ਧੂਰੀ: ਰੇਲਵੇ ਸਟੇਸ਼ਨ ਦਾ ਨਵੀਨੀਕਰਨ ਜੰਗੀ ਪੱਧਰ ’ਤੇ ਜਾਰੀ
ਹਰਦੀਪ ਸਿੰਘ ਸੋਢੀ
ਧੂਰੀ, 5 ਸਤੰਬਰ
ਰੇਲਵੇ ਵਿਭਾਗ ਵੱਲੋਂ ਦੇਸ਼ ਦੇ 508 ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ, ਜਿਨ੍ਹਾਂ ਵਿੱਚ ਧੂਰੀ ਦਾ ਰੇਲਵੇ ਸਟੇਸ਼ਨ ਵੀ ਸ਼ਾਮਲ ਹੈ। ਜਾਣਕਾਰੀ ਅਨੁਸਾਰ ਧੂਰੀ ਸਟੇਸ਼ਨ ਦੇ ਨਵੀਨੀਕਰਨ ਲਈ ਕੇਂਦਰ ਸਰਕਾਰ ਨੇ ਕਰੀਬ 37 ਕਰੋੜ ਰੁਪਏ ਮਨਜ਼ੂਰ ਕੀਤੇ ਸਨ, ਜਿਸ ਨਾਲ ਰੇਲਵੇ ਸਟੇਸ਼ਨ ’ਤੇ ਨਵੀਨੀਕਰਨ ਦਾ ਕੰਮ ਪੂਰਾ ਹੋਣ ਕਿਨਾਰੇ ਹੈ। ਸਟੇਸ਼ਨ ਅੰਦਰ ਨਵੀਂ ਪਾਰਕਿੰਗ, ਨਵੀਆਂ ਲਿਫਟਾਂ, ਨਵੇਂ ਪਾਰਕ, ਨਵੀਂ ਬਿਲਡਿੰਗ ਤੇ ਮੁੱਖ ਦਰਵਾਜ਼ੇ ਬਣ ਕੇ ਲਗਪਗ ਤਿਆਰ ਹੋ ਚੁੱਕੇ ਹਨ। ਇਸ ਤੋਂ ਇਲਾਵਾ ਇੱਥੇ ਨਵੀਆਂ ਲਾਈਨਾਂ ਵਿਛਾਉਣ ਦੇ ਨਾਲ-ਨਾਲ ਮਾਲ ਗੱਡੀਆਂ ਲਈ ਵੱਖਰੀ ਥਾਂ ਬਣਾਈ ਗਈ ਹੈ, ਜਿੱਥੇ ਮਾਲ ਉਤਰਿਆ ਕਰੇਗਾ। ਰੇਲਵੇ ਸਟੇਸ਼ਨ ਦੇ ਸਾਰੇ ਪਲੇਟਫਾਰਮਾਂ ਨੂੰ ਜਲਦ ਉੱਚਾ ਕਰਨ ਦੀ ਯੋਜਨਾ ਵੀ ਹੈ। ਇਸ ਸਬੰਧੀ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਮਨੋਜ ਕੁਮਾਰ ਨੇ ਕਿਹਾ ਲੁਧਿਆਣਾ ਤੋਂ ਜਾਖਲ, ਬਠਿੰਡਾ ਤੋਂ ਅੰਬਾਲਾ ਡਬਲ ਲਾਈਨ ਪਾਉਣ ਦਾ ਕੰਮ ਸਿਰੇ ਚੜ੍ਹਨ ਵਾਲਾ ਹੈ ਅਤੇ ਰੇਲਵੇ ਸਟੇਸ਼ਨ ਉੱਪਰ ਨਵੀਆਂ ਰੇਲਵੇ ਲਾਈਆਂ ਬਾਰੇ ਜਲਦ ਲੋਕਾਂ ਨੂੰ ਦੱਸ ਦਿੱਤਾ ਜਾਵੇਗਾ। ਸ਼ਹਿਰ ਦੇ ਵਿਕਾਸ ਕਾਰਜਾਂ ਦੀ ਨਿਗਰਾਨੀ ਕਰ ਰਹੇ ਅਧਿਕਾਰੀ ਰਮਨਦੀਪ ਸਿੰਘ ਰਮਨ ਤੇ ‘ਆਪ’ ਦੇ ਸੀਨੀਅਰ ਆਗੂ ਅਮਰਦੀਪ ਸਿੰਘ ਧਾਂਦਰਾ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਸਦਕਾ ਧੂਰੀ ਰੇਲਵੇ ਸਟੇਸ਼ਨ ਅਪਗ੍ਰੇਡ ਹੋਇਆ ਹੈ ਜਿਥੇ ਆਉਣ ਵਾਲੇ ਦਿਨਾਂ ਵਿੱਚ ਭਾਰਤ ਦੇ ਹਰ ਕੋਨੇ ਵਿੱਚ ਧੂਰੀ ਤੋਂ ਰੇਲ ਗੱਡੀ ਜਾਇਆ ਕਰੇਗੀ। ਉਨ੍ਹਾਂ ਕਿਹਾ ਸਟੇਸ਼ਨ ਦੇ ਅਪਗ੍ਰੇਡ ਹੋਣ ਨਾਲ ਧੂਰੀ ਸ਼ਹਿਰ ਦਾ ਵਪਾਰ ਵੀ ਵਧੇਗਾ।