ਢੀਂਡਸਾ ਨੇ ਤਖ਼ਤ ਦਮਦਮਾ ਸਾਹਿਬ ’ਚ ਕੀਤੀ ਸੇਵਾ
ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 13 ਦਸੰਬਰ
ਅਕਾਲ ਤਖ਼ਤ ਵੱਲੋਂ ਲਾਈ ਤਨਖ਼ਾਹ ਤਹਿਤ ਅਕਾਲੀ ਦਲ ਸੁਧਾਰ ਲਹਿਰ ਦੇ ਸਾਬਕਾ ਸਰਪ੍ਰਸਤ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਦੂਜੇ ਦਿਨ ਵੀ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸੇਵਾ ਕੀਤੀ। ਸੁਖਦੇਵ ਸਿੰਘ ਢੀਂਡਸਾ ਨੇ ਪਹਿਲਾਂ ਤਖ਼ਤ ਸਾਹਿਬ ਦੇ ਮੁੱਖ ਦੁਆਰ ਅੱਗੇ ਚਰਨ ਕੁੰਡ ਕੋਲ ਹੱਥ ਵਿੱਚ ਬਰਛਾ ਫੜ ਕੇ 9 ਤੋਂ 10 ਵਜੇ ਤੱਕ ਪਹਿਰੇਦਾਰ ਵਜੋਂ ਸੇਵਾ ਨਿਭਾਈ। ਉਪਰੰਤ ਉਨ੍ਹਾਂ ਇੱਕ ਘੰਟਾ ਗੁਰਬਾਣੀ ਕੀਰਤਨ ਸਵਰਣ ਕੀਤਾ। ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਉਨ੍ਹਾਂ ਮਾਤਾ ਸੁੰਦਰ ਕੌਰ ਲੰਗਰ ਹਾਲ ਵਿੱਚ ਕੁਝ ਕੁ ਮਿੰਟ ਜੂਠੇ ਭਾਂਡੇ ਮਾਂਜਣ ਦੀ ਸੇਵਾ ਨਿਭਾਈ। ਉਹ ਸਿਹਤ ਠੀਕ ਨਾ ਹੋਣ ਕਰ ਕੇ ਜ਼ਿਆਦਾ ਦੇਰ ਇਹ ਸੇਵਾ ਨਾ ਕਰ ਸਕੇ। ਇਸ ਮੌਕੇ ਉਨ੍ਹਾਂ ਦੀ ਪਤਨੀ ਹਰਜੀਤ ਕੌਰ ਢੀਂਡਸਾ ਨੇ ਵੀ ਉਨ੍ਹਾਂ ਨਾਲ ਕੀਰਤਨ ਸਵਰਣ ਕੀਤਾ ਅਤੇ ਲੰਗਰ ਹਾਲ ਵਿੱਚ ਜੂਠੇ ਭਾਂਡੇ ਮਾਂਜਣ ਦੀ ਸੇਵਾ ਕੀਤੀ।
ਇਸ ਮੌਕੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ ਤੇ ਉਨ੍ਹਾਂ ਦਾ ਪਰਿਵਾਰ, ਸਰਬਜੀਤ ਸਿੰਘ ਡੂੰਮਵਾਲੀ, ਭੋਲਾ ਸਿੰਘ ਗਿੱਲਪੱਤੀ, ਮਿੱਠੂ ਸਿੰਘ ਕਾਹਨੇਕੇ, ਅਮਰ ਸਿੰਘ ਬੀਏ, ਪ੍ਰਿਤਪਾਲ ਸਿੰਘ ਹਾਂਡਾ, ਜਸਵਿੰਦਰ ਸਿੰਘ ਖਾਲਸਾ, ਹਰੀ ਸਿੰਘ ਸ਼ਾਹਪੁਰ, ਹਰਦੀਪ ਸਿੰਘ ਘੁੰਨਸ, ਡਾ. ਰੂਪ ਸਿੰਘ ਸ਼ੇਰੋਂ, ਜੀਤ ਸਿੰਘ ਕੁਤਬਾ, ਮਾਸਟਰ ਦਲਜੀਤ ਸਿੰਘ, ਸੁਖਦੇਵ ਸਿੰਘ ਸਤੌਜ ਤੇ ਹੋਰ ਵਰਕਰ ਸ਼ਾਮਲ ਸਨ।