ਸੰਘਰਸ਼ ਕਮੇਟੀ ਵੱਲੋਂ ਖਣਨ ਵਿਭਾਗ ਦੇ ਦਫਤਰ ਅੱਗੇ ਧਰਨਾ
ਭਗਵਾਨ ਦਾਸ ਸੰਦਲ
ਦਸੂਹਾ, 3 ਜੂਨ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜ਼ਿਲਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਦੀ ਅਗਵਾਈ ਇਥੇ ਹੇਠ ਖਣਨ ਵਿਭਾਗ ਦੇ ਦਫਤਰ ਮੂਹਰੇ ਰੋਸ ਧਰਨਾ ਦਿੱਤਾ ਗਿਆ। ਧਰਨੇ ਮੌਕੇ ਪਰਮਜੀਤ ਸਿੰਘ ਭੁੱਲਾ ਨੇ ਕਿਹਾ ਕਿ ਬਿਆਸ ਦਰਿਆ ਦੇ ਕੰਢੇ ਵੱਸੇ ਪਿੰਡਾਂ ਦੇ ਕਿਸਾਨਾਂ ਨੂੰ ਮਾਈਨਿੰਗ ਵਿਭਾਗ ਵੱਲੋਂ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਹੜ੍ਹਾਂ ਦੀ ਮਾਰ ਹੇਠ ਆਈ ਫਸਲ ਦਾ ਹਾਲੇ ਤੱਕ ਪੀੜਤ ਕਿਸਾਨਾਂ ਨੂੰ ਢੁੱਕਵਾਂ ਮੁਆਵਜ਼ਾ ਨਹੀਂ ਮਿਲਿਆ ਅਤੇ ਜ਼ਮੀਨਾਂ ਵਿੱਚ ਰੁੜ੍ਹ ਕੇ ਆਈ ਰੇਤ ਨੂੰ ਜਦੋਂ ਕਿਸਾਨ ਚੁੱਕ ਕੇ ਲਿਜਾਂਦੇ ਹਨ ਤਾਂ ਮਾਈਨਿੰਗ ਵਿਭਾਗ ਵੱਲੋਂ ਜੁਰਮਾਨੇ ਵਸੂਲ ਕੀਤੇ ਜਾਂਦੇ ਹਨ। ਜਦੋਂਕਿ ਕੰਢੀ ਇਲਾਕੇ ਵਿੱਚ ਕਰੱਸ਼ਰ ਮਾਲਕਾਂ ਵੱਲੋਂ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਮਾਈਨਿੰਗ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ। ਧਰਨੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਖਣਨ ਵਿਭਾਗ ਦੇ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਖਣਨ ਵਿਭਾਗ ਦੇ ਐੱਸਡੀਓ ਵੱਲੋਂ ਇਨਸਾਫ. ਦਾ ਭਰੋਸਾ ਦੇਣ ਮਗਰੋਂ ਕਿਸਾਨਾਂ ਨੇ ਧਰਨਾ ਚੁੱਕ ਲਿਆ। ਇਸ ਮੌਕੇ ਯਾਦਵਿੰਦਰ ਸਿੰਘ ਫੁੱਲ, ਜਗਦੀਪ ਸਿੰਘ ਜੱਗੀ ਗਿੱਲ, ਸੰਤੋਸ਼ ਕੁਮਾਰੀ, ਜਸਵਿੰਦਰ ਸਿੰਘ, ਰਾਜਵਿੰਦਰ ਕੌਰ, ਰੀਨਾ ਕੁਮਾਰੀ, ਕਾਲੂ ਮਾਝਾ, ਛਿੰਦਾ ਸਿੰਘ, ਜਸਵੰਤ ਸਿੰਘ, ਗੁਰਮੀਤ ਸਿੰਘ, ਨਿਰਮਲ ਸਿੰਘ, ਸ਼ੇਰ ਸਿੰਘ, ਸੁੱਖਾ ਸਿੰਘ, ਗੁਰਮੇਲ ਸਿੰਘ, ਵੀਰ ਕੌਰ, ਸ਼ੀਲੋ ਬਾਈ, ਸੁਰਜੀਤ ਕੌਰ ਆਦਿ ਮੌਜੂਦ ਸਨ।