ਕਿਸਾਨ ਜਥੇਬੰਦੀ ਵੱਲੋਂ ਸਮਰਾਲਾ ਦੇ ਮੁੱਖ ਚੌਕ ਵਿੱਚ ਧਰਨਾ
ਡੀਪੀਐੱਸ ਬੱਤਰਾ
ਸਮਰਾਲਾ, 20 ਜੁਲਾਈ
ਪਿੰਡ ਸਹਿਜੋਮਾਜਰਾ ਦੇ ਇੱਕ ਕਿਸਾਨ ਦੇ ਹੱਕ ਵਿੱਚ ਬੀਕੇਯੂ ਕਾਦੀਆਂ ਦੇ ਵਰਕਰਾਂ ਵੱਲੋਂ ਮੁੱਖ ਚੌਕ ਸਮਰਾਲਾ ਵਿੱਚ ਧਰਨਾ ਦਿੰਦੇ ਹੋਏ ਰੋਸ ਪ੍ਰਗਟਾਵਾ ਕੀਤਾ ਗਿਆ। ਇਸ ਧਰਨੇ ਵਿੱਚ ਕਿਸਾਨ ਵਰਕਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਸਨ, ਜਨਿ੍ਹਾਂ ਨੇ ਚੌਕ ਦੇ ਵਿਚਾਲੇ ਸੜਕ ’ਤੇ ਬੈਠ ਕੇ ਆਵਾਜਾਈ ਠੱਪ ਕਰ ਦਿੱਤੀ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਹਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਸਹਿਜੋਮਾਜਰਾ ਨਿਵਾਸੀ ਕਿਸਾਨ ਸਵਰਨ ਸਿੰਘ ਨੇ ਇੱਕ ਐੱਨਆਰਆਈ ਪਰਿਵਾਰ ਕੋਲੋਂ ਜ਼ਮੀਨ ਖਰੀਦੀ ਸੀ ਅਤੇ ਉਸ ਦੀ ਪੂਰੀ ਅਦਾਇਗੀ ਕਰ ਦਿੱਤੀ ਗਈ ਸੀ। ਪ੍ਰੰਤੂ ਜ਼ਮੀਨ ’ਤੇ ਠੇਕੇ ’ਤੇ ਵਾਹੀ ਕਰਨ ਵਾਲਾ ਵਿਅਕਤੀ ਜ਼ਮੀਨ ਦਾ ਕਬਜ਼ਾ ਛੱਡਣ ਬਦਲੇ 10 ਲੱਖ ਰੁਪਏ ਦੀ ਮੰਗ ਕਰਨ ਲੱਗਿਆ ਤੇ ਜਦੋਂ ਉਸ ਨੂੰ ਰਕਮ ਨਹੀਂ ਦਿੱਤੀ ਗਈ ਤਾਂ ਮਿਲੀਭੁਗਤ ਨਾਲ ਉਸ ਨੇ ਸਵਰਨ ਸਿੰਘ ’ਤੇ ਝੂਠਾ ਕੇਸ ਦਰਜ ਕਰਵਾ ਦਿੱਤਾ ਹੈ। ਧਰਨਕਾਰੀਆਂ ਨੇ ਕਾਫੀ ਦੇਰ ਤੱਕ ਇਹ ਧਰਨਾ ਜਾਰੀ ਰੱਖਿਆ ਅਤੇ ਕੇਸ ਰੱਦ ਕਰਨ ਦੀ ਮੰਗ ’ਤੇ ਅੜੇ ਰਹੇ। ਓਧਰ ਦੂਜੇ ਪਾਸੇ ਪੁਲੀਸ ਨੇ ਧਰਨਾ ਖਤਮ ਕਰਵਾਉਣ ਲਈ ਧਰਨਾਕਾਰੀਆਂ ਨੂੰ ਸਮਝਾਉਣ ਦੇ ਯਤਨ ਜਾਰੀ ਰੱਖੇ ਪ੍ਰੰਤੂ ਦੇਰ ਸ਼ਾਮ ਤੱਕ ਇਹ ਧਰਨਾ ਜਾਰੀ ਰਿਹਾ।