ਢਕੌਲੀ ਵਾਸੀਆਂ ਵੱਲੋਂ ਸੜਕ ਜਾਮ ਕਰਕੇ ਮੁਜ਼ਾਹਰਾ
ਹਰਜੀਤ ਸਿੰਘ
ਜ਼ੀਰਕਪੁਰ, 30 ਸਤੰਬਰ
ਢਕੌਲੀ ਖੇਤਰ ਦੀਆਂ ਵੱਖ-ਵੱਖ ਸੁਸਾਇਟੀਆਂ ਅਤੇ ਕਲੋਨੀ ਵਾਸੀਆਂ ਨੇ ਆਪਣੀ ਸਮੱਸਿਆਵਾਂ ਨੂੰ ਲੈ ਕੇ ਢਕੌਲੀ ਸੜਕ ਜਾਮ ਕਰ ਆਪਣਾ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਲੋਕਾਂ ਨੇ ਪੰਜਾਬ ਸਰਕਾਰ, ਨਗਰ ਕੌਂਸਲ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਐਲਾਨ ਕੀਤਾ ਕਿ ਉਹ 2 ਅਕਤੂਬਰ ਤੱਕ ਰੋਜ਼ਾਨਾ ਚਾਰ ਘੰਟੇ ਧਰਨਾ ਦੇ ਕੇ ਕੁੰਭਕਰਨੀ ਨੀਂਦ ਵਿੱਚ ਸੁੱਤੇ ਪ੍ਰਸ਼ਾਸਨ ਨੂੰ ਜਗਾਉਣ ਦੀ ਕੋਸ਼ਿਸ਼ ਕਰਨਗੇ। ਮੁਜ਼ਹਰਾਕਾਰੀਆਂ ਨੇ ਕਿਹਾ ਕਿ ਬੀਤੇ 15 ਸਾਲਾ ਤੋਂ ਨਗਰ ਕੌਂਸਲ ਵੱਲੋਂ ਢਕੌਲੀ ਖੇਤਰ ਵਿੱਚ ਕੋਈ ਵਿਕਾਸ ਕਾਰਜ ਨਹੀਂ ਕੀਤਾ ਗਿਆ। ਉਨ੍ਹਾਂ ਰੋਸ ਪ੍ਰਗਟਾਇਆ ਕਿ ਨਗਰ ਕੌਂਸਲ ਨੂੰ ਹਰੇਕ ਮਹੀਨੇ ਕਰੋੜਾਂ ਦੀ ਆਮਦਨ ਹੋ ਰਹੀ ਹੈ ਪਰ ਪਤਾ ਨਹੀਂ ਲੱਗ ਰਿਹਾ ਹੈ ਇਹ ਕਰੋੜਾਂ ਰੁਪਏ ਕਿੱਥੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਢਕੌਲੀ ਖੇਤਰੀ ਦੀਆਂ ਸੜਕਾਂ ’ਤੇ ਐਨੇ ਵੱਡੇ-ਵੱਡੇ ਟੋਏ ਪਏ ਹੋਏ ਹਨ, ਜਿਸ ਕਾਰਨ ਲੋਕਾਂ ਦਾ ਆਪਣੇ ਘਰਾਂ ਤੋਂ ਨਿਕਲਣਾ ਔਖਾ ਹੋਇਆ ਪਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੀਂਹ ਦੇ ਪਾਣੀ ਦੀ ਨਿਕਾਸੀ ਦਾ ਬੁਰਾ ਹਾਲ ਹੈ। ਥੋੜਾ ਜਿਹਾ ਮੀਂਹ ਪੈਣ ਮਗਰੋਂ ਪੂਰੇ ਖੇਤਰ ਵਿੱਚ ਪਾਣੀ ਭਰ ਜਾਂਦਾ ਹੈ। ਸਾਫ-ਸਫਾਈ ਦੀ ਕੋਈ ਵਿਵਸਥਾ ਨਹੀਂ ਹੈ। ਸੀਵਰੇਜ ਦੀ ਲਾਈਨਾਂ ਪੁਰਾਣੀਆਂ ਹੋਣ ਕਾਰਨ ਓਵਰਫਲੋਅ ਹੋ ਕੇ ਦੂਸ਼ਿਤ ਪਾਣੀ ਗਲੀਆਂ ਵਿੱਚ ਵਗ ਰਿਹਾ ਹੈ। ਢਕੌਲੀ ਸੜਕ ’ਤੇ ਹਰ ਵੇਲੇ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਸਮੱਸਿਆ ਦੇ ਹੱਲ ਲਈ ਉਨ੍ਹਾਂ ਨੇ ਮੁੱਖ ਮੰਤਰੀ ਤੋਂ ਲੈ ਕੇ ਹਰੇਕ ਅਧਿਕਾਰੀ ਦਾ ਦਰਵਾਜਾ ਖੜ੍ਹਕਾਇਆ ਹੈ ਪਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਹੈ।