ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬੀ ਗਾਇਕੀ ਨੂੰ ਪ੍ਰਫੁੱਲਿਤ ਕਰਨ ਵਾਲਾ ਢਾਡੀ ਅਮਰ ਸਿੰਘ ਸ਼ੌਂਕੀ

10:10 AM Aug 22, 2020 IST

ਹਰਦਿਆਲ ਸਿੰਘ ਥੂਹੀ

Advertisement

ਪੰਜਾਬੀ ਲੋਕ ਗਾਇਕੀ ਨੂੰ ਸਾਂਭਣ ਅਤੇ ਇਸ ਦੇ ਭੰਡਾਰ ਨੂੰ ਪ੍ਰਫੁੱਲਿਤ ਕਰਨ ਵਿਚ ਜਿਨ੍ਹਾਂ ਲੋਕਾਂ ਨੇ ਆਪੋ ਆਪਣਾ ਯੋਗਦਾਨ ਪਾਇਆ ਹੈ ਇਨ੍ਹਾਂ ਵਿਚ ਢਾਡੀ ਅਮਰ ਸਿੰਘ ਸ਼ੌਂਕੀ ਦਾ ਨਾਂ ਵਿਸ਼ੇਸ਼ ਸਨਮਾਨ ਦਾ ਹੱਕਦਾਰ ਹੈ। ਜਦੋਂ ਕਦੇ ਵੀ ਲੋਕ ਗਾਥਾਵਾਂ ਦੀ ਗੱਲ ਚੱਲੇਗੀ ਤਾਂ ਸ਼ੌਂਕੀ ਦਾ ਜ਼ਿਕਰ ਆਪ ਮੁਹਾਰੇ ਹੀ ਛਿੜੇਗਾ। ਉਸਨੇ ਲੋਕ ਗਾਥਾਵਾਂ ਗਾ ਕੇ ਅਤੇ ਇਨ੍ਹਾਂ ਨੂੰ ਰਿਕਾਰਡ ਕਰਵਾ ਕੇ ਪੰਜਾਬੀ ਲੋਕ ਗਾਇਕਾਂ ਲਈ ਇਕ ਗਾਡੀ ਰਾਹ ਬਣਾਇਆ। ਉਸ ਦੀਆਂ ਗਾਈਆਂ ਰਚਨਾਵਾਂ ਜਦੋਂ ਟਿਕੀ ਰਾਤ ਨੂੰ ਲਾਊਡ ਸਪੀਕਰਾਂ ’ਤੇ ਵੱਜਦੀਆਂ ਤਾਂ ਕੋਠਿਆਂ ’ਤੇ ਬਿਸਤਰਿਆਂ ’ਚ ਪਏ ਲੋਕ ਵਜਦ ਵਿਚ ਆ ਜਾਂਦੇ ਤੇ ਉਸ ਦੇ ਨਾਲ ਹੀ ਇਕ ਸੁਰ ਹੋ ਜਾਂਦੇ:

* ਸਾਹਿਬਾਂ ਵਾਜਾਂ ਮਾਰਦੀ, 

Advertisement

   ਕਹਿੰਦੀ ਉਠ ਖਾਂ ਮਿਰਜ਼ਾ ਯਾਰ ਵੇ।

* ਮਿਰਜ਼ਾ ਆਖੇ ਸਾਹਿਬਾਂ,

   ਤੂੰ ਕਿਉਂ ਹੋਈਓਂ ਦਿਲਗੀਰ।

ਇਸ ਅਵਸਥਾ ਵਿਚ ਜੇ ਕਿਧਰੇ ਅਚਾਨਕ ਲਾਊਡ ਸਪੀਕਰ ਬੰਦ ਹੋ ਜਾਂਦਾ ਸੀ ਤਾਂ ਉਨ੍ਹਾਂ ਦੀ ਹਾਲਤ ਪੁੱਛਿਆਂ ਹੀ ਬਣਦੀ ਸੀ। ਲੋਕ ਗਾਇਕੀ ਦੇ ਇਸ ਥੰਮ੍ਹ ਦਾ ਜਨਮ 15 ਅਗਸਤ 1916 ਨੂੰ ਮੂਲਾ ਸਿੰਘ ਦੇ ਘਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਭੱਜਲ ਵਿਖੇ ਹੋਇਆ। ‘ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ’ ਦੇ ਅਖਾਣ ਅਨੁਸਾਰ ਉਸਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਸਕੂਲੀ ਪੜ੍ਹਾਈ ਕੋਈ ਬਹੁਤੀ ਨਹੀਂ ਕਰ ਸਕਿਆ, ਪਰ ਬਾਰਾਂ ਸਾਲ ਦੀ ਉਮਰ ਵਿਚ ਸਿਆਲਕੋਟ ਦੇ ਰਾਗ ਵਿਦਿਆਲੇ ਤੋਂ ਦੋ ਸਾਲ ਦੀ ਰਾਗ ਵਿਦਿਆ ਪ੍ਰਾਪਤ ਕੀਤੀ। ਖ਼ੂਬ ਮਿਹਨਤ ਕਰਕੇ ਆਪਣੇ ਆਪ ਨੂੰ ਰਾਗ ਨਾਲ ਇਕਮਿਕ ਕਰ ਲਿਆ। ਸ਼ੌਂਕੀ ਨੇ ਸ਼ੁਰੂ ਵਿਚ ਵਾਜੇ (ਹਾਰਮੋਨੀਅਮ) ਅਤੇ ਢੋਲਕ ਨਾਲ ਗਾਇਆ। ‘ਪੰਥ ਰੰਗੀਲੇ ਨੇ ਧੁੰਮਾਂ ਦੇਸ ਪੰਜਾਬ ’ਚ ਪਾਈਆਂ’ ਉਸਦਾ ਢੋਲਕ ਵਾਜੇ ਨਾਲ ਹੀ ਰਿਕਾਰਡ ਹੋਇਆ ਗੀਤ ਹੈ।

ਬਾਅਦ ਵਿਚ ਉਸਨੇ ਢਾਡੀ ਗਾਇਕੀ ਵੱਲ ਮੋੜਾ ਪਾ ਲਿਆ। ਢਾਡੀ ਸਰਵਣ ਸਿੰਘ ਖਰੜ ਅੱਛਰਵਾਲ, (ਹੁਸ਼ਿਆਰਪੁਰ) ਅਤੇ ਮੋਹਣ ਸਿੰਘ ਬਿੰਡਾ (ਡਰੌਲੀ) ਸਾਰੰਗੀ ਮਾਸਟਰ ਦਾ ਸ਼ੌਂਕੀ ਨੂੰ ਇਸ ਪਾਸੇ ਲਿਆਉਣ ਵਿਚ ਵੱਡਾ ਹੱਥ ਰਿਹਾ। ਬੁਲੰਦ ਤੇ ਸੁਰੀਲੀ ਆਵਾਜ਼ ਸਦਕਾ ਥੋੜ੍ਹੇ ਸਮੇਂ ਵਿਚ ਹੀ ਸ਼ੌਂਕੀ ਦੀ ਪ੍ਰਸਿੱਧੀ ਚੁਫੇਰੇ ਫੈਲ ਗਈ। ਹੁਣ ਤਕ ਕਈ ਢਾਡੀਆਂ ਦੀ ਰਿਕਾਰਡਿੰਗ ਹੋ ਚੁੱਕੀ ਸੀ। ਉਨ੍ਹਾਂ ਦੀ ਪ੍ਰਸਿੱਧੀ ਨੂੰ ਦੇਖ ਕੇ ਸ਼ੌਂਕੀ ਹੁਰਾਂ ਨੇ ਵੀ ਰਿਕਾਰਡਿੰਗ ਵੱਲ ਰੁਖ਼ ਕਰ ਲਿਆ। ਪੰਜਵੇਂ ਦਹਾਕੇ ਦੇ ਵਿਚ ਵਿਚਕਾਰ ਜਿਹੇ ਸੰਸਾਰ ਪ੍ਰਸਿੱਧ ਕੰਪਨੀ ਐੱਚ.ਐੱਮ.ਵੀ. ਵਿਚ ਇਨ੍ਹਾਂ ਦੇ ਜਥੇ ਦੀ ਰਿਕਾਰਡਿੰਗ ਸ਼ੁਰੂ ਹੋ ਗਈ। ਇਕੱਠੇ ਚਾਰ ਤਵੇ ਪਹਿਲੀ ਫੇਰੀ ਵਿਚ ਹੀ ਕੰਪਨੀ ਨੇ ਰਿਕਾਰਡ ਕਰ ਲਏ। ਇਨ੍ਹਾਂ ਵਿਚ ‘ਏਥੇ ਕੋਈ ਨਾ ਕਿਸੇ ਦਾ ਬੇਲੀ’, ‘ਜਿਹੜੇ ਪ੍ਰੇਮ ਦੀ ਨਦੀ ਵਿਚ ਤਰਦੇ’, ‘ਚੜ੍ਹਕੇ ਪੌੜੀਆਂ ਦੜਾ ਦੜ ਚੁਬਾਰੇ ਚੜ੍ਹਿਆ’, ‘ਖੰਡਾ ਖਿੱਚਿਆ ਬਿਧੀ ਚੰਦ ਰਾਠ ਨੇ’, ‘ਸਾਹਿਬਾਂ ਵਾਜਾਂ ਮਾਰਦੀ’, ‘ਮਿਰਜ਼ਾ ਆਖੇ ਸਾਹਿਬਾਂ’, ‘ਆਸ਼ਕਾਂ ਨੂੰ ਮਾਰ ਕਰ ਗਈ’ ਅਤੇ ‘ਮਹਿੰਦੀ ਮਹਿੰਦੀ ਸਭ ਕੋਈ ਕਹਿੰਦਾ’ ਸ਼ਾਮਲ ਸਨ। ਇਹ ਰਿਕਾਰਡਿੰਗ ਮੋਹਣ ਸਿੰਘ ਐਂਡ ਸ਼ੌਂਕੀ ਪਾਰਟੀ ਦੇ ਨਾਂ ਹੇਠ ਹੈ। ਇਨ੍ਹਾਂ ਵਿਚੋਂ ‘ਸਾਹਿਬਾਂ ਵਾਜਾਂ ਮਾਰਦੀ’ ਸੱਦ ਨਾਲ ਤਾਂ ਸ਼ੌਂਕੀ ਦਾ ਨਾਂ ਪੰਜਾਬ ਦੇ ਕੋਨੇ ਕੋਨੇ ਵਿਚ ਪਹੁੰਚ ਗਿਆ। ਇਸ ਤੋਂ ਬਾਅਦ ਸ਼ੌਂਕੀ ਹੁਰਾਂ ਦੇ ਉਪਰੋਥਲੀ ਅਨੇਕਾਂ ਤਵੇ ਰਿਕਾਰਡ ਹੋਏ। ਐੱਚ.ਐੱਮ.ਵੀ. ਕੰਪਨੀ ਦੇ ਨਾਲ ਨਾਲ ਕੋਲੰਬੀਆ ਅਤੇ ਦਿ ਟਵਿਨ ਲੇਬਲ ਅਧੀਨ ਵੀ ਸ਼ੌਂਕੀ ਦੀ ਰਿਕਾਰਡਿੰਗ ਮਿਲਦੀ ਹੈ।

ਅਮਰ ਸਿੰਘ ਸ਼ੌਂਕੀ ਨੇ ਕੇਵਲ ਲੋਕ ਗਾਥਾਵਾਂ ਹੀ ਨਹੀਂ ਗਾਈਆਂ, ਸਗੋਂ ਹੋਰ ਬਹੁਤ ਸਾਰੇ ਦੇਸ਼ ਪਿਆਰ ਦੇ, ਸਮਾਜਿਕ ਅਤੇ ਧਾਰਮਿਕ ਗੀਤ ਰਿਕਾਰਡ ਕਰਵਾਏ। ਸ਼ੌਂਕੀ ਨੇ ਬਹੁਤ ਸਾਰੇ ਧਾਰਮਿਕ ਪ੍ਰਸੰਗ ਵੀ ਲਿਖੇ। ਉਸਦੇ ਲਿਖੇ ਗੀਤਾਂ ਵਿਚ ਪੰਜਾਬ ਦੀ ਧਰਤੀ, ਏਥੋਂ ਦੇ ਗੱਭਰੂ ਮੁਟਿਆਰਾਂ, ਹਾਲੀਆਂ ਪਾਲੀਆਂ, ਰਸਮਾਂ ਰਿਵਾਜਾਂ, ਰੁੱਤਾਂ ਆਦਿ ਦਾ ਭਰਵਾਂ ਜ਼ਿਕਰ ਹੈ। ਉਸਦੇ ਲਿਖੇ ਤੇ ਗਾਏ ਗੀਤ ਹਨ:

* ਰਾਂਝਾ ਜੋਗੀ ਬਣ ਗਿਆ, ਕੰਨੀਂ ਮੁੰਦਰਾਂ ਪਾਈਆਂ

* ਰਾਂਝਾ ਆਖੇ ਹੀਰ ਨੂੰ, ਗੱਲ ਸੁਣ ਮੁਟਿਆਰੇ

* ਮਿਰਜ਼ਾ ਆਖੇ ਸਾਹਿਬਾਂ ਗੱਲ ਸੁਣ ਨੀਂ ਪਰੀਏ

* ਸੁਣ ਕੇ ਮਿਰਜ਼ੇ ਦੀ ਗੱਲ ਸਾਹਿਬਾਂ ਜੱਟੀ ਬੋਲਦੀ

* ਰਾਣੀ ਸੁੰਦਰਾਂ ਦੇ ਮਹਿਲਾਂ ਹੇਠ ਆਣਕੇ, 

    ਪੂਰਨ ਦਿੱਤੀ ਅਲਖ ਜਗਾ

* ਰਾਣੀ ਸੁੰਦਰਾਂ ਬੇਨਤੀ ਕਰਦੀ, ਜੋਗੀ ਦੀ ਬਾਂਹ ਫੜਕੇ

* ਦੋ ਤਾਰਾ ਵੱਜਦਾ ਵੇ, ਰਾਂਝਣਾ ਨੂਰ ਮਹਿਲ ਦੀ ਮੋਰੀ

* ਵਜਾ ਜੋਗੀਆ ਵੇ, ਰਸ ਭਿੰਨੀਭਿੰਨੀ ਬੀਨ

* ਚਿੱਠੀਆਂ ਦਰਦਾਂ ਦੀਆਂ ਲਿਖ ਸੱਜਣਾਂ ਵੱਲ ਪਾਈਆਂ

* ਚੜਿ੍ਹਆ ਚੇਤ ਚਿੱਤ ਲੱਗੀ ਉਦਾਸੀ, 

    ਆਈ ਜਵਾਨੀ ਝੱਲ ਮਸਤਾਨੀ

* ਸਾਵਣ ਚੜਿ੍ਹਆ ਤੀਆਂ ਆਈਆਂ,

    ਪਿੱਪਲਾਂ ਦੇ ਨਾਲ ਪੀਂਘਾਂ ਪਾਈਆਂ

    ਨੀਂ ਵਾਹ ਧਰਤੀ ਪੰਜਾਬ ਦੀਏ

* ਆ ਮੁੰਡਿਆ ਦੇਸ ਪੰਜਾਬ ਦਿਆ

* ਦੁਨੀਆਂ ਮਤਲਬ ਦੀ ਏਥੇ ਕੋਈ ਨਾ ਕਿਸੇ ਦਾ ਬੇਲੀ

ਊਨ੍ਹਾਂ ਵੱਲੋਂ ਗਾਏ ਧਾਰਮਿਕ ਗੀਤਾਂ ਵਿਚ ਸ਼ਾਮਲ ਹਨ:

* ਛੋਟੇ ਲਾਲ ਦੋ ਪਿਆਰੇ, ਵਿੱਛੜੇ ਸਰਸਾ ਦੇ ਕਿਨਾਰੇ

* ਨੀਲੇ ਘੋੜੇ ਵਾਲਿਆ ਵਾਹ ਛੈਲ ਜੁਆਨਾਂ

* ਲੰਘਣਾ ਜੇ ਪ੍ਰੇਮ ਦੀ ਗਲੀ, 

   ਆਜਾ ਸੀਸ ਨੂੰ ਤਲੀ ’ਤੇ ਧਰਕੇ

* ਮਾਰੀ ਨਾਗਣੀ ਬਚਿੱਤਰ ਸਿੰਘ ਰਾਠ ਨੇ

ਹੋਰ ਅਨੇਕਾਂ ਗੀਤ ਜੋ ਬਜ਼ੁਰਗ ਪੀੜ੍ਹੀ ਦੇ ਮੂੰਹ ਚੜ੍ਹੇ ਹੋਏ ਹਨ ਉਹ ਇਨ੍ਹਾਂ ਰਾਹੀਂ ਅੱਜ ਵੀ ਸ਼ੌਂਕੀ ਨੂੰ ਯਾਦ ਕਰਦੇ ਰਹਿੰਦੇ ਹਨ। ਪੰਜਾਬ ਦੇ ਢਾਡੀਆਂ ਵਿਚ ਸ਼ੌਂਕੀ ਦਾ ਸਥਾਨ ਮੂਹਰਲੀ ਕਤਾਰ ਵਿਚ ਰਿਹਾ ਹੈ। ਇਕ ਢਾਡੀ ਵਜੋਂ ਪੰਜਾਬ ਦੀ ਧਾਰਮਿਕ ਵਿਰਾਸਤ ਨੂੰ ਸਾਂਭਣ ਵਿਚ ਸ਼ੌਂਕੀ ਨੇ ਵੱਡਮੁੱਲਾ ਹਿੱਸਾ ਪਾਇਆ ਹੈ। ਜਦੋਂ ਵੀ ਢਾਡੀ ਇਤਿਹਾਸ ਦੀ ਗੱਲ ਚੱਲੇਗੀ ਤਾਂ ਸ਼ੌਂਕੀ ਦੇ ਜ਼ਿਕਰ ਤੋਂ ਬਿਨਾਂ ਇਹ ਅਧੂਰੀ ਰਹੇਗੀ। ਸ਼ੌਂਕੀ ਨੂੰ ਢਾਡੀ ਰਾਗ ਦੀਆਂ ਬਰੀਕੀਆਂ ਦੀ ਪੂਰੀ ਸਮਝ ਸੀ। ਇਸ ਲਈ ਉਸਨੇ ਇਸ ਨਾਲ ਸਬੰਧਤ ਹਰ ਤਰਜ਼ ਦੇ ਤੇ ਹਰ ਰੰਗ ਦੇ ਗੀਤ ਲਿਖੇ ਤੇ ਗਾਏ। ਸ਼ੌਂਕੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਉਸਦੀ ਮੌਲਿਕਤਾ ਹੈ। ਠੇਠ ਮੁਹਾਵਰੇ ਵਾਲੀ ਸਾਦਾ ਤੇ ਸਰਲ ਬੋਲੀ ਉਸਦੀ ਸ਼ਾਇਰੀ ਨੂੰ ਵਿਲੱਖਣਤਾ ਪ੍ਰਦਾਨ ਕਰਦੀ ਹੈ।

ਜਦੋਂ ਵੀ ਕਿਧਰੇ ਪਤਾ ਲੱਗਦਾ ਸੀ ਕਿ ਫਲਾਣੇ ਪਿੰਡ ਸ਼ੌਂਕੀ ਆ ਰਿਹਾ ਹੈ ਤਾਂ ਲੋਕ ਵਹੀਰਾਂ ਘੱਤ ਕੇ ਤੁਰ ਪੈਂਦੇ ਸਨ ਤੇ ਅਖਾੜੇ ਤੋਂ ਮਗਰੋਂ ਕਈ ਕਈ ਦਿਨ ਚਰਚਾ ਹੁੰਦੀ ਰਹਿੰਦੀ ਸੀ ਬਈ ਸ਼ੌਂਕੀ, ਸ਼ੌਂਕੀ ਈ ਐ।

ਸ਼ੌਂਕੀ ਨੂੰ ਪੰਜਾਬੀ ਸੱਭਿਆਚਾਰ ਨਾਲ, ਪੰਜਾਬੀ ਬੋਲੀ ਨਾਲ ਤੇ ਪੰਜਾਬ ਨਾਲ ਅੰਤਾਂ ਦਾ ਮੋਹ ਸੀ। ਉਸ ਨੇ ਲਗਭਗ ਪੰਜਾਹ ਸਾਲ ਸ਼ਾਇਰੀ ਨਾਲ ਤੇ ਗਾਇਕੀ ਨਾਲ ਮਾਂ ਬੋਲੀ ਦੀ ਸੇਵਾ ਕੀਤੀ। ਸਿਰਫ਼ ਦੇਸ ਵਿਚ ਹੀ ਨਹੀਂ ਸਗੋਂ ਵਿਦੇਸ਼ ਵਿਚ ਜਾ ਕੇ ਵੀ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਬੋਲੀ ਦਾ ਪ੍ਰਚਾਰ ਕੀਤਾ। ਉਹ ਆਪਣੇ ਜਥੇ ਸਮੇਤ 1980 ਵਿਚ ਇੰਗਲੈਂਡ ਗਿਆ। ਉੱਥੇ ਆਪਣੀ ਕਲਾ ਦੇ ਜੌਹਰ ਦਿਖਾ ਕੇ ਵਾਹਵਾਹ ਖੱਟੀ ਤੇ ਪੰਜਾਬ ਦਾ ਸਿਰ ਉੱਚਾ ਕੀਤਾ। ਉਹ ਇਕ ਸਾਦਾ ਸੁਭਾਅ ਵਾਲਾ, ਸਾਫ਼ ਦਿਲ ਤੇ ਫੱਕਰ ਕਲਾਕਾਰ ਸੀ। ਉਸਨੂੰ ਕਿਸੇ ਕਲਾਕਾਰ ਨਾਲ ਸਾੜਾ ਜਾਂ ਈਰਖਾ ਨਹੀਂ ਸੀ। ਸਗੋਂ ਉਹ ਕਲਾਕਾਰਾਂ ਦੀ ਕਦਰ ਕਰਦਾ ਸੀ। ਉਸਦਾ ਆਪਣਾ ਜ਼ਿੰਦਗੀ ਦਾ ਇਕ ਨਜ਼ਰੀਆ ਸੀ ਜਿਸ ਅਨੁਸਾਰ ਉਹ ਜਿਉਣਾ ਲੋਚਦਾ ਸੀ ਤੇ ਜੀਵਿਆ ਵੀ। ਉਹ ਕਹਿੰਦਾ ਸੀ:

ਦੋ ਦਿਨ ਘੱਟ ਜਿਉਣਾ ਪਰ ਜਿਉਣਾ ਅਣਖ ਦੇ ਨਾਲ

ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜ੍ਹਕ ਦੇ ਨਾਲ

ਸ਼ੌਂਕੀ ਦੀ ਇਹ ਤਮੰਨਾ ਸੀ ਕਿ ਉਹ ਆਪਣੇ ਲਿਖੇ ਗੀਤਾਂ ਨੂੰ ਹੋਰ ਵੱਧ ਰਿਕਾਰਡ ਕਰਵਾਏ ਅਤੇ ਉਨ੍ਹਾਂ ਨੂੰ ਕਿਤਾਬੀ ਰੂਪ ਦੇਵੇ, ਪਰ ਰੱਬ ਦੀ ਰਜ਼ਾ ਅਨੁਸਾਰ 14 ਅਗਸਤ 1981 ਨੂੰ 65 ਸਾਲਾਂ ਦੀ ਉਮਰ ਪੂਰੀ ਕਰਕੇ ਪੰਜਾਬ ਦਾ ਇਹ ਅਨਮੋਲ ਹੀਰਾ ਸਾਥੋਂ ਸਦਾ ਲਈ ਖੁੱਸ ਗਿਆ। ਇਸ ਵੇਲੇ ਉਸਦੇ ਤਿੰਨ ਪੁੱਤਰਾਂ ਵਿਚੋਂ ਇਕ ਸਵਰਾਜ ਸਿੰਘ ਸ਼ੌਂਕੀ ਰੱਬ ਨੂੰ ਪਿਆਰਾ ਹੋ ਗਿਆ, ਦੂਜਾ ਪਰਗਟ ਸਿੰਘ ਆਪਣੇ ਪਿਤਾ ਦੇ ਪਾਏ ਪੂਰਨਿਆਂ ’ਤੇ ਚੱਲਦਾ ਹੋਇਆ ਢਾਡੀ ਕਲਾ ਨਾਲ ਜੁੜਿਆ ਰਿਹਾ ਹੈ ਅਤੇ ਸਾਲ 2016 ਵਿਚ ਉਸ ਦੀ ਮੌਤ ਹੋ ਗਈ। ਇਸ ਪਰਿਵਾਰ ਵਿਚੋਂ ਸ਼ੌਂਕੀ ਦਾ ਪੋਤਰਾ (ਪੁੱਤਰ ਪਰਗਟ ਸਿੰਘ) ਇਸ ਖੇਤਰ ਵਿਚ ਕੋਸ਼ਿਸ਼ ਕਰ ਰਿਹਾ ਹੈ। ਸਾਰਿਆਂ ਤੋਂ ਛੋਟਾ ਪੁੱਤਰ ਜਸਪਾਲ ਸਿੰਘ ਸ਼ੌਂਕੀ ਅਧਿਆਪਕ ਵਜੋਂ ਆਪਣੇ ਫ਼ਰਜ਼ ਨਿਭਾ ਰਿਹਾ ਹੈ। 

ਭਾਵੇਂ ਕਈ ਸਾਲ ਪਹਿਲਾਂ ਢਾਡੀ ਅਮਰ ਸਿੰਘ ਸ਼ੌਂਕੀ ਯਾਦਗਾਰੀ ਟਰੱਸਟ, ਮਹਿਲਪੁਰ ਸਥਾਪਿਤ ਹੋਇਆ ਸੀ। ਇਸ ਟਰੱਸਟ ਦਾ ਮੰਤਵ ਸ਼ੌਂਕੀ ਦੀਆਂ ਕਿਰਤਾਂ ਨੂੰ ਸਾਂਭਣਾ ਅਤੇ ਲੋਕਾਂ ਤਕ ਪਹੁੰਚਾਉਣਾ ਸੀ। ਇਸ ਉਦੇਸ਼ ਦੀ ਪੂਰਤੀ ਲਈ ਟਰੱਸਟ ਨੇ ਕੁਝ ਪ੍ਰੋਗਰਾਮ ਵੀ ਕਰਵਾਏ। ਬਾਅਦ ਵਿਚ ਆਪਸੀ ਖਿੱਚੋਤਾਣ ਕਾਰਨ ਟਰੱਸਟ ਕੋਈ ਜ਼ਿਕਰਯੋਗ ਪ੍ਰਾਪਤੀ ਨਹੀਂ ਕਰ ਸਕਿਆ।  ਇਸ ਪਾਸੇ ਨਿੱਗਰ ਯਤਨਾਂ ਦੀ ਜ਼ਰੂਰਤ ਹੈ।

ਸੰਪਰਕ : 84271-00341

Advertisement
Tags :
ਸਿੰਘਸ਼ੌਂਕੀਗਾਇਕੀਢਾਡੀਪੰਜਾਬੀਪ੍ਰਫੁੱਲਿਤਵਾਲਾ