ਖੇਤਾਂ ’ਚੋਂ ਪਾਣੀ ਦੀ ਨਿਕਾਸੀ ਕਰਵਾਉਣ ਲਈ ਧਰਨਾ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 10 ਜੁਲਾਈ
ਗਿੱਦੜਪਿੰਡੀ ਇਲਾਕੇ ਦੇ ਤਿੰਨ ਦਰਜਨ ਤੋਂ ਵੱਧ ਪਿੰਡਾਂ ਵਿੱਚ ਭਰੇ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਬਣੇ ਬੈਰਾਜ ਨਾ ਖੋਲ੍ਹਣ ਵਿਰੁੱਧ ਲੋਕਾਂ ਨੇ ਗਿੱਦੜਪਿੰਡੀ ਸੜਕ ’ਤੇ ਚਾਰ ਘੰਟੇ ਤੱਕ ਧਰਨਾ ਲਾਈ ਰੱਖਿਆ। ਸਵੇਰੇ 9 ਵਜੇ ਤੋਂ ਇੱਕ ਵਜੇ ਤੱਕ ਚੱਲੇ ਇਸ ਧਰਨੇ ਵਿੱਚ ਕਿਸਾਨਾਂ ਨੇ ਕਪੂਰਥਲਾ ਪ੍ਰਸ਼ਾਸਨ ਵਿਰੁੱਧ ਰੱਜ ਕੇ ਗੁੱਸਾ ਕੱਢਿਆ। ਜ਼ਿਕਰਯੋਗ ਹੈ ਕਿ ਤਿੰਨ ਦਰਜਨ ਤੋਂ ਵੱਧ ਪਿੰਡਾਂ ਦੇ 30 ਹਜ਼ਾਰ ਏਕੜ ਵਿੱਚ ਬੀਜੀ ਝੋਨੇ ਦੀ ਫਸਲ ਡੁੱਬੀ ਹੋਈ ਹੈ ਤੇ ਖੇਤਾਂ ਵਿੱਚ ਮੀਂਹ ਦਾ ਪਾਣੀ ਉਛਲ ਰਿਹਾ ਹੈ। ਇਹ ਪਾਣੀ ਕਪੂਰਥਲਾ ਦੇ ਪਿੰਡ ਭਰੋਆਣਾ ਵਿਖੇ ਇੱਕਠਾ ਹੁੰਦਾ ਹੈ ਜਿੱਥੇ ਧੁੱਸੀ ਬੰਨ੍ਹ ’ਤੇ ਬਣੇ ਬੈਰਾਜਾਂ ਰਾਹੀਂ ਇਸ ਪਾਣੀ ਦੀ ਨਿਕਾਸੀ ਕਰਵਾਈ ਜਾਂਦੀ ਹੈ। ਮੰਡ ਇਲਾਕੇ ਦੇ ਕਈ ਅਨਸਰਾਂ ਦੀ ਧੱਕੇਸ਼ਾਹੀ ਦੇ ਚੱਲਦਿਆਂ ਇਹ ਬੈਰਾਜ ਖੋਲ੍ਹਣ ਵਿੱਚ ਜ਼ਿਲ੍ਹਾ ਕਪੂਰਥਲਾ ਪ੍ਰਸ਼ਾਸਨ ਬੁਰੀ ਤਰ੍ਹਾਂ ਨਾਕਾਮ ਰਿਹਾ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਖਲ ਤੋਂ ਬਾਅਦ ਹੀ ਕਪੂਰਥਲਾ ਦਾ ਪ੍ਰਸ਼ਾਸਨ ਹਰਕਤ ਵਿੱਚ ਆਇਆ। ਇਸ ਇਲਾਕੇ ਦੇ ਪੀੜਤ ਲੋਕਾਂ ਨੇ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ, ਰਾਜ ਸਭਾ ਮੈਂਬਰ ਸੰਤ ਸੀਚੇਵਾਲ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਲਿਖਤੀ ਸ਼ਿਕਾਇਤਾਂ ਕੀਤੀਆਂ ਸਨ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਵਲੋਂ ਭਾਰੀ ਬਾਰਿਸ਼ ਅਤੇ ਸਤਲੁਜ ਅਤੇ ਬਿਆਸ ਦਰਿਆ ਵਿਚ ਪਾਣੀ ਦੇ ਲਗਾਤਾਰ ਵੱਧਦੇ ਪੱਧਰ ਨੂੰ ਮੁੱਖ ਰੱਖਦਿਆਂ ਇਹਤਿਆਤ ਵਲੋਂ ਦਰਿਆਵਾਂ ਦੇ ਕੰਢੇ ਜਾਂ ਸਿੱਧੇ ਤੌਰ ’ਤੇ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦੇ ਹੁਕਮ ਦਿੱਤੇ ਗਏ।
ਅੱਜ ਸਵੇਰੇ ਡਿਪਟੀ ਕਮਿਸ਼ਨਰ ਵਲੋਂ ਸੁਲਤਾਨਪੁਰ ਲੋਧੀ ਇਲਾਕੇ ਵਿੱਚ ਪੈਂਦੇ ਬਿਆਸ ਦਰਿਆ ਤੇ ਬਣੇ ਧੁੱਸੀ ਬੰਨ੍ਹ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਸਮੂਹ ਐਸ.ਡੀ.ਐਮਜ਼ ਨੂੰ ਹੁਕਮ ਦਿੱਤੇ ਕਿ ਉਹ ਰੋਜ਼ਾਨਾ ਦੇ ਆਧਾਰ ’ਤੇ ਪਾਣੀ ਦੇ ਪੱਧਰ ਅਤੇ ਲੋਕਾਂ ਨੂੰ ਦਰਪੇਸ਼ ਕਿਸੇ ਵੀ ਮੁਸ਼ਕਿਲ ਬਾਰੇ ਰਿਪੋਰਟ ਪੇਸ਼ ਕਰਨ।