ਡਕਾਲਾ: ਘੱਗਰ ਖਤਰੇ ਦੇ ਨਿਸ਼ਾਨ ਤੋਂ ਟੱਪਿਆ, ਇਲਾਕਾ ਵਾਸੀ ਖ਼ੌਫਜ਼ਦਾ
ਮਾਨਵਜੋਤ ਭਿੰਡਰ
ਡਕਾਲਾ (ਪਟਿਆਲਾ), 11 ਜੁਲਾਈ
ਇਲਾਕੇ ’ਚੋਂ ਗੁਜ਼ਰਦੇ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ, ਜਿਸ ਕਾਰਨ ਲੋਕ ਖ਼ੌਫ਼ਜ਼ਦਾ ਹਨ। ਪਹਿਲਾਂ ਹੀ ਬਰਸਾਤੀ ਪਾਣੀ ਨਾਲ ਫਸਲਾਂ ਦਾ ਵੱਡਾ ਰਕਬਾ ਡੁੱਬ ਚੁੱਕਾ ਹੈ। ਪਟਿਆਲਾ-ਚੀਕਾ ਰੋਡ 'ਤੇ ਪਿੰਡ ਧਰਮਹੇੜੀ ਨੇੜੇ 10 ਫੁੱਟ ਤੱਕ ਪਾਣੀ ਭਰ ਗਿਆ ਹੈ। ਪਾਣੀ ਰਾਮਨਗਰ ਨੇੜੇ ਸਟੇਟ ਹਾਈਵੇਅ ਤੋਂ ਟੱਪਣ ਲੱਗਿਆ ਹੈ। ਮਾਰਕੰਡਾ, ਟਾਂਗਰੀ, ਮੀਰਾਂਪੁਰ ਚੋਆ ਤੇ ਹੋਰ ਨਦੀਆਂ ਨਾਲੇ ਘੱਗਰ 'ਚ ਮਿਲ ਕੇ ਇਥੋਂ ਦੀ ਲੰਘਦੇ ਹਨ, ਜਿਸ ਨਾਲ ਇਲਾਕੇ ਦੇ ਲੋਕ ਘੱਗਰ ਦੇ ਨਾਂ ਤੋਂ ਤ੍ਰਬਕ ਰਹੇ ਹਨ। ਇਥੇ ਘੱਗਰ ਵਿੱਚ 26.75 ਫੁੱਟ 'ਤੇ ਪਾਣੀ ਵਹਿ ਰਿਹਾ ਹੈ, ਜਿਹੜਾ ਕਿ ਖਤਰੇ ਦੇ ਨਿਸ਼ਾਨ ਤੋਂ ਉਪਰ ਹੈ। ਇਸ ਇਲਾਕੇ ਨੂੰ ਸਭ ਤੋਂ ਵੱਡੀ ਮਾਰ ਅੱਧ ਵਿਚਾਲੇ ਰੁਕੀ ਹੋਈ ਹਾਂਸੀ- ਬੁਟਾਣਾ ਨਹਿਰ ਦੀ ਪਟੜੀ ਦੀ ਪੈਂਦੀ ਹੈ, ਕਿਉਂਕਿ ਹਰਿਆਣਾ ਸਰਕਾਰ ਨੇ ਨਹਿਰ ਦੀ ਪਟੜੀ ਕੰਕਰੀਟ ਦੀ ਬਣਾਈ ਹੋਈ ਹੈ ਤਾਂ ਜੋ ਹਰਿਆਣਾ ਵਾਲੇ ਪਾਸੇ ਬੰਨ੍ਹ ਟੁੱਟ ਨਾ ਸਕੇ। ਜੇ ਬੰਨ੍ਹ ਪੰਜਾਬ ਵੱਲ ਟੁੱਟਦਾ ਹੈ ਤਾਂ ਇਲਾਕੇ ਵਿੱਚ ਵੱਡੀ ਤਬਾਹੀ ਹੋਣ ਦਾ ਖਦਸ਼ਾ ਹੈ।