ਪੱਥਰ ਯੁੱਗ ਦਾ ਗਵਾਹ ਪਿੰਡ ਢੋਲਬਾਹਾ
ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਦਾ ਪਿੰਡ ਢੋਲਬਾਹਾ ਆਪਣੇ ਅੰਦਰ ਅਜੇ ਵੀ ਕਈ ਰਾਜ਼ ਦਫ਼ਨ ਕਰੀ ਬੈਠਾ ਹੈ। ਪੱਥਰ ਯੁੱਗ ਦੀਆਂ ਲੱਭਤਾਂ ਕਾਰਨ ਇਹ ਪਿੰਡ ਇਤਿਹਾਸਕਾਰਾਂ ਅਤੇ ਪੁਰਾਤਨ ਸੱਭਿਅਤਾਵਾਂ ਦੇ ਖੋਜੀਆਂ ਲਈ ਹਮੇਸ਼ਾ ਹੀ ਖਿੱਚ ਦਾ ਕੇਂਦਰ ਰਿਹਾ ਹੈ। ਇੱਥੋਂ ਖੁਦਾਈ ਦੌਰਾਨ ਨਿਕਲੀਆਂ ਮੂਰਤੀਆਂ ਤੇ ਹੋਰ ਕਲਾਕ੍ਰਿਤਾਂ ਇਸ ਪਿੰਡ ਨੂੰ ਬਹੁਤ ਖ਼ਾਸ ਬਣਾ ਦਿੰਦੀਆਂ ਹਨ।
ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਵੱਸੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਢੋਲਬਾਹਾ ਦੀ ਆਬਾਦੀ ਤਕਰੀਬਨ ਤਿੰਨ ਹਜ਼ਾਰ ਹੈ। ਪਿੰਡ ਸੱਤ ਮੁਹੱਲਿਆਂ ਵਿੱਚ ਵੰਡਿਆ ਹੋਇਆ ਹੈ। ਪਿੰਡ ਦਾ ਨਾਮ ਰਾਜਾ ਢੋਲ ਨਾਲ ਜੋੜਿਆ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਢੋਲਬਾਹਾ ਦਾ ਨਾਂ ਢਰਵਲਬਾਹਾ ਤੋਂ ਪਿਆ ਹੈ। ਢਰਵਲਬਾਹਾ ਦਾ ਭਾਵ ਚਮਕਦੀ ਰੇਤ ਦੇ ਸਥਾਨ ਨਾਲ ਸਹਿਜ ਭਾਅ ਗੁਜ਼ਰਦੀ ਨਦੀ ਦੇ ਲਿਸ਼ਕਦੇ ਪਾਣੀ ਤੋਂ ਲਿਆ ਜਾਂਦਾ ਹੈ। ਪਹਿਲਾਂ ਇਹ ਇਲਾਕਾ ਬਹੁਤ ਖ਼ੁਸ਼ਹਾਲ ਸੀ ਜਿਸ ਵਿੱਚ ਪਾਣੀ ਦੇ ਕਾਫ਼ੀ ਸੋਮੇ ਸਨ। ਕੂਕਾਨੇਟ ਅਤੇ ਬਹੇੜਾ ਦੀਆਂ ਖੱਡਾਂ ਦਾ ਪਾਣੀ ਅਜੇ ਵੀ ਢੋਲਬਾਹਾ ਡੈਮ ਵਿੱਚ ਆ ਕੇ ਇਕੱਠਾ ਹੁੰਦਾ ਹੈ।
ਢੋਲਬਾਹਾ ਪਿੰਡ ਦੀ ਖ਼ਾਸੀਅਤ ਇਸ ਦੀ ਪੁਰਾਤਨਤਾ ਹੈ। ਇਤਿਹਾਸਕਾਰਾਂ ਨੇ ਇਸ ਪਿੰਡ ਦੀ ਪੁਰਾਤਨਤਾ ਨੂੰ ਪੱਥਰ ਯੁੱਗ ਨਾਲ ਜੋੜਿਆ ਹੈ। ਇਤਿਹਾਸਕਾਰਾਂ ਅਨੁਸਾਰ ਪੱਥਰ ਯੁੱਗ ਦਾ ਮਾਨਵ ਇਨ੍ਹਾਂ ਟਿੱਬਿਆਂ ਤੇ ਪਹਾੜੀਆਂ ਵਿੱਚ ਰਹਿੰਦਾ ਸੀ ਕਿਉਂਕਿ ਇਸ ਇਲਾਕੇ ਵਿੱਚ ਉਸ ਸਮੇਂ ਹਰੇ-ਭਰੇ ਜੰਗਲ ਅਤੇ ਪਾਣੀ ਦੇ ਬੇਸ਼ੁਮਾਰ ਸੋਮੇ ਸਨ।
ਢੋਲਬਾਹਾ ਨੂੰ ਪ੍ਰਾਚੀਨ ਮੰਦਰਾਂ ਅਤੇ ਅਜਾਇਬਘਰ ਕਰਕੇ ਵੀ ਜਾਣਿਆ ਜਾਂਦਾ ਹੈ। ਪੁਰਾਤਤਵ ਵਿਭਾਗ ਵੱਲੋਂ ਜਦੋਂ ਇਸ ਪਿੰਡ ਦੀ ਖੁਦਾਈ ਕੀਤੀ ਗਈ ਤਾਂ ਇੱਥੋਂ 700 ਈਸਵੀ ਦੇ ਸਮੇਂ ਦੀਆਂ ਮੂਰਤੀਆਂ ਮਿਲੀਆਂ ਜਿਨ੍ਹਾਂ ਵਿੱਚ ਭਗਵਾਨ ਵਿਸ਼ਨੂੰ ਦੇ ਸਿਰ ਦੀ ਮੂਰਤੀ ਸਭ ਤੋਂ ਖ਼ਾਸ ਹੈ। ਇਸ ਖੁਦਾਈ ਦੌਰਾਨ ਮਿਲੀਆਂ ਮੂਰਤੀਆਂ ਵਿੱਚੋਂ ਕੁਝ ਦਾ ਸਬੰਧ ਪੱਥਰ ਯੁੱਗ ਨਾਲ ਹੈ। ਇਨ੍ਹਾਂ ਮੂਰਤੀਆਂ ਵਿੱਚ ਭਗਵਾਨ ਵਿਸ਼ਨੂੰ ਦੇ ਸਿਰ ਦੀ ਮੂਰਤੀ, ਗਣੇਸ਼ ਜੀ ਦੀ ਮੂਰਤੀ, ਸਵਾਮੀ ਕਾਰਤਿਕ ਜੀ ਦੀ ਮੂਰਤੀ, ਸ਼ਿਵ ਪਾਰਬਤੀ ਦੀ ਨੰਦੀ ਉੱਪਰ ਬੈਠਿਆਂ ਦੀ ਮੂਰਤੀ, ਜਮਨਾ ਦੇਵੀ ਦੀ ਮੂਰਤੀ, ਮਹਿਖ਼ਾਸੁਰ ਮਰਦਨੀ ਦੀ ਮੂਰਤੀ, ਮਹਾਤਮਾ ਬੁੱਧ ਦੀ ਮੂਰਤੀ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਮਿਲੀਆਂ ਹਨ।
ਇੱਥੋਂ ਮਿਲੀਆਂ ਬਹੁਤੀਆਂ ਮੂਰਤੀਆਂ ਨੂੰ ਪੰਜਾਬ ਸਰਕਾਰ ਦੇ ਪੁਰਾਤੱਤਵ ਵਿਭਾਗ ਨੇ ਢੋਲਬਾਹਾ ਦੇ ਅਜਾਇਬਘਰ ਵਿੱਚ ਸੰਭਾਲ ਕੇ ਰੱਖਿਆ ਹੋਇਆ ਹੈ। ਇਸ ਅਜਾਇਬਘਰ ਵਿੱਚ ਮੁਕੰਮਲ ਛੱਤ ਨਾ ਹੋਣ ਕਰਕੇ ਕੁਝ ਮੂਰਤੀਆਂ ਨੂੰ ਪੰਜਾਬ ਯੂਨੀਵਰਸਿਟੀ ਅਧੀਨ ਪੈਂਦੇ ਜ਼ਿਲ੍ਹਾ ਸਦਰ ਮੁਕਾਮ ਹੁਸ਼ਿਆਰਪੁਰ ਵਿਖੇ ਊਨਾ ਰੋਡ ’ਤੇ ਸਥਿਤ ਵਿਸ਼ਵੇਸ਼ਵਰਾਨੰਦ ਵਿਸ਼ਵ ਬੰਧੂ ਸੰਸਕ੍ਰਿਤ ਅਤੇ ਇਨਡੋਲੋਜੀਕਲ ਅਧਿਐਨ ਸੰਸਥਾ ਸਾਧੂ ਆਸ਼ਰਮ ਭੇਜ ਦਿੱਤਾ ਗਿਆ ਸੀ। ਇਸ ਸੰਸਥਾ ਦਾ ਉਦਘਾਟਨ ਭਾਰਤ ਦੇ ਤਤਕਾਲੀ ਉਪ-ਰਾਸ਼ਟਰਪਤੀ ਜੀ.ਐੱਸ. ਪਾਠਕ ਨੇ 7 ਨਵੰਬਰ 1971 ਨੂੰ ਕੀਤਾ ਸੀ।
ਢੋਲਾਬਾਹਾ ਦੀ ਖੁਦਾਈ ਦੌਰਾਨ ਨਿਕਲੀ ਭਗਵਾਨ ਵਿਸ਼ਨੂੰ ਦੀ ਮੂਰਤੀ ਨੂੰ ਪਟਿਆਲੇ ਦੇ ਅਜਾਇਬਘਰ ਵਿੱਚ ਭੇਜ ਦਿੱਤਾ ਗਿਆ ਸੀ। ਪਿੰਡ ਢੋਲਬਾਹਾ ਦੇ ਅਜਾਇਬਘਰ ਵਿੱਚ ਪ੍ਰਾਚੀਨ ਕਾਲ ਦੇ ਪੱਥਰ ਵੀ ਹਨ। ਇਨ੍ਹਾਂ ’ਤੇ ਉਸ ਸਮੇਂ ਦੀ ਭਾਸ਼ਾ ਵਿੱਚ ਅੱਖਰ ਉੱਕਰੇ ਹੋਏ ਹਨ ਜੋ ਅੱਜ ਤੱਕ ਪੜ੍ਹੇ ਨਹੀਂ ਜਾ ਸਕੇ। ਇਹ ਪਿੰਡ ਮੱਧਕਾਲ ਵਿੱਚ 700 ਈਸਵੀ ਤੋਂ 1200 ਵਿੱਚ ਵਧਿਆ-ਫੁੱਲਿਆ। ਇੱਥੇ ਪ੍ਰਾਚੀਨ ਕਾਲ ਅਤੇ ਮੱਧਕਾਲ ਨਾਲ ਸਬੰਧਿਤ ਕਈ ਮੰਦਰ ਹਨ ਜੋ ਕਲਾ ਅਤੇ ਸੰਸਕ੍ਰਿਤੀ ਦਾ ਸੁਮੇਲ ਹਨ। ਇਸ ਪਿੰਡ ਵਿਚਲੇ ਵਿਸ਼ਨੂੰ, ਸ਼ਿਵ, ਪਾਰਵਤੀ, ਕਾਲੀ ਮਾਤਾ ਤੇ ਮਨਸਾ ਦੇਵੀ ਦੇ ਮੰਦਰ ਸੱਤਵੀਂ ਸਦੀ ਤੋਂ ਲੈ ਕੇ ਦਸਵੀਂ ਸਦੀ ਤੱਕ ਬਣਾਏ ਗਏ ਹਨ। ਢੋਲਬਾਹਾ ਤੋਂ 5-6 ਕਿਲੋਮੀਟਰ ਦੇ ਦਾਇਰੇ ਵਿੱਚ ਪੱਥਰ ਯੁੱਗ ਤੋਂ ਪਹਿਲਾਂ ਦੇ ਸੱਤ ਸਥਾਨਾਂ ਬਾਰੇ ਪਤਾ ਲੱਗਿਆ ਹੈ। ਇਨ੍ਹਾਂ ਵਿੱਚ ਅਤਵਾਰਾਪੁਰ, ਰਹਿਮਾਪੁਰ ਤੇ ਤੱਖਣੀ ਉਸ ਸਮੇਂ ਇਸ ਸੱਭਿਅਤਾ ਦੇ ਕੇਂਦਰ ਰਹੇ। ਇਨ੍ਹਾਂ ਥਾਵਾਂ ਤੋਂ ਵੀ ਉਸ ਸਮੇਂ ਨਾਲ ਸਬੰਧਿਤ ਕਈ ਨਿਸ਼ਾਨੀਆਂ ਖ਼ਾਸ ਕਰਕੇ ਔਜ਼ਾਰ ਮਿਲਦੇ ਹਨ। ਅਜੇ ਵੀ ਜਦੋਂ ਕੋਈ ਵਿਅਕਤੀ ਆਪਣਾ ਮਕਾਨ ਬਣਾਉਣ ਲਈ ਨੀਂਹਾਂ ਪੁੱਟਦਾ ਹੈ ਜਾਂ ਕਿਸੇ ਕਾਰਨ ਖੁਦਾਈ ਕਰਦਾ ਹੈ ਤਾਂ ਅਕਸਰ ਹੀ ਜ਼ਮੀਨ ਹੇਠੋਂ ਕਈ ਤਰ੍ਹਾਂ ਦੀਆਂ ਮੂਰਤੀਆਂ, ਸਿੱਲਾਂ, ਔਜ਼ਾਰ, ਬਰਤਨ ਅਤੇ ਪ੍ਰਾਚੀਨ ਉਸਾਰੀਆਂ ਦੀਆਂ ਨੀਂਹਾਂ ਮਿਲ ਜਾਂਦੀਆਂ ਹਨ। ਖੁਦਾਈ ਦੌਰਾਨ ਜ਼ਮੀਨ ਵਿੱਚੋਂ ਮੰਦਰਾਂ ਦੀਆਂ ਉਸਾਰੀਆਂ ਵੀ ਮਿਲੀਆਂ ਹਨ।
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਵੀ ਸ਼ਿਵਾਲਿਕ ਦੇ ਇਸ ਖ਼ੂਬਸੂਰਤ ਪਿੰਡ ਨਾਲ ਸਬੰਧ ਰਿਹਾ ਹੈ। ਪਿੰਡ ਦੇ ਬਜ਼ੁਰਗ ਦੱਸਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਨੇ ਕਾਂਗੜਾ ਉੱਪਰ ਚੜ੍ਹਾਈ ਕੀਤੀ ਤਾਂ ਉਨ੍ਹਾਂ ਢੋਲਬਾਹਾ ਵੱਲ ਦੀ ਕੂਚ ਕੀਤਾ ਸੀ। ਇਸ ਸਮੇਂ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੇ ਇੱਥੇ ਸ਼ਾਨਦਾਰ ਸ਼ਿਵ ਮੰਦਰ ਦੀ ਉਸਾਰੀ ਕਰਵਾਈ ਸੀ। ਇਹ ਮੰਦਰ ਬਹੁਤ ਖ਼ੂਬਸੂਰਤ ਸੀ। ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਇਸ ਮੰਦਰ ਦੀ ਖ਼ੂਬਸੂਰਤੀ ਅਤੇ ਮਹਾਨਤਾ ਖ਼ਾਸ ਥਾਂ ਰੱਖਦੀ ਸੀ। ਸਾਲ 1987 ਵਿੱਚ ਪੰਜਾਬ ਸਰਕਾਰ ਨੇ ਢੋਲਬਾਹਾ ਵਿਖੇ ਡੈਮ ਬਣਵਾਇਆ ਤਾਂ ਪਾਣੀ ਦਾ ਪੱਧਰ ਵਧਣ ਕਰਕੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਬਣਵਾਇਆ ਸ਼ਿਵ ਮੰਦਰ ਡੈਮ ਦੇ ਪਾਣੀ ਵਿੱਚ ਡੁੱਬ ਗਿਆ। ਜਦੋਂ ਕਦੇ ਡੈਮ ਦੇ ਪਾਣੀ ਦਾ ਪੱਧਰ ਘਟਦਾ ਹੈ ਤਾਂ ਮੰਦਰ ਦੀ ਇਮਾਰਤ ਪਾਣੀ ਤੋਂ ਬਾਹਰ ਦਿਖਾਈ ਦਿੰਦਾ ਹੈ।
ਇਸ ਪ੍ਰਾਚੀਨ ਪਿੰਡ ਵਿੱਚ ਇਸ ਸਮੇਂ ਕਾਫ਼ੀ ਤਰੱਕੀ ਹੋ ਚੁੱਕੀ ਹੈ। ਦੋ ਬੈਂਕ, ਪ੍ਰਾਇਮਰੀ ਸਕੂਲ ਅਤੇ ਸੀਨੀਅਰ ਸੈਕੰਡਰੀ ਸਕੂਲ ਸਮੇਤ ਕਈ ਸਹੂਲਤਾਂ ਹਨ। ਪਿੰਡ ਦੀ ਖ਼ੁਸ਼ਹਾਲੀ ਦਾ ਰਾਜ ਸੁੰਦਰ ਡੈਮ ਹੈ। ਢੋਲਬਾਹਾ ਪਿੰਡ ਦੇ ਲੋਕਾਂ ਦੀ ਬਹਾਦਰੀ ਦੀ ਵੀ ਕੋਈ ਮਿਸਾਲ ਨਹੀਂ। ਪਹਿਲੀ ਆਲਮੀ ਜੰਗ ਵਿੱਚ ਇਸ ਪਿੰਡ ਦੇ 73 ਜਵਾਨਾਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ 8 ਜਵਾਨ ਸ਼ਹੀਦ ਹੋਏ। ਅੰਗਰੇਜ਼ ਹਕੂਮਤ ਵੱਲੋਂ ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਇੱਕ ਸਿੱਲ ਲਗਾਈ ਹੋਈ ਹੈ ਜਿੱਥੇ ਵਾਰ ਹੀਰੋ ਮੈਮੋਰੀਅਲ ਬਣਿਆ ਹੋਇਆ।
ਸੰਨ 1947 ਦੀ ਵੰਡ ਤੋਂ ਪਹਿਲਾਂ ਪਿੰਡ ਢੋਲਬਾਹਾ ਵਿੱਚ 100 ਦੇ ਕਰੀਬ ਮੁਸਲਮਾਨ ਪਰਿਵਾਰ ਆਬਾਦ ਸਨ ਜੋ ਵੰਡ ਸਮੇਂ ਪਾਕਿਸਤਾਨ ਹਿਜਰਤ ਕਰ ਗਏ। ਸਾਲ 1987 ਵਿੱਚ ਪਿੰਡ ਕੋਲ ਡੈਮ ਬਣਨ ਨਾਲ ਵੀ ਪਿੰਡ ਦੇ 20-25 ਘਰ ਸ਼ਹਿਰਾਂ ਵਿੱਚ ਜਾ ਕੇ ਵੱਸ ਗਏ।
ਪਿੰਡ ਢੋਲਬਾਹਾ ਤੋਂ ਥੋੜ੍ਹੀ ਹੀ ਦੂਰ ਰਾਮ ਟਿਟਵਾਲੀ ਦਾ ਕ੍ਰਿਸ਼ਨ ਮੰਦਰ ਅਤੇ ਵੈਸ਼ਨਵ ਸੰਪਰਦਾਇ ਨਾਲ ਜੁੜਿਆ ਬੈਰਾਗੀਆਂ ਦਾ ਇੱਕ ਠਾਕੁਰਦੁਆਰਾ ਹੈ। ਇਸ ਮੰਦਰ ਦੀ ਉਸਾਰੀ ਵੀ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ। ਇਸ ਮੰਦਰ ਦੀ ਦਰਸ਼ਨੀ ਡਿਊੜੀ ਦੇ ਉਪਰਲਿਆਂ ਕਮਰਿਆਂ ਵਿੱਚ ਸਿੱਖ ਰਾਜ ਵੇਲੇ ਦੇ ਬਣੇ 100 ਦੇ ਕਰੀਬ ਕੰਧ ਚਿੱਤਰ ਅੱਜ ਵੀ ਦੇਖੇ ਜਾ ਸਕਦੇ ਹਨ। ਇਨ੍ਹਾਂ ਚਿੱਤਰਾਂ ਵਿੱਚ ਰਾਮਾਇਣ, ਮਹਾਂਭਾਰਤ, ਸ੍ਰੀ ਕ੍ਰਿਸ਼ਨ ਜੀ ਨਾਲ ਸਬੰਧਿਤ ਚਿੱਤਰ, ਭਗਵਾਨ ਵਿਸ਼ਨੂੰ, ਗਜਿੰਦਰ ਮੋਕਸ਼, ਵਿਸ਼ਨੂੰ ਭਗਵਾਨ ਤੇ ਸ਼ੇਸ਼ਨਾਗ, ਰਾਮ-ਰਾਵਣ ਯੁੱਧ, ਜਗਨ ਨਾਥ, ਯਮਰਾਜ ਦੇ ਦਰਬਾਰ ਦੇ ਚਿੱਤਰ, ਸਮੁੰਦਰ ਰਿੜਕਣ ਦੇ ਚਿੱਤਰ, ਜੋਤਿਸ਼ ਨਾਲ ਸਬੰਧਿਤ ਰਾਸ਼ੀਆਂ ਦੇ ਗ੍ਰਹਿਆਂ ਦੇ ਚਿੱਤਰ, ਵੈਸ਼ਨਵ ਸੰਪਰਦਾਇ ਨਾਲ ਜੁੜੇ ਬੈਰਾਗੀਆਂ ਦੇ ਚਿੱਤਰ, ਦੋ ਚਿੱਤਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ, ਇੱਕ ਚਿੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦੋ ਚਿੱਤਰ, ਮਹਾਰਾਜਾ ਸ਼ੇਰ ਸਿੰਘ, ਧਿਆਨ ਸਿੰਘ ਡੋਗਰਾ, ਗੁਲਾਬ ਸਿੰਘ, ਸੁਚੇਤ ਸਿੰਘ, ਫ਼ਕੀਰ ਅਜ਼ੀਜ਼-ਉਦ-ਦੀਨ ਅਤੇ ਰਾਣੀ ਜਿੰਦ ਕੌਰ ਦੇ ਚਿੱਤਰ ਸ਼ਾਮਿਲ ਹਨ। ਇੱਕ ਹੋਰ ਚਿੱਤਰ ਵਿੱਚ ਅੰਗਰੇਜ਼ਾਂ ਅਤੇ ਸਿੱਖਾਂ ਦਰਮਿਆਨ ਲੜਾਈ ਅੰਕਿਤ ਹੈ ਜਿਸ ਵਿੱਚ ਸੈਂਕੜੇ ਆਕ੍ਰਿਤੀਆਂ, ਤੋਪਖ਼ਾਨੇ ਅਤੇ ਘੋੜਿਆਂ ਸਹਿਤ ਉਲੀਕੀਆਂ ਗਈਆਂ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਕੰਧ ਚਿੱਤਰ ਦੇਖੇ ਜਾ ਸਕਦੇ ਹਨ।
ਢੋਲਬਾਹਾ ਤੋਂ 10 ਕੁ ਕਿਲੋਮੀਟਰ ਦੂਰ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਕੂਕਾਨੇਟ ਪਿੰਡ ਅਤੇ ਇਸ ਦੇ ਚੋਅ ਇਸ ਇਲਾਕੇ ਨੂੰ ਹੋਰ ਵੀ ਖ਼ੂਬਸੂਰਤ ਬਣਾ ਦਿੰਦੇ ਹਨ। ਘੁੰਮਣ-ਫਿਰਨ ਦੇ ਸ਼ੌਕੀਨ ਇਨ੍ਹਾਂ ਚੋਆਂ ਵਿੱਚ ਵਗਦੇ ਪਾਣੀ ਵਿੱਚ ਗੱਡੀਆਂ ਚਲਾ ਕੇ ਆਨੰਦ ਮਾਣਦੇ ਹਨ। ਕੂਕਾਨੇਟ ਦੇ ਚੋਆਂ ਵਿੱਚ ਸੈਲਾਨੀਆਂ ਦੀਆਂ ਗੱਡੀਆਂ ਆਮ ਦੇਖੀਆਂ ਜਾ ਸਕਦੀਆਂ ਹਨ।
ਢੋਲਬਾਹਾ ਤੇ ਇਸ ਦੇ ਨਾਲ ਲੱਗਦੇ ਖੇਤਰ ਦੀ ਪ੍ਰਾਚੀਨਤਾ ਅਤੇ ਇੱਥੋਂ ਦਾ ਖ਼ੂਬਸੂਰਤ ਤੇ ਸ਼ਾਂਤਮਈ ਮਾਹੌਲ ਇਸ ਇਲਾਕੇ ਦੀ ਖ਼ਾਸੀਅਤ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਆਬਾਦ ਇਸ ਇਲਾਕੇ ਦੀ ਖ਼ੂਬਸੂਰਤੀ ਦੇਖਿਆਂ ਹੀ ਬਣਦੀ ਹੈ।
ਸੰਪਰਕ: 98155-77574