ਐਕਸ਼ਨ ਕਮੇਟੀ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ
ਗੁਰਦੀਪ ਸਿੰਘ ਲਾਲੀ
ਸੰਗਰੂਰ, 2 ਅਪਰੈਲ
ਵੱਖ-ਵੱਖ ਸਮਾਜਿਕ, ਧਾਰਮਿਕ, ਮਜ਼ਦੂਰ ਤੇ ਮੁਲਾਜ਼ਮਾਂ ਦੀ ਐੱਸਸੀ/ਬੀਸੀ ਐਕਸ਼ਨ ਕਮੇਟੀ ਵੱਲੋਂ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਰੱਦ ਕਰਵਾਉਣ ਵਾਲੇ ਬਲਵੀਰ ਸਿੰਘ ਆਲਮਪੁਰ ਖ਼ਿਲਾਫ਼ ਪਾਏ ਝੂਠੇ ਕੇਸ ਰੱਦ ਕਰਾਉਣ ਅਤੇ ਹੋਰ ਮਜ਼ਦੂਰ ਤੇ ਮੁਲਾਜ਼ਮ ਮੰਗਾਂ ਲਈ ਸ਼ਹਿਰ ਵਿੱਚ ਮਾਰਚ ਕੱਢਿਆ ਗਿਆ। ਇਸ ਦੌਰਾਨ ਡੀਸੀ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ ਜਿਸ ਵਿੱਚ ਬਲਵੀਰ ਸਿੰਘ ਆਲਮਪੁਰ ਦੇ ਪਰਿਵਾਰ ਨੇ ਵੀ ਸ਼ਮੂਲੀਅਤ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ’ਚ ਸ਼ਾਮਲ ਵੱਖ-ਵੱਖ ਜਥੇਬੰਦੀਆਂ ਦੇ ਸੂਬਾਈ ਆਗੂਆਂ ਨੇ ਬਲਵੀਰ ਸਿੰਘ ਆਲਮਪੁਰ ਖ਼ਿਲਾਫ਼ ਸਾਜਿਸ਼ ਤਹਿਤ ਝੂਠੇ ਪੁਲੀਸ ਕੇਸ ਪਾਉਣ ਦੀ ਨਿਖੇਧੀ ਕੀਤੀ। ਇਸ ਮੌਕੇ ਐਕਸ਼ਨ ਕਮੇਟੀ ਆਗੂ ਕਰਨੈਲ ਸਿੰਘ ਨੀਲੋਵਾਲ ਨੇ ਕਿਹਾ ਕਿ ਬਲਵੀਰ ਸਿੰਘ ਆਲਮਪੁਰ ਨੇ ਕਈ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਰੱਦ ਕਰਵਾਏ ਗਏ ਅਤੇ ਗਰੀਬਾਂ ਦੇ ਹੱਕਾਂ ਉਪਰ ਡਾਕਾ ਮਾਰਨ ਵਾਲਿਆਂ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਬਰਦਾਸ਼ਤ ਨਹੀਂ ਹੋਇਆ ਅਤੇ ਸਾਜਿਸ਼ ਤਹਿਤ ਝੂਠੇ ਦੋਸ਼ਾਂ ਤਹਿਤ ਕੇਸ ਦਰਜ ਕਰਵਾ ਕੇ ਬਲਵੀਰ ਸਿੰਘ ਆਲਮਪੁਰ ਨੂੰ ਜੇਲ੍ਹ ਭਿਜਵਾ ਦਿੱਤਾ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੇ ਦੁੱਖ ਤਕਲੀਫਾਂ ਝੱਲ ਕੇ ਸਦੀਆਂ ਤੋਂ ਦੱਬੇ ਕੁੱਚਲੇ ਲੋਕਾਂ ਨੂੰ ਸੰਵਿਧਾਨਕ ਹੱਕ ਲੈ ਕੇ ਦਿੱਤੇ, ਪਰ ਉਨ੍ਹਾਂ ਹੱਕਾਂ ਨੂੰ ਅਜ਼ਾਦੀ ਦੇ ਸੱਤ ਦਹਾਕੇ ਬੀਤਣ ਬਾਅਦ ਵੀ ਅਜੇ ਤੱਕ ਅਮਲੀ ਰੂਪ ਵਿੱਚ ਲਾਗੂ ਨਹੀਂ ਕੀਤਾ ਗਿਆ।
ਅੰਬੇਡਕਰ ਸਭਾ ਦੇ ਪ੍ਰਧਾਨ ਹਰਜਸ ਸਿੰਘ ਖਡਿਆਲ, ਐੱਸਸੀਬੀਸੀ ਅਧਿਆਪਕ ਯੂਨੀਅਨ ਦੇ ਕ੍ਰਿਸ਼ਨ ਸਿੰਘ ਦੁੱਗਾਂ, ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ, ਗੁਰਸੇਵਕ ਸਿੰਘ ਕਲੇਰ, ਐੱਸਸੀਬੀਸੀ ਗਜ਼ਟਿਡ ਐਂਡ ਨਾਨ-ਗਜ਼ਟਿਡ ਯੂਨੀਅਨ ਦੇ ਪ੍ਰਧਾਨ ਜਸਵੀਰ ਸਿੰਘ ਪਾਲ, ਜਬਰ ਜ਼ੁਲਮ ਵਿਰੋਧੀ ਫਰੰਟ ਦੇ ਆਗੂ ਰਾਜ ਸਿੰਘ ਟੋਡਰਵਾਲ, ਬਸਪਾ ਦੇ ਸੂਬਾ ਆਗੂ ਚਮਕੌਰ ਸਿੰਘ ਵੀਰ ਤੇ ਡਾ. ਮੱਖਣ ਸਿੰਘ, ਵਿਦਿਆਰਥੀ ਆਗੂ ਪ੍ਰੀਤ ਕਾਂਸ਼ੀ ਆਦਿ ਨੇ ਬਹੁਜਨ ਸਮਾਜ ਨਾਲ ਹੋ ਰਹੇ ਵਿਤਕਰੇ ਲਈ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ। ਆਗੂਆਂ ਨੇ ਮੰਗ ਕੀਤੀ ਕਿ ਰਿਜ਼ਰਵੇਸ਼ਨ ਚੋਰਾਂ ਖ਼ਿਲਾਫ਼ ਲੜਨ ਵਾਲੇ ਬਲਵੀਰ ਸਿੰਘ ਆਲਮਪੁਰ ਖ਼ਿਲਾਫ਼ ਦਰਜ ਝੂਠੇ ਕੇਸ ਵਾਪਸ ਲਏ ਜਾਣ, ਰਿਜ਼ਰਵੇਸ਼ਨ ਚੋਰਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਬਲਵਿੰਦਰ ਸਿੰਘ ਜਿਲ੍ਹੇਦਾਰ, ਪ੍ਰਿੰਸੀਪਲ ਗੁਰਮੇਲ ਸਿੰਘ, ਦਰਸ਼ਨ ਸਿੰਘ ਬਾਜਵਾ, ਕੈਪਟਨ ਹਰਭਜਨ ਸਿੰਘ, ਭੋਲ਼ਾ ਸਿੰਘ ਸੰਗਰਾਮੀ, ਹਰਦੀਪ ਸਿੰਘ ਚੂੰਬਰ, ਬਾਬਾ ਕਰਨੈਲ ਸਿੰਘ, ਭਾਈ ਗੁਰਜੀਤ ਸਿੰਘ ਸੁਨਾਮ, ਹਰੀ ਸਿੰਘ ਸੁਨਾਮ, ਭੀਮ ਸਿੰਘ ਭੂਕਲ, ਮਹਿੰਦਰ ਸਿੰਘ ਗੋਬਿੰਦਗੜ੍ਹ ਜੇਜੀਆ, ਗੁਰਜੀਤ ਸਿੰਘ ਬੱਬੂ, ਨੰਬਰਦਾਰ ਰਣ ਸਿੰਘ ਮਹਿਲਾਂ, ਸੁਖਦੇਵ ਸਿੰਘ ਮਲੇਰਕੋਟਲਾ, ਗੁਰਜੰਟ ਸਿੰਘ ਬੰਟੀ ਉਭਾਵਾਲ, ਗੁਰਜੀਤ ਸਿੰਘ ਬੱਬੂ, ਸੰਜੀਵ ਸਿੰਘ, ਗੁਰਪ੍ਰੀਤ ਸਿੰਘ ਲਹਿਰਾ, ਹਰਬੰਸ ਸਿੰਘ ਮੰਡੇਰ, ਅਜੈਬ ਸਿੰਘ ਨੀਲੋਵਾਲ , ਗੁਰਪ੍ਰੀਤ ਸਿੰਘ ਖੋਖਰ, ਆਦਿ ਹਾਜ਼ਰ ਸਨ ।