ਪੀਐੱਸਯੂ ਵੱਲੋਂ ਸੰਸਦ ਮੈਂਬਰ ਮੀਤ ਹੇਅਰ ਦੇ ਘਰ ਨੇੜੇ ਧਰਨਾ
ਪਰਸ਼ੋਤਮ ਬੱਲੀ
ਬਰਨਾਲਾ, 7 ਨਵੰਬਰ
ਪੰਜਾਬ ਵਿੱਚ ਸਰਕਾਰੀ ਨੌਕਰੀਆਂ ’ਚ ਸੂਬਾ ਵਾਸੀਆਂ ਲਈ 90 ਫ਼ੀਸਦ ਰਾਖਵੇਂਕਰਨ ਦੀ ਮੰਗ ਲਈ ਪੰਜਾਬ ਸਟੂਡੈਂਟਸ ਯੂਨੀਅਨ (ਪੀਐੱਸਯੂ) ਨੇ ਅੱਜ ਬਰਨਾਲਾ ਦੇ ਬਾਜ਼ਾਰ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮਾਰਚ ਕਰਕੇ ਸੰਸਦ ਮੈਂਬਰ ਮੀਤ ਹੇਅਰ ਦੇ ਘਰ ਨੇੜੇ ਧਰਨਾ ਦਿੱਤਾ। ਪੀਐੱਸਯੂ ਦੇ ਸੂਬਾ ਪ੍ਰਧਾਨ ਰਣਬੀਰ ਸਿੰਘ ਕੁਰੜ ਅਤੇ ਸੂਬਾ ਸਕੱਤਰ ਅਮਨਦੀਪ ਸਿੰਘ ਖਿਓਵਾਲੀ ਨੇ ਕਿਹਾ ਕਿ ਪੰਜਾਬ ਸਟੂਡੈਂਟਸ ਯੂਨੀਅਨ ਦੀ ਪੂਰਬੀ ਮਾਲਵਾ ਜ਼ੋਨ ਕਮੇਟੀ ਦੀ ਅਗਵਾਈ ਹੇਠ ਸੰਗਰੂਰ, ਮਾਲੇਰਕੋਟਲਾ, ਪਟਿਆਲਾ, ਮਾਨਸਾ, ਬਰਨਾਲਾ ਜ਼ਿਲ੍ਹਿਆਂ ਦੇ ਵਿਦਿਆਰਥੀਆਂ ਨੇ ਪੰਜਾਬ ਦੀਆਂ ਸਰਕਾਰੀ ਨੌਕਰੀਆਂ ’ਚ ਪੰਜਾਬੀਆਂ ਲਈ 90 ਫੀਸਦ ਰਾਖਵਾਂਕਰਨ ਅਤੇ ਸਿੱਖਿਆ ਨੂੰ ਸੰਵਿਧਾਨ ਦੀ ਰਾਜ ਸੂਚੀ ’ਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ‘ਆਪ’ ਆਗੂ ਮੀਤ ਹੇਅਰ ਦੇ ਘਰ ਸਾਹਮਣੇ ਅੱਜ ਘਿਰਾਓ ਪ੍ਰਦਰਸ਼ਨ ਕੀਤਾ। ਆਗੂਆਂ ਕਿਹਾ ਕਿ ਜਿੱਥੇ ਕੇਂਦਰ ਦੀ ਭਾਜਪਾ ਸਰਕਾਰ ਸੂਬਿਆਂ ਦੇ ਅਧਿਕਾਰਾਂ ਨੂੰ ਕੁਚਲ ਰਹੀ ਹੈ, ਉੱਥੇ ਹੀ ਪੰਜਾਬ ਸਰਕਾਰ ਇਸ ਮਸਲੇ ’ਤੇ ਚੁੱਪ ਵੱਟ ਕੇ ਭਾਜਪਾ ਦੀ ਕਥਿਤ ‘ਬੀ’ ਟੀਮ ਹੋਣ ਦਾ ਸਬੂਤ ਦੇ ਰਹੀ ਹੈ। ਪੀਐੱਸਯੂ ਆਗੂਆਂ ਮੁਤਾਬਕ ਕੇਂਦਰੀਕਰਨ ਦੀ ਨੀਤੀ ਨੂੰ ਲਾਗੂ ਕਰਦਿਆਂ ਪਹਿਲਾਂ ਪੰਜਾਬ ਦੇ ਅੱਠ ਕਾਲਜਾਂ ਨੂੰ ਪ੍ਰਾਈਵੇਟ ਕਰਨ ਦਾ ਫੈਸਲਾ ਲਿਆਂਦਾ ਗਿਆ ਪਰ ਜਥੇਬਦੀ ਵੱਲੋਂ ਡਟਵੇਂ ਵਿਰੋਧ ਕਾਰਨ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ। ਬੁਲਾਰਿਆਂ ਮੰਗ ਕੀਤੀ ਕਿ ਸੂਬਾ ਸਰਕਾਰ ਪੰਜਾਬ ਵਾਸੀਆਂ ਲਈ ਸਰਕਾਰੀ ਨੌਕਰੀਆਂ ਵਿੱਚ 90 ਫ਼ੀਸਦ ਰਾਖਵਾਂਕਰਨ ਦੇਣ ਲਈ ਕਾਨੂੰਨ ਬਣਾਵੇ। ਉਨ੍ਹਾਂ ਨੇ ਯਾਦ ਦਿਵਾਇਆ ਕਿ ਸੰਸਦ ਮੈਂਬਰ ਹੁੰਦਿਆਂ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਹਰੀ ਸੂਬਿਆਂ ਦੇ ਲੋਕਾਂ ਨੂੰ ਨੌਕਰੀਆਂ ਦੇਣ ਦੇ ਮੁੱਦੇ ਨੂੰ ਚੁੱਕਿਆ ਸੀ ਪਰ ਹੁਣ ਜਦੋਂ ‘ਆਪ’ ਸੱਤਾ ਵਿੱਚ ਹੈ ਤਾਂ ਇਸ ਸਬੰਧੀ ਕਾਨੂੰਨ ਬਣਾਉਣ ਤੋਂ ਟਾਲਾ ਵੱਟ ਰਹੇ ਹਨ। ਚਿਤਾਵਨੀ ਦਿੱਤੀ ਕਿ ਜੇਕਰ ਵਿਦਿਆਰਥੀਆਂ ਦੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ ਅਗਲੇ ਦਿਨਾਂ ’ਚ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ’ਚ ਵੀ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤੇ ਜਾਣਗੇ।