ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਧਰਨਾ
ਪੱਤਰ ਪ੍ਰੇਰਕ
ਬਠਿੰਡਾ, 17 ਅਗਸਤ
ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਅੱਜ ਸਿਵਲ ਹਸਪਤਾਲ ਬਠਿੰਡਾ ਵਿੱਚ ਐੱਸਐੱਮਓ ਤਲਵੰਡੀ ਸਾਬੋ ਵੱਲੋਂ ਕੀਤੀ ਜਾ ਰਹੀ ਰਿਸ਼ਵਤਖੋਰੀ ਦੇ ਖ਼ਿਲਾਫ਼ ਉੱਚ ਅਧਿਕਰੀਆਂ ਵੱਲੋਂ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਧਰਨਾ ਦਿੱਤਾ ਗਿਆ। ਜਥੇਬੰਦੀ ਦੇ ਆਗੂ ਗਗਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਜਥੇਬੰਦੀ ਐੱਸਐੱਮਓ ਤਲਵੰਡੀ ਸਾਬੋ ਵੱਲੋਂ ਖੇਤਰ ਵਿੱਚ ਫੈਲਾਏ ਭ੍ਰਿਸ਼ਟਾਚਾਰ ਖ਼ਿਲਾਫ਼ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਿਸ਼ਵਤ ਮਾਮਲੇ ਵਿੱਚ ਸਿਵਲ ਸਰਜਨ ਬਠਿੰਡਾ ਵੱਲੋਂ ਬਣਾਈ ਇਨਕੁਆਰੀ ਕਮੇਟੀ ਨੂੰ ਜਥੇਬੰਦੀ ਵੱਲੋਂ ਸਾਰੇ ਸਬੂਤ ਪੇਸ਼ ਕਰ ਦਿੱਤੇ ਹਨ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ।ਅੱਜ ਦੇ ਇਸ ਧਰਨੇ ਵਿੱਚ ਸਹਾਇਕ ਸਿਵਲ ਸਰਜਨ ਡਾ. ਅਨੁਪਮ ਸ਼ਰਮਾ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਨੇ ਸਿਵਲ ਸਰਜਨ ਬਠਿੰਡਾ ਵੱਲੋਂ ਇਹ ਵਿਸ਼ਵਾਸ ਦਿਵਾਇਆ ਕਿ 25 ਅਗਸਤ ਤੱਕ ਐੱਸਐੱਮਓ ਤਲਵੰਡੀ ਸਾਬੋ ਵਿਰੁੱਧ ਕਾਰਵਾਈ ਕਰ ਦਿੱਤੀ ਜਾਵੇਗੀ। ਜਥੇਬੰਦੀ ਨੇ ਫੈਸਲਾ ਲਿਆ ਕਿ ਜੇ 28 ਅਗਸਤ ਤੱਕ ਕੋਈ ਕਾਰਵਾਈ ਨਾ ਕੀਤੀ ਤਾਂ 28 ਅਗਸਤ ਨੂੰ ਦੁਬਾਰਾ ਧਰਨਾ ਲਾਇਆ ਜਾਵੇਗਾ। ਧਰਨੇ ਨੂੰ ਜਸਵਿੰਦਰ ਸ਼ਰਮਾ, ਭੁਪਿੰਦਰਪਾਲ ਕੌਰ ਜਰਨਲ ਸਕੱਤਰ ਪੈਰਾਮੈਡੀਕਲ ਆਦਿ ਨੇ ਸੰਬੋਧਨ ਕੀਤਾ।