ਵਿਕਾਸ ਕਾਰਜਾਂ ਨੇ ਰੋਕੇ ਲੁਧਿਆਣਾ ਵਾਸੀਆਂ ਦੇ ਰਾਹ
ਟ੍ਰਬਿਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਜੁਲਾਈ
ਫਿਰੋਜ਼ਪੁਰ ਰੋਡ ’ਤੇ ਬਣਾਏ ਜਾ ਰਹੇ ਪੁਲ ’ਤੇ ਭਾਰਤ ਨਗਰ ਚੌਕ ’ਚ ਪਿੱਲਰ ਰੱਖਣ ਦਾ ਕੰਮ ਕਰਨ ਲਈ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ। ਆਵਾਜਾਈ ਬੰਦ ਕਰਨ ਦਾ ਮੰਗਲਵਾਰ ਨੂੰ ਦੂਜਾ ਦਨਿ ਸੀ। ਭਾਰਤ ਨਗਰ ਚੌਕ ’ਚ ਆਵਾਜਾਈ ਬੰਦ ਹੋਣ ਕਾਰਨ ਸ਼ਹਿਰ ਦੇ ਹਰ ਪਾਸੇ ਜਾਮ ਸਨ। ਭਾਰਤ ਨਗਰ ਚੌਕ ਵੱਲ ਜਾਣ ਵਾਲੀ ਹਰ ਸੜਕ ’ਤੇ ਜਾਮ ਸੀ ਤੇ ਨਾਲ ਦੀ ਨਾਲ ਅੰਦਰੂਨੀ ਸੜਕਾਂ ’ਤੇ ਵੀ ਆਵਾਜਾਈ ਜਾਮ ਦੀ ਇੰਨੀ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ ਕਿ ਪੁਲੀਸ ਲਈ ਉਸ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੋ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਲੁਧਿਆਣਾ ਪੁਲੀਸ ਵੱਲੋਂ ਬਣਾਈ ਆਵਾਜਾਈ ਰੂਟ ਤਬਦੀਲੀ ਯੋਜਨਾ ਵੀ ਪੂਰੀ ਤਰ੍ਹਾਂ ਅਸਫ਼ਲ ਹੋ ਗਈ ਹੈ। ਜਾਮ ’ਚ ਕਾਫ਼ੀ ਸਮੇਂ ਤੱਕ ਫਸਣ ਕਾਰਨ ਲੋਕਾਂ ਨੂੰ ਵੀ ਪ੍ਰੇਸ਼ਾਨੀ ਹੋ ਰਹੀ ਹੈ। ਰਹਿੰਦੀ ਕਸਰ ਹੁੰਮਸ ਭਰੀ ਗਰਮੀ ਕੱਢ ਰਹੀ ਹੈ।
ਭਾਰਤ ਨਗਰ ਚੌਕ ’ਚ ਪੁਲ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇੱਥੇ ਪੁਲ ’ਤੇ ਪਿੱਲਰ ਰੱਖਣ ਦੇ ਕੰਮ ਕਰ ਕੇ ਦੋ ਮਹੀਨਿਆਂ ਲਈ ਭਾਰਤ ਨਗਰ ਚੌਕ ਵੱਲ ਜਾਣ ਵਾਲੀ ਆਵਾਜਾਈ ਬੰਦ ਕੀਤੀ ਗਈ ਹੈ। ਹਾਲਾਂਕਿ ਕੰਪਨੀ ਦੇ ਮੁਲਾਜ਼ਮਾਂ ਨਾਲ ਮਿਲ ਕੇ ਪੁਲੀਸ ਨੇ ਬਦਲਵਾਂ ਰਸਤਾ ਤਿਆਰ ਕੀਤਾ ਸੀ, ਪਰ ਦੂਜੇ ਦਨਿ ਵੀ ਜਾਮ ਵਾਲੀ ਸਥਿਤੀ ਬਣ ਗਈ। ਭਾਰਤ ਨਗਰ ਚੌਕ ਕੋਲ ਤਾਂ ਜਾਮ ਹੈ ਹੀ, ਨਾਲ ਹੀ ਅੰਦਰੂਨੀ ਇਲਾਕਿਆਂ ’ਚ ਵੀ ਜਾਮ ਲੱਗਣਾ ਸ਼ੁਰੂ ਹੋ ਗਿਆ ਹੈ। ਪੁਲੀਸ ਮੁਲਾਜ਼ਮ ਆਵਾਜਾਈ ਬਹਾਲ ਕਰਵਾਉਣੀ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।
ਜਗਰਾਉਂ ਪੁਲ ਤੋਂ ਲੈ ਕੇ ਮੁੱਖ ਸੜਕਾਂ ’ਤੇ ਸਾਰੇ ਪਾਸੇ ਜਾਮ
ਜਗਰਾਉਂ ਪੁਲ ਤੋਂ ਭਾਰਤ ਨਗਰ ਚੌਕ ਵੱਲ ਜਾਣ ਵਾਲੇ ਲੋਕਾਂ ਨੂੰ ਜਾਮ ’ਚੋਂ ਲੰਘਣਾ ਪੈ ਰਿਹਾ ਹੈ। ਦੁਰਗਾ ਮਾਤਾ ਮੰਦਰ ਰੋਡ ’ਤੇ ਵੀ ਜਾਮ ਅਤੇ ਅੱਗੇ ਫੁਆਰਾ ਚੌਕ ਵੀ ਪੂਰੀ ਤਰ੍ਹਾਂ ਜਾਮ ਹੈ। ਫੁਆਰਾ ਚੌਕ ਨੂੰ ਛੇ ਸੜਕਾਂ ਲੱਗੀਆਂ ਹਨ, ਇਨ੍ਹਾਂ 6 ਸੜਕਾਂ ’ਤੇ ਵੀ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਇਸੇ ਤਰ੍ਹਾਂ ਦੰਡੀ ਸਵਾਮੀ ਚੌਕ, ਹੈਬੋਵਾਲ ਚੌਕ, ਡੀਐਮਸੀ ਹਸਪਤਾਲ ਦੇ ਕੋਲ, ਮਹਾਰਾਜ ਨਗਰ, ਪੱਖੋਵਾਲ ਰੋਡ ਦੇ ਨਾਲ ਨਾਲ ਆਰਤੀ ਚੌਕ ਤੋਂ ਲੰਘਣ ਵਾਲੀਆਂ ਅੰਦਰੂਨੀ ਸੜਕਾਂ ’ਤੇ ਵੀ ਜਾਮ ਦੀ ਸਥਿਤੀ ਬਣੀ ਹੋਈ ਹੈ। ਖੱਜਲ ਹੋ ਰਹੇ ਲੋਕਾਂ ਨੇ ਕਿਹਾ ਕਿ ਜੇਕਰ ਪੁਲ ਦੀ ਉਸਾਰੀ ਕਰਨੀ ਸੀ ਤਾਂ ਪੁਲੀਸ ਨੂੰ ਲੋਕਾਂ ਦੀ ਸਮੱਸਿਆ ਘਟਾਉਣ ਵਾਲੀ ਯੋਜਨਾ ਬਣਾਉਂਦੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਵਿਉਂਤਬੰਦੀ ਦੀ ਘਾਟ ਕਾਰਨ ਵੱਡੀਆਂ ਗੱਡੀਆਂ ਰਿਹਾਇਸ਼ੀ ਇਲਾਕਿਆਂ ’ਚੋਂ ਲੰਘ ਰਹੀਆਂ ਹਨ।