ਦਿਹਾਤੀ ਮਜ਼ਦੂਰ ਸਭਾ ਵੱਲੋਂ ਏਡੀਸੀ ਦਫ਼ਤਰ ਅੱਗੇ ਧਰਨਾ
ਸ਼ਗਨ ਕਟਾਰੀਆ
ਬਠਿੰਡਾ, 5 ਜੁਲਾਈ
ਮਨਰੇਗਾ ਸਕੀਮ ਪ੍ਰਤੀ ਕੇਂਦਰ ਸਰਕਾਰ ’ਤੇ ਗ਼ੈਰ ਸੰਜੀਦਾ ਵਤੀਰਾ ਅਪਣਾਏ ਜਾਣ ਦਾ ਦੋਸ਼ ਲਾਉਂਦਿਆਂ ਦਿਹਾਤੀ ਮਜ਼ਦੂਰ ਸਭਾ ਨੇ ਅੱਜ ਇੱਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਦਫ਼ਤਰ ਅੱਗੇ ਰੋਸ ਧਰਨਾ ਦੇਣ ਤੋਂ ਇਲਾਵਾ ਏਡੀਸੀ ਦਫ਼ਤਰ ਦੇ ਸੁਪਰਡੈਂਟ ਨੂੰ ਇੱਕ ਮੰਗ ਪੱਤਰ ਵੀ ਦਿੱਤਾ।
ਮਿੱਠੂ ਸਿੰਘ ਘੁੱਦਾ ਦੀ ਅਗਵਾਈ ’ਚ ਹੋਏ ਇਸ ਪ੍ਰਦਰਸ਼ਨ ਦੌਰਾਨ ਜਥੇਬੰਦੀ ਦੇ ਸੂਬਾਈ ਵਿੱਤ ਸਕੱਤਰ ਨੇ ਕਿਹਾ ਕਿ ਕਾਨੂੰਨੀ ਵਿਵਸਥਾ ਹੋਣ ਦੇ ਬਾਵਜੂਦ ਅੱਜ ਤੱਕ ਮਗਨਰੇਗਾ ਤਹਿਤ ਕੰਮ ਮਿਲਣ ਤੋਂ ਵਾਂਝੇ ਰਹਿ ਗਏ ਕਿਰਤੀਆਂ ਵਿੱਚੋਂ ਕਿਸੇ ਇੱਕ ਨੂੰ ਵੀ ਬੇਰੁਜ਼ਗਾਰੀ ਭੱਤਾ ਨਹੀਂ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਸੰਦਾਂ ਲਈ ਆਉਂਦੇ ਪੈਸਿਆਂ ’ਚ ਭਾਰੀ ਘਪਲੇ ਕੀਤੇ ਗਏ ਹਨ। ਕਾਮਰੇਡ ਮਹੀ ਪਾਲ ਨੇ ਕਿਹਾ ਕਿ ਮਗਨਰੇਗਾ ਤਹਿਤ ਕੰਮ ਮੰਗਣ ਵਾਲੇ ਕਿਰਤੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਪਰ ਇਸ ਲੋਕ ਪੱਖੀ ਕਾਨੂੰਨ ਦੇ ਖਾਤਮੇ ਦੀ ਪੱਕੀ ਧਾਰ ਕੇ ਬੈਠੀ ਮੋਦੀ ਸਰਕਾਰ ਮਗਨਰੇਗਾ ਸਕੀਮ ਵਿਚ ਹਰ ਸਾਲ ਕਟੌਤੀਆਂ ਕਰਦੀ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ’ਤੇ ਗਾਰੰਟੀਆਂ ਦੇ ਵਾਅਦੇ ਤੋਂ ਭੱਜਣ ਦਾ ਵੀ ਦੋਸ਼ ਲਾਇਆ। ਮਹਿਲਾ ਮੁਕਤੀ ਮੋਰਚਾ ਪੰਜਾਬ ਦੀ ਸੂਬਾਈ ਪ੍ਰਧਾਨ ਬੀਬੀ ਦਰਸ਼ਨਾ ਜੋਸ਼ੀ ਨੇ ਗਰਭਵਤੀ ਔਰਤਾਂ, ਛੋਟੇ ਬੱਚਿਆਂ ਦੀਆਂ ਮਾਵਾਂ ਲਈ ਉਚੇਚੇ ਡਾਕਟਰੀ ਪ੍ਰਬੰਧ ਅਤੇ ਦਵਾਈਆਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ।
ਆਗੂਆਂ ਵੱਲੋਂ ਮੰਗ ਕੀਤੀ ਗਈ ਕਿ ਮਨਰੇਗਾ ਕੰਮਾਂ ਵਿਚ ਹਰ ਤਰ੍ਹਾਂ ਦਾ ਸਿਆਸੀ ਦਖ਼ਲ ਬੰਦ ਕੀਤਾ ਜਾਵੇ। ਮਜ਼ਦੂਰਾਂ ਦੀ ਪਿੰਡੋਂ ਦੂਰ, ਰੋਹੀ-ਬੀਆਬਾਨ ਵਿਚ ਹਾਜ਼ਰੀ ਲਾਉਣੀ ਰੋਕੀ ਜਾਵੇ। ਹਾਜ਼ਰੀ ਜਾਬ ਕਾਰਡ ’ਤੇ ਲਾਈ ਜਾਵੇ। ਮੇਟ ਦੀ ਨਿਯੁਕਤੀ ਮਨਰੇਗਾ ਐਕਟ ਦੀਆਂ ਧਾਰਾਵਾਂ ਅਨੁਸਾਰ ਕੀਤੀ ਜਾਵੇ। ਹਾਕਮ ਧਿਰ ਦੇ ਕਹਿਣ ’ਤੇ ਮਨਰੇਗਾ ਕਿਰਤੀਆਂ ਦੀ ਖੱਜਲ-ਖੁਆਰੀ ਬੰਦ ਕੀਤੀ ਜਾਵੇ।