵੱਧ ਜਮਹੂਰੀ ਸਾਬਤ ਹੋਵੇਗੀ। ਉਹ ਅੱਜ ਆਪਣੀ ਪਤਨੀ ਗੁਰਪ੍ਰੀਤ ਕੌਰ ਨਾਲ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ’ਚ ਨਤਮਸਤਕ ਹੋਣ ਆਏ ਸੀ। ਉਨ੍ਹਾਂ ਸੰਗਤ ਵਿੱਚ ਬੈਠ ਕੇ ਕੀਰਤਨ ਵੀ ਸੁਣਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰਵਾਈ। ਭਗਵੰਤ ਮਾਨ ਨੇ ਉਮੀਦ ਜ਼ਾਹਿਰ ਕੀਤੀ ਕਿ ਭਗਵਾ ਪਾਰਟੀ ਦੀ ਤਾਨਾਸ਼ਾਹੀ ਇਸ ਵਾਰ ਨਜ਼ਰ ਨਹੀਂ ਆਵੇਗੀ ਕਿਉਂਕਿ ਉਹ ਦੂਜੀਆਂ ਪਾਰਟੀਆਂ ਨਾਲ ਗੱਠਜੋੜ ਕਰ ਕੇ ਹੀ ਭਾਜਪਾ ਸਰਕਾਰ ਬਣਾ ਸਕੀ ਹੈ। ਉਨ੍ਹਾਂ ਕਿਹਾ ਕਿ ਨਵੀਂ ਕੈਬਨਿਟ ਵਿੱਚ ਚੋਣਾਂ ਹਾਰਨ ਵਾਲੇ ਕਈ ਆਗੂਆਂ ਨੂੰ ਮੰਤਰੀ ਬਣਾਇਆ ਗਿਆ ਹੈ। ਪੰਜਾਬ ਦੇ ਨਵੇਂ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਚਾਹੀਦਾ ਹੈ ਕਿ ਉਹ ਸੂਬੇ ਦੇ ਮਸਲਿਆਂ ਤੇ ਖ਼ਾਸ ਕਰਕੇ ਕੇਂਦਰ ਸਰਕਾਰ ਕੋਲ ਫੰਡ ਰੋਕਣ ਦੇ ਮੁੱਦੇ ਉਠਾਉਣ ਤਾਂ ਜੋ ਪੰਜਾਬ ਦੇ ਵਿਕਾਸ ਨੂੰ ਹੁਲਾਰਾ ਮਿਲ ਸਕੇ। ਅਮਿਤ ਸ਼ਾਹ ਵੱਲੋਂ 4 ਜੂਨ ਤੋਂ ਬਾਅਦ ਪੰਜਾਬ ਸਰਕਾਰ ਡਿੱਗਣ ਬਾਰੇ ਪੁੱਛੇ ਜਾਣ ’ਤੇ ਭਗਵੰਤ ਮਾਨ ਨੇ ਕਿਹਾ ਕਿ ਸ਼ਾਹ ਨੂੰ ਪੰਜਾਬ ਦੀ ਚਿੰਤਾ ਕਰਨ ਦੀ ਥਾਂ ਨਵੀਂ ਸਰਕਾਰ ਵਿੱਚ ਆਪਣੇ ਵਿਭਾਗ ਵੱਲ ਧਿਆਨ ਦੇਣਾ ਚਾਹੀਦਾ ਹੈ।

Advertisement

ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਨਤਮਸਤਕ ਹੋਣ ਸਮੇਂ ਭਗਵੰਤ ਮਾਨ ਤੇ ਪਤਨੀ ਗੁਰਪ੍ਰੀਤ ਕੌਰ। -ਸੋਢੀ

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਹਿਲੀ ਵਾਰ ਨਹਿਰੀ ਪਾਣੀ ਦੀ ਸੁਚੱਜੀ ਵਰਤੋਂ ਕਰਕੇ ਧਰਤੀ ਹੇਠਲਾ ਪਾਣੀ ਬਚਾਉਣ ਲਈ ਵੱਡੀ ਯੋਜਨਾ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਝੋਨੇ ਦੇ ਸੀਜ਼ਨ ਲਈ ਪੂਰੀ ਤਰ੍ਹਾਂ ਤਿਆਰ ਹੈ। ਬਿਜਲੀ ਤੇ ਜਲ ਸਰੋਤ ਵਿਭਾਗ ਨੂੰ ਪਹਿਲਾਂ ਹੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਮਾਨ ਨੇ ਕਿਸਾਨਾਂ ਨੂੰ ਹੇਠਲੇ ਪਾਣੀ ਦੀ ਥਾਂ ਨਹਿਰੀ ਪਾਣੀ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।
ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਵਿੱਚ ‘ਆਪ’ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ ਕਿਉਂਕਿ ਮੌਜੂਦਾ ਚੋਣਾਂ ਦੌਰਾਨ ਵੋਟ ਪ੍ਰਤੀਸ਼ਤ 2019 ਦੇ 7 ਫੀਸਦ ਤੋਂ ਵਧ ਕੇ 26 ਫੀਸਦ ਤੋਂ ਵੱਧ ਹੋ ਗਿਆ ਹੈ। ਸਾਲ 2019 ਦੀ ਇੱਕ ਸੀਟ ਦੇ ਮੁਕਾਬਲੇ ਇਸ ਵਾਰ ਤਿੰਨ ਸੀਟਾਂ ਜਿੱਤੀਆਂ ਹਨ, ਜਦਕਿ ਕਾਂਗਰਸ ਦਾ ਵੋਟ ਬੈਂਕ ਘਟਿਆ ਹੈ ਅਤੇ ਭਾਜਪਾ ਦਾ ਸਫ਼ਾਇਆ ਹੋ ਗਿਆ। ਜਿਹੜੀਆਂ ਕਮੀਆਂ ਰਹਿ ਗਈਆਂ ਹਨ, ਉਨ੍ਹਾਂ ਬਾਰੇ ਪਾਰਟੀ ਪੜਚੋਲ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਜਲੰਧਰ (ਪੱਛਮੀ) ਹਲਕੇ ਦੀ ਜ਼ਿਮਨੀ ਚੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ‘ਆਪ’ ਇਹ ਜ਼ਿਮਨੀ ਚੋਣ ਡਟ ਕੇ ਲੜੇਗੀ ਅਤੇ ਜਿੱਤੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਈ ਬਕਾਇਆ 91 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ। ਵਿਦਿਆਰਥੀਆਂ ਨੂੰ ਅਤਿ-ਆਧੁਨਿਕ ਤਕਨੀਕੀ ਸਿੱਖਿਆ ਦਿੱਤੀ ਜਾ ਰਹੀ ਹੈ।

ਕੰਗਨਾ ਦੇ ਬਿਆਨਾਂ ਤੋਂ ਨਾਰਾਜ਼ ਸੀ ਮਹਿਲਾ ਕਾਂਸਟੇਬਲ: ਮੁੱਖ ਮੰਤਰੀ

ਐੱਸਏਐੱਸ ਨਗਰ (ਮੁਹਾਲੀ)/ਚੰਡੀਗੜ੍ਹ (ਪੱਤਰ ਪ੍ਰੇਰਕ/ਪੀਟੀਆਈ): ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਅਦਾਕਾਰਾ ਕੰਗਨਾ ਰਣੌਤ ਨੂੰ ਕਥਿਤ ਤੌਰ ’ਤੇ ਥੱਪੜ ਮਾਰਨ ਵਾਲੀ ਸੀਆਈਐੱਸਐੱਫ ਦੀ ਮਹਿਲਾ ਕਾਂਸਟੇਬਲ ਸ਼ਾਇਦ ਕਿਸਾਨ ਅੰਦੋਲਨ ਨੂੰ ਲੈ ਕੇ ਭਾਜਪਾ ਦੀ ਨਵੀਂ ਚੁਣੀ ਸੰਸਦ ਮੈਂਬਰ ਦੇ ਬਿਆਨਾਂ ਤੋਂ ਨਾਰਾਜ਼ ਸੀ। ਉਨ੍ਹਾਂ ‘ਅਤਿਵਾਦ’ ਵਾਲੀ ਟਿੱਪਣੀ ਨੂੰ ਲੈ ਕੇ ਕੰਗਨਾ ਨੂੰ ਵੀ ਨਿਸ਼ਾਨੇ ’ਤੇ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਕੰਗਨਾ ਰਣੌਤ ਦੇ ਵੱਜਿਆ ਥੱਪੜ ਉਸ ਵੱਲੋਂ ਪਹਿਲਾਂ ਦਿੱਤੇ ਗਏ ਭੜਕਾਊ ਬਿਆਨਾਂ ਕਾਰਨ ਭੜਕ ਰਹੇ ਗੁੱਸੇ ਨੂੰ ਦਰਸਾਉਂਦਾ ਹੈ। ਇਹ ਮੰਦਭਾਗੀ ਘਟਨਾ ਹੈ ਪਰ ਕੰਗਨਾ ਨੂੰ ਵੀ ਸੰਜਮ ਵਰਤਣਾ ਚਾਹੀਦਾ ਸੀ ਅਤੇ ਪੰਜਾਬੀਆਂ ਨੂੰ ਅਤਿਵਾਦੀ ਦੱਸਣ ਤੋਂ ਪਹਿਲਾਂ ਆਜ਼ਾਦੀ ਸੰਘਰਸ਼, ਦੇਸ਼ ਦੀ ਰੱਖਿਆ ਅਤੇ ਦੇਸ਼ ਨੂੰ ਅਨਾਜ ਉਤਪਾਦਨ ਪੱਖੋਂ ਆਤਮ ਨਿਰਭਰ ਬਣਾਉਣ ਵਿੱਚ ਪੰਜਾਬੀਆਂ ਦੇ ਯੋਗਦਾਨ ਨੂੰ ਚੇਤੇ ਕਰਨਾ ਚਾਹੀਦਾ ਸੀ।

Advertisement
Author Image

joginder kumar

View all posts

Advertisement