ਡਾਇਰੀਆ ਪੰਦਰਵਾੜਾ: ਦਸਤ ਕਾਰਨ ਹੁੰਦੀਆਂ ਮੌਤਾਂ ਰੋਕਣ ਦਾ ਟੀਚਾ
ਪੱਤਰ ਪ੍ਰੇਰਕ
ਪਾਇਲ, 4 ਜੁਲਾਈ
ਹੈਲਥ ਬਲਾਕ ਪਾਇਲ ਅਧੀਨ ਆਉਂਦੇ ਸਾਰੇ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿੱਚ ਇੰਟੈਂਸੀਫਾਈਡ ਡਾਇਰੀਆ ਕੰਟਰੋਲ ਪੰਦਰਵਾੜਾ ਅੱਜ 4 ਤੋਂ 17 ਜੁਲਾਈ ਤੱਕ ਸ਼ੁਰੂ ਕੀਤਾ ਗਿਆ ਹੈ। ਇਸ ਦਾ ਟੀਚਾ ਬਚਪਨ ਵਿੱਚ ਦਸਤ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਜ਼ੀਰੋ ਕਰਨਾ ਹੈ।
ਇਸ ਮੌਕੇ ਐੱਸਐਮਓ ਪਾਇਲ ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ, ਜਿਨ੍ਹਾਂ ਨੂੰ ਓ.ਆਰ.ਐੱਸ. ਦੇ ਪੈਕੇਟ ਅਤੇ ਜ਼ਿੰਕ ਦੀਆਂ ਗੋਲੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਦਸਤ ਕਾਰਨ ਹੋਣ ਵਾਲੀਆਂ ਲਗਪਗ ਸਾਰੀਆਂ ਮੌਤਾਂ ਨੂੰ ਓਰਲ ਰੀਹਾਈਡਰੇਸ਼ਨ ਸਾਲਟ (ਓਆਰਐੱਸ) ਦੀ ਸਹੀ ਮਾਤਰਾ ਅਤੇ ਜ਼ਿੰਕ ਦੀਆਂ ਗੋਲੀਆਂ ਦੀ ਖੁਰਾਕ ਦੇ ਨਾਲ-ਨਾਲ ਬੱਚੇ ਦੁਆਰਾ ਲੋੜੀਂਦੀ ਪੋਸ਼ਣ ਦੇ ਸੇਵਨ ਨਾਲ ਰੋਕਿਆ ਜਾ ਸਕਦਾ ਹੈ। ਡਾ. ਨਵੀਨ ਸਿੱਕਾ ਚਾਈਲਡ ਸਪੈਸ਼ਲਿਸਟ ਨੇ ਡਾਇਰੀਆ ਕਾਰਨ ਜ਼ੀਰੋ ਮੌਤਾਂ ਦੇ ਟੀਚੇ ਦੀ ਪ੍ਰਾਪਤੀ ਲਈ ਜਨਤਾ ਦੇ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਹੈਲਥ ਬਲਾਕ ਪਾਇਲ ਦੇ ਅਧੀਨ ਸਾਰੇ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿੱਚ ਓਆਰਐੱਸ ਅਤੇ ਜ਼ਿੰਕ ਕਾਰਨਰ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਿਹਤ ਕਰਮਚਾਰੀ ਹਰ ਘਰ ਵਿੱਚ ਪਹੁੰਚ ਕੇ ਲੋਕਾਂ ਨੂੰ ਦਸਤ ਦੇ ਇਲਾਜ ਬਾਰੇ ਜਾਗਰੂਕ ਕਰਨਗੇ।
ਖੰਨਾ (ਨਿੱਜੀ ਪੱਤਰ ਪ੍ਰੇਰਕ) : ਸੀਨੀਅਰ ਮੈਡੀਕਲ ਅਫ਼ਸਰ ਡਾ. ਰਵੀ ਦੱਤ ਦੀ ਅਗਵਾਈ ਹੇਠਾਂ ਅੱਜ 4 ਜੁਲਾਈ ਤੋਂ 17 ਜੁਲਾਈ ਤੱਕ ਮਨਾਏ ਜਾ ਰਹੇ ਦਸਤ ਰੋਕੂ ਪੰਦਰਵਾੜੇ ਸਬੰਧੀ ਆਸ਼ਾ ਵਰਕਰਾਂ ਨੇ ਆਪਣੇ ਏਰੀਏ ਵਿਚ ਜਾਗਰੂਕਤਾ ਗਤੀਵਿਧੀਆਂ ਦੇ ਨਾਲ ਨਾਲ ਪੰਜ ਸਾਲ ਉਮਰ ਤੱਕ ਦੇ ਬੱਚਿਆਂ ਨੂੰ ਘਰ ਘਰ ਜਾ ਕੇ ਓਆਰਐਸ ਦੇ ਪੈਕਟ ਵੰਡੇ। ਇਸ ਮੌਕੇ ਡਾ. ਰਵੀ ਦੱਤ ਨੇ ਦੱਸਿਆ ਕਿ ਜੇਕਰ ਬੱਚਾ ਦਿਨ ਵਿਚ 3 ਤੋਂ ਜ਼ਿਆਦਾ ਵਾਰ ਪਾਣੀ ਵਰਗਾ ਪਖਾਨਾ ਕਰ ਰਿਹਾ ਹੈ ਤਾਂ ਉਸ ਨੂੰ ਦਸਤ ਕਿਹਾ ਜਾਂਦਾ ਹੈ ਅਤੇ ਵਾਰ ਵਾਰ ਪਖਾਨਾ ਆਉਣ ਨਾਲ ਬੱਚੇ ਨੂੰ ਪਾਣੀ ਦੀ ਕਮੀ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸ ਲਈ ਹਰ ਪਖਾਨੇ ਤੋਂ ਬਾਅਦ ਬੱਚੇ ਨੂੰ ਓ.ਆਰ.ਐਸ ਦਾ ਘੋਲ ਦਿੱਤਾ ਜਾਵੇ ਅਤੇ ਨਾਲ ਹੀ 14 ਦਿਨ ਲਈ ਜ਼ਿੰਕ ਦੀ ਗੋਲੀ ਦਿੱਤੀ ਜਾਵੇ।