For the best experience, open
https://m.punjabitribuneonline.com
on your mobile browser.
Advertisement

ਕਿਸਾਨ ਜਥੇਬੰਦੀ ਵੱਲੋਂ ਅਨਾਜ ਮੰਡੀ ਦੇ ਗੇਟ ਅੱਗੇ ਧਰਨਾ

10:47 AM Oct 30, 2024 IST
ਕਿਸਾਨ ਜਥੇਬੰਦੀ ਵੱਲੋਂ ਅਨਾਜ ਮੰਡੀ ਦੇ ਗੇਟ ਅੱਗੇ ਧਰਨਾ
ਅਨਾਜ ਮੰਡੀ ਦੇ ਗੇਟ ਅੱਗੇ ਧਰਨਾ ਦਿੰਦੇ ਹੋਏ ਕਿਸਾਨ।
Advertisement

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 29 ਅਕਤੂਬਰ
ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵੱਲੋਂ ਅੱਜ ਮਾਛੀਵਾੜਾ ਅਨਾਜ ਮੰਡੀ ਵਿੱਚ ਕਿਸਾਨਾਂ ਦੀ ਫਸਲ ਨਾ ਵਿਕਣ ਦੇ ਰੋਸ ਵਜੋਂ ਅਨਾਜ ਮੰਡੀ ਦੇ ਗੇਟ ਅੱਗੇ ਰੋਸ ਧਰਨਾ ਦਿੱਤਾ ਗਿਆ। ਕਰੀਬ ਸਵੇਰੇ 11 ਵਜੇ ਲਗਾਇਆ ਧਰਨਾ ਬਾਅਦ ਦੁਪਹਿਰ ਤੱਕ ਜਾਰੀ ਰਿਹਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਪਿੰਦਰ ਸਿੰਘ ਬੱਗਾ ਨੇ ਕਿਹਾ ਕਿ ਮਾਛੀਵਾੜਾ ਮੰਡੀ ਵਿੱਚ ਜ਼ਿਆਦਾਤਰ ਕਿਸਾਨਾਂ ਦਾ ਝੋਨਾ 17 ਫ਼ੀਸਦੀ ਨਮੀ ਵਾਲਾ ਹੈ, ਪਰ ਫਿਰ ਵੀ ਨਹੀਂ ਵਿਕ ਰਿਹਾ ਜਿਸ ਕਾਰਨ ਕਿਸਾਨਾਂ ਕਈ ਰਾਤਾਂ ਮੰਡੀਆਂ ਵਿੱਚ ਕੱਟਣ ਨੂੰ ਮਜਬੂਰ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸ਼ੈਲਰ ਮਾਲਕਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਜਿਸ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਛੀਵਾੜਾ ਮੰਡੀ ਵਿੱਚ ਪਿਛਲੇ ਦੋ ਦਿਨਾਂ ਤੋਂ ਆੜ੍ਹਤੀਆਂ ਵੱਲੋਂ ਵੀ ਫ਼ਸਲ ਦੀ ਤੁਲਾਈ ਨਹੀਂ ਕੀਤੀ ਜਾ ਰਹੀ। ਇਸ ਮੌਕੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਲਈ ਨਾਇਬ ਤਹਿਸੀਲਦਾਰ ਦਲਵਿੰਦਰ ਸਿੰਘ ਪੁੱਜੇ ਜਿਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਮੰਡੀ ਵਿੱਚ ਜੋ ਵੀ 17 ਫੀਸਦੀ ਤੋਂ ਘੱਟ ਨਮੀ ਵਾਲਾ ਝੋਨਾ ਹੈ, ਉਹ ਤੁਰੰਤ ਖਰੀਦਿਆ ਜਾਵੇਗਾ ਅਤੇ ਲਿਫਟਿੰਗ ਦੇ ਕੰਮ ਵਿੱਚ ਵੀ ਤੇਜ਼ੀ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਾਹਰਲੀਆਂ ਮੰਡੀਆਂ ਤੋਂ ਕਰੀਬ 1 ਲੱਖ ਬੋਰੀ ਝੋਨਾ ਚੁੱਕਣ ਲਈ ਸ਼ੈਲਰ ਮਾਲਕਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਜਿਸ ਦੀ ਲਿਫਟਿੰਗ ਵੀ ਸ਼ੁਰੂ ਹੋ ਗਈ ਹੈ। ਕਿਸਾਨ ਆਗੂ ਨੇ ਕਿਹਾ ਕਿ ਫਿਲਹਾਲ ਧਰਨਾ ਚੁੱਕ ਲਿਆ ਗਿਆ ਹੈ ਅਤੇ ਜੇਕਰ ਫਿਰ ਵੀ ਮੰਡੀ ਵਿੱਚ ਮੁਸ਼ਕਲ ਆਈ ਤਾਂ ਉਹ ਦੁਬਾਰਾ ਪ੍ਰਦਰਸ਼ਨ ਕਰਨਗੇ। ਇਸ ਮੌਕੇ ਕਿਸਾਨ ਆਗੂ ਰਵਿੰਦਰ ਸਿੰਘ ਨਾਗਰਾ, ਕੁਲਦੀਪ ਸਿੰਘ ਸੇਖੋਂ, ਅਵਤਾਰ ਸਿੰਘ ਰਾਣਵਾਂ, ਹਰਦੀਪ ਸਿੰਘ, ਗੁਰਮੁੱਖ ਸਿੰਘ ਭੱਟੀਆਂ, ਸਵਰਨਜੀਤ ਸਿੰਘ ਘੁਲਾਲ, ਅਬਰਾਜ ਸਿੰਘ ਗਿੱਲ, ਬਲਦੇਵ ਸਿੰਘ, ਰਾਜਵਿੰਦਰ ਸਿੰਘ ਗਿੱਲ ਤੇ ਸਰਬਜੀਤ ਘੁਲਾਲ ਮੌਜੂਦ ਸਨ।

Advertisement

Advertisement
Advertisement
Author Image

joginder kumar

View all posts

Advertisement