ਧਾਮੀ ਦਾ ਮੁਆਫ਼ੀਨਾਮਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਬੀਬੀ ਜਗੀਰ ਕੌਰ ਬਾਰੇ ਵਰਤੇ ਅਪਸ਼ਬਦਾਂ ਦਾ ਮਾਮਲਾ ਨਿਪਟਾਉਣ ਦੀ ਕੋਸ਼ਿਸ਼ ਉਲਟੀ ਪੈਂਦੀ ਜਾਪ ਰਹੀ ਹੈ। ਸੋਮਵਾਰ ਨੂੰ ਸ੍ਰੀ ਧਾਮੀ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਾਹਮਣੇ ਪੇਸ਼ ਹੋ ਕੇ ਪੱਤਰ ਦਾਖ਼ਲ ਕਰਾਇਆ ਹੈ। ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਆਪਣੇ ਤੌਰ ’ਤੇ ਨੋਟਿਸ ਲੈਂਦਿਆਂ ਸ੍ਰੀ ਧਾਮੀ ਨੂੰ ਤਲਬ ਕੀਤਾ ਸੀ। ਚੇਅਰਪਰਸਨ ਬੀਬੀ ਰਾਜ ਲਾਲੀ ਗਿੱਲ ਮੁਤਾਬਿਕ ਸ੍ਰੀ ਧਾਮੀ ਨੇ ਆਪਣੇ ਪੱਤਰ ਵਿੱਚ ਇਸ ਮਾਮਲੇ ਨੂੰ ਲੈ ਕੇ ਅਫ਼ਸੋਸ ਜਤਾਇਆ ਹੈ ਪਰ ਇਸ ਨਾਲ ਉਹ ਆਪਣੀ ਗ਼ਲਤੀ ਤੋਂ ਫਾਰਗ ਨਹੀਂ ਹੋ ਜਾਂਦੇ। ਇਸ ਤੋਂ ਬਾਅਦ ਕਮਿਸ਼ਨ ਨੇ ਬੀਬੀ ਜਗੀਰ ਕੌਰ ਨੂੰ ਵੀ ਆਪਣਾ ਪੱਖ ਦੱਸਣ ਲਈ ਬੁਲਾਇਆ ਹੈ।
ਸ੍ਰੀ ਧਾਮੀ ਪਿਛਲੇ ਮਹੀਨੇ ਲਗਾਤਾਰ ਚੌਥੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਸਨ। ਸੋਸ਼ਲ ਮੀਡੀਆ ’ਤੇ ਜਾਰੀ ਕੀਤੀ ਗਈ ਇੱਕ ਵੀਡੀਓ ਵਿੱਚ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਬਾਰੇ ਗਾਲੀ-ਗਲੋਚ ਭਰੇ ਅਪਸ਼ਬਦ ਬੋਲਦੇ ਸੁਣੇ ਜਾਂਦੇ ਹਨ ਜੋ ਕਿ ਬਹੁਤ ਸ਼ਰਮਨਾਕ ਗੱਲ ਹੈ। ਜਨਤਕ ਖੇਤਰ ਵਿੱਚ ਸਰਗਰਮ ਕਿਸੇ ਵੀ ਵਿਅਕਤੀ ਜਾਂ ਆਗੂ ਤੋਂ ਅਜਿਹੀ ਭਾਸ਼ਾ ਦੇ ਇਸਤੇਮਾਲ ਦੀ ਤਵੱਕੋ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਇਸ ਨੂੰ ਬਰਦਾਸ਼ਤ ਕੀਤਾ ਜਾਣਾ ਚਾਹੀਦਾ ਹੈ ਤੇ ਜੇ ਕਿਸੇ ਧਾਰਮਿਕ ਸੰਸਥਾ ਦਾ ਮੁਖੀ ਅਜਿਹੀ ਭਾਸ਼ਾ ਦਾ ਇਸਤੇਮਾਲ ਕਰਦਾ ਹੈ ਤਾਂ ਇਹ ਹੋਰ ਵੀ ਅਫ਼ਸੋਸਨਾਕ ਗੱਲ ਹੈ। ਹਾਲਾਂਕਿ ਸ੍ਰੀ ਧਾਮੀ ਨੇ ਝਟਪਟ ਮੁਆਫ਼ੀ ਮੰਗ ਕੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਸਾਫ਼ ਜ਼ਾਹਿਰ ਹੈ ਕਿ ਉਨ੍ਹਾਂ ਵੱਲੋਂ ਦਿੱਤੀ ਗਈ ਇਹ ਸਫ਼ਾਈ ਕਿ ‘ਅਜਿਹੀ ਗੱਲ ਸਹਿਵਨ ਹੀ ਉਨ੍ਹਾਂ ਦੇ ਮੂੰਹੋ ਨਿਕਲ ਗਈ ਸੀ’, ਪ੍ਰਵਾਨਯੋਗ ਨਹੀਂ। ਉਨ੍ਹਾਂ ਗ਼ਲਤੀ ਤਾਂ ਸਵੀਕਾਰ ਲਈ ਪਰ ਸੱਚਾਈ ਸਵੀਕਾਰ ਨਹੀਂ ਕੀਤੀ। ਇਸੇ ਕਰ ਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣਾ ਪਿਆ ਹੈ। ਇਸ ਤੋਂ ਇਲਾਵਾ ਬੀਬੀ ਜਗੀਰ ਕੌਰ ਦੇ ਰੁਖ਼ ਤੋਂ ਵੀ ਇਹ ਸਪਸ਼ਟ ਹੋ ਗਿਆ ਸੀ ਕਿ ਉਨ੍ਹਾਂ ਸ੍ਰੀ ਧਾਮੀ ਦੀ ਮੁਆਫ਼ੀ ਸਵੀਕਾਰ ਕਰ ਕੇ ਉਨ੍ਹਾਂ ਨੂੰ ਮੁਆਫ਼ ਨਹੀਂ ਕੀਤਾ ਸੀ। ਚਾਹੀਦਾ ਤਾਂ ਇਹ ਸੀ ਕਿ ਸ੍ਰੀ ਧਾਮੀ ਬੀਬੀ ਜਗੀਰ ਕੌਰ ਨੂੰ ਮਿਲ ਕੇ ਉਨ੍ਹਾਂ ਦੀ ਤਸੱਲੀ ਕਰਾਉਂਦੇ ਅਤੇ ਫਿਰ ਜਨਤਕ ਤੌਰ ’ਤੇ ਮੁਆਫ਼ੀ ਮੰਗਦੇ।
ਇਸ ਵੇਲੇ ਸਾਡੇ ਦੇਸ਼ ਦੇ ਜਨਤਕ ਖੇਤਰ ਦੇ ਮਿਆਰ ਨਵੀਆਂ ਨਿਵਾਣਾਂ ਵੱਲ ਜਾਂਦੇ ਵਿਖਾਈ ਦੇ ਰਹੇ ਹਨ ਜਿੱਥੇ ਹਰ ਸ਼ੋਹਬੇ ਵਿੱਚ ਮਰਦ ਪ੍ਰਧਾਨਗੀ ਹਾਵੀ ਹੈ ਅਤੇ ਕਿਸੇ ਔਰਤ ਲਈ ਸਹਿਜ ਭਾਅ ਵਿਚਰਨਾ ਅਤੇ ਆਪਣਾ ਮੁਕਾਮ ਬਣਾਉਣਾ ਔਖਾ ਹੈ। ਹਰ ਕਿਸਮ ਦੀ ਚੋਣ ਵਿੱਚ ਅਜਿਹੇ ਲੋਕ ਅੱਗੇ ਆ ਰਹੇ ਹਨ ਜਿਨ੍ਹਾਂ ਦਾ ਚੱਜ ਆਚਾਰ ਲੋਕਰਾਜੀ ਅਤੇ ਨੈਤਿਕ ਕਦਰਾਂ-ਕੀਮਤਾਂ ’ਤੇ ਬਹੁਤਾ ਖ਼ਰਾ ਨਹੀਂ ਉੱਤਰਦਾ। ਜਦੋਂ ਵੀ ਕਿਤੇ ਅਸੁਖਾਵੀ ਸਥਿਤੀ ਪੈਦਾ ਹੁੰਦੀ ਹੈ ਤਾਂ ਸਾਡੇ ਤਥਾਕਥਿਤ ਲੋਕ ਨੁਮਾਇੰਦਿਆਂ ਦਾ ਅਸਲ ਰੰਗ ਉੱਘੜ ਕੇ ਸਾਹਮਣੇ ਆ ਜਾਂਦਾ ਹੈ। ਅਜਿਹੇ ਮਾਹੌਲ ਨੂੰ ਬਦਲਣ ਲਈ ਜਨਤਕ ਜਵਾਬਦੇਹੀ ਨੂੰ ਕਾਰਗਰ ਢੰਗ ਨਾਲ ਸਥਾਪਿਤ ਕਰਨ ਦੀ ਸਖ਼ਤ ਲੋੜ ਹੈ।